Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਕੌਰੀਡੋਰ ਦਾ ਇਕ ਸਾਲ ੲ ਦਰਸ਼ਨਾਂ ਲਈ ਧੁੱਸੀ ਬੰਨ੍ਹ ‘ਤੇ ਪਹੁੰਚੀ ਸੰਗਤ ਬੋਲੀ

ਕਰਤਾਰਪੁਰ ਕੌਰੀਡੋਰ ਦਾ ਇਕ ਸਾਲ ੲ ਦਰਸ਼ਨਾਂ ਲਈ ਧੁੱਸੀ ਬੰਨ੍ਹ ‘ਤੇ ਪਹੁੰਚੀ ਸੰਗਤ ਬੋਲੀ

ਦੂਰ ਤੋਂ ਦਰਸ਼ਨ ਕਰਨ ਲਈ ਨਹੀਂ ਬਣਿਆ ਕਰਤਾਰਪੁਰ ਸਾਹਿਬ!
ਕੌਰੀਡੋਰ ਜਲਦ ਖੋਲ੍ਹੇ ਭਾਰਤ ਸਰਕਾਰ
ਡੇਰਾ ਬਾਬਾ ਨਾਨਕ : ਭਾਰਤ-ਪਾਕਿ ਸਰਹੱਦ ‘ਤੇ ਬਣੇ ਕਰਤਾਰਪੁਰ ਕੌਰੀਡੋਰ ਦਾ ਇਕ ਸਾਲ ਪੂਰਾ ਹੋਣ ‘ਤੇ ਵੀ ਦੂਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੀ ਸੰਗਤ ਵਿਚ ਨਿਰਾਸ਼ਾ ਹੈ। ਸੰਗਤ ਨੇ ਦਰਸ਼ਨ ਸਥਲ ਅਤੇ ਦੂਰ ਤੋਂ ਦਰਸ਼ਨ ਕਰਨ ਲਈ ਦੂਰਬੀਨ ਦਾ ਪ੍ਰਬੰਧ ਵੀ ਨਾ ਹੋਣ ‘ਤੇ ਰੋਸ ਪ੍ਰਗਟ ਕੀਤਾ। ਸੰਗਤ ਦੀ ਮੰਗ ਹੈ ਕਿ ਕਰਤਾਰਪੁਰ ਕੌਰੀਡੋਰ ਜੋ ਕਰੋਨਾ ਦੇ ਕਾਰਨ ਬੰਦ ਕੀਤਾ ਗਿਆ ਸੀ, ਉਸ ਨੂੰ ਭਾਰਤ ਸਰਕਾਰ ਵਲੋਂ ਦੁਬਾਰਾ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ। ਦੂਜੇ ਪਾਸੇ, ਕੌਰੀਡੋਰ ਨੂੰ ਬਣੇ ਇਕ ਸਾਲ ਹੋਣ ਦੇ ਬਾਵਜੂਦ ਇੰਟੀਗਰੇਡ ਚੈਕ ਪੋਸਟ ਦੇ ਅੰਦਰ ਨਿਰਮਾਣ ਦਾ ਕੰਮ ਅਜੇ ਚੱਲ ਹੀ ਰਿਹਾ ਹੈ।
ਲੰਬੀ ਅਰਦਾਸ ਤੋਂ ਬਾਅਦ ਸੰਭਵ ਹੋਏ ਸਨ ਦਰਸ਼ਨ
ਦਰਸ਼ਨ ਕਰਨ ਆਏ ਸਰਬਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ ਤਾਂ ਕਰਤਾਰਪੁਰ ਕੌਰੀਡੋਰ ਵੀ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਪਹਿਲਾਂ ਵੀ ਇਸ ਕੌਰੀਡੋਰ ਨੂੰ ਖੋਲ੍ਹਣਾ ਨਹੀਂ ਚਾਹੁੰਦੀ ਸੀ। ਕਰਤਾਰਪੁਰ ਕੌਰੀਡੋਰ ਖੋਲ੍ਹਣ ਲਈ ਲੰਬੇ ਸਮੇਂ ਤੋਂ ਅਰਦਾਸ ਕੀਤੀ ਗਈ ਹੈ। ਅਰਦਾਸ ਕਰਕੇ ਹੀ ਇਹ ਸਭ ਕੁਝ ਸੰਭਵ ਹੋਇਆ ਸੀ।
ਲਾਂਘਾ ਖੋਲ੍ਹ ਕੇ ਖੁੱਲ੍ਹਦਿਲੀ ਦਾ ਸਬੂਤ ਦੇਵੇ ਕੇਂਦਰ ਸਰਕਾਰ : ਗਿਆਨੀ ਹਰਪ੍ਰੀਤ ਸਿੰਘ
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹ ਕੇ ਖੁੱਲ੍ਹਦਿਲੀ ਦਾ ਸਬੂਤ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਸਰਕਾਰਾਂ ਸ਼ਾਂਤੀ ਸਥਾਪਤ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਇਕੋ ਇਕ ਬਦਲ ਹੈ।
ਪਾਕਿ ‘ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ
ਅੰਮ੍ਰਿਤਸਰ : ਭਾਰਤ ਤੇ ਪਾਕਿਸਤਾਨ ਸਰਕਾਰ ਵਲੋਂ ਸਾਂਝੇ ਤੌਰ ‘ਤੇ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦਾ ਇਕ ਵਰ੍ਹਾ ਮੁਕੰਮਲ ਹੋਣ ‘ਤੇ ਸੋਮਵਾਰ 9 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀ ਪਹਿਲੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਕਰੋਨਾ ਸੰਕਟ ਕਾਰਨ ਭਾਰਤ ਵਲੋਂ ਲਾਂਘਾ ਨਾ ਖੋਲ੍ਹੇ ਜਾਣ ਕਰਕੇ ਭਾਰਤੀ ਸੰਗਤ ਇਸ ਮੌਕੇ ਰੱਖੇ ਸਮਾਗਮਾਂ ਵਿਚ ਸ਼ਿਰਕਤ ਨਹੀਂ ਕਰ ਸਕੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਤੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਏ ਗਏ ਇਸ ਦਿਹਾੜੇ ਦੀ ਸ਼ੁਰੂਆਤ ਹਵਾ ਵਿਚ ਕਬੂਤਰ ਅਤੇ ਗੁਬਾਰੇ ਉਡਾ ਕੇ ਕੀਤੀ ਗਈ। ਇਸ ਉਪਰੰਤ ਕੇਕ ਵੀ ਕੱਟਿਆ ਗਿਆ। ਪਾਕਿਸਤਾਨੀ ਰਾਸ਼ਟਰੀ ਝੰਡੇ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਹਰੇ-ਚਿੱਟੇ ਰੰਗ ਦੇ ਇਸ ਕੇਕ ਉਤੇ ‘ਪਹਿਲੀ ਵਰ੍ਹੇਗੰਢ ਕਰਤਾਰਪੁਰ ਸਾਹਿਬ ਕੋਰੀਡੋਰ’ ਲਿਖਿਆ ਗਿਆ ਸੀ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕਰਾਏ ਸੈਮੀਨਾਰ ਵਿਚ ਲਾਂਘੇ ਦੀ ਉਸਾਰੀ ਕਰਨ ਵਾਲੇ ਇੰਜੀਨੀਅਰਾਂ, ਬਿਜਲੀ ਦਾ ਕੰਮ ਕਰਨ ਵਾਲੇ, ਸੰਗਮਰਮਰ ਦੀ ਉਸਾਰੀ ਕਰਨ ਵਾਲੇ, ਆਰਕੀਟੈਕਟ, ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਤੇ ਉਸਾਰੀ ਨਾਲ ਸਬੰਧਿਤ ਹੋਰ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਨੇ ਲਾਂਘੇ ਬਾਰੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਲਾਂਘੇ ਦੀ ਜਿਸ ਉਸਾਰੀ ਨੂੰ ਤਿੰਨ ਸਾਲ ਵਿਚ ਵੀ ਮੁਕੰਮਲ ਕਰਨਾ ਸੰਭਵ ਨਹੀਂ ਸੀ, ਉਹ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ’ ਪ੍ਰੋਜੈਕਟ ਅਧੀਨ ਫ਼ਰੰਟੀਅਰ ਵਰਕਸ ਐਸੋਸੀਏਸ਼ਨ (ਐਫ.ਡਬਲਿਊ.ਓ.), ਐਮ.ਕੇ.ਬੀ. ਤੇ ਹੋਰਨਾਂ ਦੇ ਸਹਿਯੋਗ ਨਾਲ ਸਿਰਫ਼ 11 ਮਹੀਨਿਆਂ ਵਿਚ ਮੁਕੰਮਲ ਕੀਤੀ ਗਈ ਹੈ। ਸੈਮੀਨਾਰ ‘ਚ ਈ.ਟੀ.ਪੀ.ਬੀ. ਦੇ ਸਕੱਤਰ ਤਾਰਿਕ ਵਜੀਰ, ਨਾਰੋਵਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਤਾਰਿਕ ਯੂਨਸ, ਪੀਰ ਤਬੱਸਮ, ਐਮ.ਪੀ.ਏ. ਰਮੇਸ਼ ਸਿੰਘ ਅਰੋੜਾ, ਪੀ.ਐਸ.ਜੀ.ਪੀ.ਸੀ. ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਇੰਦਰਜੀਤ ਸਿੰਘ ਅਰੋੜਾ, ਰਵਿੰਦਰ ਸਿੰਘ ਆਦਿ ਸਮੇਤ ਸ੍ਰੀ ਨਨਕਾਣਾ ਸਾਹਿਬ, ਸ਼ੇਖੂਪੁਰਾ, ਲਾਹੌਰ, ਸਿਆਲਕੋਟ, ਨਾਰੋਵਾਲ, ਪਿਸ਼ਾਵਰ, ਹਸਨ ਅਬਦਾਲ ਤੇ ਹੋਰਨਾਂ ਪਾਕਿਸਤਾਨੀ ਸ਼ਹਿਰਾਂ ਤੋਂ 500 ਦੇ ਲਗਪਗ ਸੰਗਤ, ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੇ ਪਾਕਿ ਮੀਡੀਆ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਗਏ।
ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਰੂਪ ਵਿਚ ਪਾਕਿ ਸਰਕਾਰ ਨੇ ਸਮੁੱਚੇ ਸਿੱਖ ਜਗਤ ਨੂੰ ਇਕ ਅਮੁਲ ਤੋਹਫ਼ਾ ਦਿੱਤਾ ਹੈ ਅਤੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਲਾਂਘੇ ਦੀ ਵਰ੍ਹੇਗੰਢ ਅਗਾਂਹ ਵੀ ਹਰ ਸਾਲ ਭਾਰੀ ਉਤਸ਼ਾਹ ਨਾਲ ਮਨਾਈ ਜਾਂਦੀ ਰਹੇਗੀ। ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦਾਂ ਦੀ ਬੰਦਿਸ਼ ਹਟਾ ਕੇ ਸਿੱਖ ਕੌਮ ਦੇ ਜ਼ਖ਼ਮਾਂ ‘ਤੇ ਜੋ ਮਲ੍ਹਮ ਲਗਾਈ ਹੈ, ਉਸ ਲਈ ਸਿੱਖ ਕੌਮ ਹਮੇਸ਼ਾ ਭਾਰਤ ਤੇ ਪਾਕਿ ਸਰਕਾਰ ਦੀ ਰਿਣੀ ਰਹੇਗੀ।
ਡੇਰਾ ਬਾਬਾ ਨਾਨਕ ‘ਚ ਸਿੱਖ ਜਥੇਬੰਦੀਆਂ ਵਲੋਂ ਸਮਾਗਮ
ਅੰਮ੍ਰਿਤਸਰ : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਾਏ ਲਾਂਘੇ ਦੀ ਪਹਿਲੀ ਵਰ੍ਹੇਗੰਢ ਮਨਾਉਂਦਿਆਂ ਦਲ ਖਾਲਸਾ ਅਤੇ ਸਹਿਯੋਗੀ ਜਥੇਬੰਦੀਆਂ ਨੇ ਲਾਂਘੇ ਦੀ ਹੱਦ ਡੇਰਾ ਬਾਬਾ ਨਾਨਕ ‘ਚ ਸਮਾਗਮ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 30 ਨਵੰਬਰ ਨੂੰ ਆ ਰਹੇ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ।
ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਕੀਰਤਨ ਕੀਤਾ ਅਤੇ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਕੇਵਲ ਸਿੰਘ ਸਮੇਤ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 16 ਮਾਰਚ ਨੂੰ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਜੂਨ ਮਹੀਨੇ ਵਿੱਚ ਲਾਂਘਾ ਮੁੜ ਸ਼ੁਰੂ ਕਰਨ ਦੀ ਤਜਵੀਜ਼ ਦਿੱਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਭਾਰਤ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਸਰਗਰਮੀਆਂ ਪਹਿਲਾਂ ਵਾਂਗ ਸ਼ੁਰੂ ਹੋ ਗਈਆਂ ਹਨ ਪਰ ਸਿੱਖਾਂ ਲਈ ਪਹਿਲੀ ਵਰ੍ਹੇਗੰਢ ਮੌਕੇ ਲਾਂਘਾ ਅਜੇ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਲਾਂਘੇ ਨੂੰ ਬੰਦ ਰੱਖਣ ਦਾ ਬਹਾਨਾ ਜਾਂ ਕਾਰਨ ਨਹੀਂ ਹੋਣਾ ਚਾਹੀਦਾ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਈ ਦਹਾਕਿਆਂ ਦੀ ਲੰਮੀ ਉਡੀਕ ਮਗਰੋਂ ਪਿਛਲੇ ਵਰ੍ਹੇ ਸਿੱਖਾਂ ਦੀ ਲਾਂਘਾ ਖੁੱਲ੍ਹਣ ਦੀ ਇਹ ਮੰਗ ਪੂਰੀ ਹੋਈ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸਿੱਖ ਲੀਡਰਸ਼ਿਪ ਲਾਂਘਾ ਖੋਲ੍ਹਣ ਲਈ ਭਾਰਤ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਪਰ ਮੋਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।

Check Also

ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ

45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …