Breaking News
Home / ਰੈਗੂਲਰ ਕਾਲਮ / ‘ਨਾਨਕ ਸ਼ਾਹ ਫਕੀਰ’-ਬਾਬਾ ਨਾਨਕ ਸਭ ਦਾ ਪਰ ਉਸ ਅਨੁਸਾਰ ਚੱਲਦਾ ਕੋਈ ਨਹੀਂ

‘ਨਾਨਕ ਸ਼ਾਹ ਫਕੀਰ’-ਬਾਬਾ ਨਾਨਕ ਸਭ ਦਾ ਪਰ ਉਸ ਅਨੁਸਾਰ ਚੱਲਦਾ ਕੋਈ ਨਹੀਂ

ਦੀਪਕ ਸ਼ਰਮਾ ਚਨਾਰਥਲ, 98152-52959
‘ਨਾਨਕ ਸ਼ਾਹ ਫਕੀਰ’ ਸੱਚ ਮੁੱਚ ਫਕੀਰ ਹੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ। ਆਪਣੇ ਲਈ ਕੁਝ ਸੋਚਿਆ ਹੀ ਨਹੀਂ, ਆਪਣੇ ਲਈ ਕੁਝ ਸਾਂਭਿਆ ਹੀ ਨਹੀਂ, ਆਪਣੇ ਲਈ ਕੁਝ ਰੱਖਿਆ ਹੀ ਨਹੀਂ, ਸਭ ਕੁਝ ਵੰਡ ਦਿੱਤਾ ਲੋਕਾਈ ਨੂੰ, ਸਭ ਕੁਝ ਬਿਖੇਰ ਦਿੱਤਾ ਕਾਇਨਾਤ ਵਿਚ ਤਾਂ ਜੋ ਪਿਆਰ, ਸਾਂਝੀਵਾਲਤਾ, ਇਕਸਾਰਤਾ ਉਪਜ ਸਕੇ ਤੇ ਸਮਾਜ ਜਾਤ-ਪਾਤ, ਊਚ-ਨੀਚ, ਧਰਮ ਤੇ ਵਹਿਮਾਂ-ਭਰਮਾਂ ਵਿਚੋਂ ਬਾਹਰ ਨਿਕਲ ਕੇ ਨਰੋਆ ਹੋ ਸਕੇ। ਸ਼ਾਇਦ ਦੁਨੀਆ ਦੇ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇਕੋ-ਇਕ ਅਜਿਹੇ ਇਨਸਾਨੀ ਜਾਮੇ ਵਿਚ ਜਨਮ ਲੈਣ ਵਾਲੇ ਰੱਬ ਦੇ ਬੰਦੇ ਹੋਣਗੇ ਜਿਨ੍ਹਾਂ ਨੂੰ ਉਸ ਸਮੇਂ ਮੁਸਲਮਾਨ ਆਪਣਾ ਪੀਰ ਮੰਨਦੇ ਸਨ ਤੇ ਹਿੰਦੂ ਆਪਣਾ ਸੰਤ ਤੇ ਫਿਰ ਜਦੋਂ ਸਿੱਖ ਪੰਥ ਦੀ ਸਥਾਪਨਾ ਹੋਈ ਤਦ ਉਨ੍ਹਾਂ ਨੂੰ ਗੁਰੂ ਸ਼ਬਦ ਨਾਲ ਸਿੱਖ ਪੰਥ ਨੇ ਆਪਣਾ ਪਹਿਲਾ ਗੁਰੂ ਮੰਨਿਆ। ਕਹਿਣ ਤੋਂ ਭਾਵ ਉਹ ਪੀਰਾਂ ਨੂੰ ਮੰਨਣ ਵਾਲਿਆਂ ਦੇ ਪੀਰ ਸਨ, ਉਹ ਸੰਤਾਂ ਮਹਾਂਪੁਰਸ਼ਾਂ ਨੂੰ ਮੰਨਣ ਵਾਲਿਆਂ ਦੇ ਸੰਤ ਸਨ, ਉਹ ਗੁਰੂਆਂ ਨੂੰ ਮੰਨਣ ਵਾਲਿਆਂ ਦੇ ਗੁਰੂ ਸਨ। ਪਰ ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਆਚਰਣ, ਉਨ੍ਹਾਂ ਦੇ ਸੁਨੇਹੇ ਸਾਫ ਦੱਸਦੇ ਹਨ ਕਿ ਉਹ ਰੂਹ ਤੋਂ ਫਕੀਰ ਸਨ। ਅਜਿਹੇ ਫਕੀਰ ਜਿਨ੍ਹਾਂ ਨੂੰ ਕੋਈ ਮੋਹ ਆਪਣੇ ਜਾਲ ਵਿਚ ਫਸਾ ਨਹੀਂ ਸਕਿਆ, ਜਿਨ੍ਹਾਂ ਨੂੰ ਦੁਕਾਨ ‘ਤੇ ਮੁਨਾਫੇ ਵਾਲੀ ਕਮਾਈ ਸੇਵਾ ਤੋਂ ਥਿੜਕਾ ਨਾ ਸਕੀ, ਜਿਨ੍ਹਾਂ ਨੂੰ ਕੋਈ ਤਾਕਤ ਝੁਕਾਅ ਨਾ ਸਕੀ। ਉਸ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਅਕਸਰ ਇਹ ਸਾਬਤ ਕਰਨ ਲਈ ਕਿ ਰੱਬ ਹਰ ਪਾਸੇ ਹੈ। ਇਕ ਕਥਾ ਅਕਸਰ ਸੁਣਾਈ ਜਾਂਦੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚੇ ਤਦ ਮੱਕੇ ਦਾ ਕਾਰਜਭਾਰ ਦੇਖਣ ਵਾਲੇ ਮੌਲਵੀ ਉਨ੍ਹਾਂ ਦੇ ਕੋਲ ਆਏ ਤੇ ਆਖਣ ਲੱਗੇ ਕਿ ਭਾਈ ਤੁਸੀਂ ਸਾਡੇ ਮੱਕੇ ਵੱਲ ਲੱਤਾਂ ਕਰਕੇ ਅਪਮਾਨ ਕਰ ਰਹੇ ਹੋ, ਤਦ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਜਿੱਧਰ ਮੱਕਾ ਨਹੀਂ ਹੈ, ਮੇਰੀਆਂ ਲੱਤਾਂ ਉਧਰ ਕਰ ਦਿਓ। ਫਿਰ ਕਹਿੰਦੇ ਜਿੱਧਰ ਵੀ ਗੁਰੂ ਨਾਨਕ ਦੇਵ ਦੀਆਂ ਲੱਤਾਂ ਕੀਤੀਆਂ ਜਾਂਦੀਆਂ ਮੱਕਾ ਘੁੰਮ ਕੇ ਉਧਰ ਹੀ ਆ ਜਾਂਦਾ। ਕਹਿਣ ਤੋਂ ਭਾਵ ਇਹ ਕਥਾ ਅੱਜ ਵੀ ਇਸ ਗੱਲ ਲਈ ਪ੍ਰਚਲਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਭਰਮ ਕੱਢਿਆ ਸੀ ਕਿ ਰੱਬ ਤਾਂ ਕਣ-ਕਣ ਵਿਚ ਹੈ, ਚਹੁੰ ਦਿਸ਼ਾਂ ਵਿਚ ਹੈ, ਇਸ ਲਈ ਇਨ੍ਹਾਂ ਭਰਮਾਂ ਤੋਂ ਬਚਣ ਦੀ ਲੋੜ ਹੈ। ਪਰ ਅੱਜ ਜੇਕਰ ਖੁਦ ਗੁਰੂ ਨਾਨਕ ਦੇਵ ਜੀ ਵੀ ਆ ਜਾਣ ਤਦ ਅਸੀਂ ਫਿਰ ਉਸੇ ਤਰ੍ਹਾਂ ਉਨ੍ਹਾਂ ਨੂੰ ਕਿਸੇ ਮਸਜਦ, ਕਿਸੇ ਮੰਦਰ ਜਾਂ ਗੁਰਦੁਆਰੇ ਵੱਲ ਨਾ ਤਾਂ ਲੱਤਾਂ ਕਰਨ ਦਿਆਂਗੇ, ਨਾ ਫਕੀਰੀ ਵਾਲੇ ਬਾਣੇ ‘ਚ ਅੰਦਰ ਵੜਨ ਦਿਆਂਗੇ, ਨਾ ਹੀ ਉਨ੍ਹਾਂ ਨੂੰ ਲਾਈਵ ਚੱਲ ਰਹੇ ਕੀਰਤਨ ਦਰਬਾਰ ਦੇ ਸਮੇਂ ਰਾਗੀਆਂ ਦੇ ਪਿੱਛੇ ਬੈਠਣ ਦਿਆਂਗੇ, ਕਿਉਂਕਿ ਇਹ ਸਭ ਥਾਵਾਂ ਤਾਂ ਹੁਣ ਸਿਆਸਤਦਾਨਾਂ ਨੇ ਲੈ ਲਈਆਂ ਹਨ, ਫਕੀਰਾਂ ਲਈ ਹੁਣ ਧਾਰਮਿਕ ਸਥਾਨਾਂ ਵਿਚ ਥਾਂ ਨਹੀਂ ਰਹੀ। ਮਸਲਾ ਫਿਲਮ ਨੂੰ ਲੈ ਕੇ ਉਠਿਆ ਹੈ। ਕੋਈ ਵੀ ਇਨਸਾਨ ਗੁਰੂ ਦਾ ਰੂਪ ਧਾਰ ਹੀ ਨਹੀਂ ਸਕਦਾ, ਕੋਈ ਵੀ ਇਨਸਾਨ ਗੁਰੂ ਦਾ ਸਥਾਨ ਲੈ ਹੀ ਨਹੀਂ ਸਕਦਾ, ਫਿਰ ਇਹ ਫਿਲਮਾਂ ਕਿੰਝ ਬਣ ਜਾਂਦੀਆਂ ਹਨ, ਸਵਾਲ ਇਹ ਹੈ। ਫਿਲਮ ਬਣਨ ਤੋਂ ਬਾਅਦ ਕਦੀ ਜਥੇਦਾਰ ਸਾਹਿਬ ਕਹਿੰਦੇ ਹਨ ਫਿਲਮ ਰਿਲੀਜ਼ ਹੋਵੇਗੀ, ਕਦੀ ਕਹਿੰਦੇ ਹਨ ਰਿਲੀਜ਼ ਨਹੀਂ ਹੋਵੇਗੀ। ਇਸ ਪਿੱਛੇ ਕੋਈ ਧਾਰਮਿਕ ਮਨਸ਼ਾ ਨਹੀਂ ਹੁੰਦੀ ਸਿਰਫ ਤੇ ਸਿਰਫ ਸਿਆਸੀ ਆਕਾ ਦੇ ਹੁਕਮਾਂ ਅਨੁਸਾਰ ਹੁਕਮਨਾਮੇ ਜਾਰੀ ਹੁੰਦੇ ਹਨ। ਚੰਗਾ ਹੋਵੇ ਜੇ ਸ਼੍ਰੋਮਣੀ ਕਮੇਟੀ, ਜਥੇਦਾਰ ਸਾਹਿਬਾਨ, ਹੋਰ ਸਮੁੱਚੀਆਂ ਸਿੱਖ ਜਥੇਬੰਦੀਆਂ ਫਿਲਮੀ ਵਿਵਾਦਾਂ ਵਿਚ ਉਲਝਣ ਦੀ ਬਜਾਏ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮੁੱਚੀ ਲੋਕਾਈ ਵਿਚ ਪਹੁੰਚਾਉਣ ਦਾ ਯਤਨ ਕਰਨ। ਉਦਾਸੀਆਂ ਤੋਂ ਪਰਤ ਕੇ ਕਰਤਾਰਪੁਰ ਸਾਹਿਬ ਆ ਕੇ ਖੇਤੀ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਦੇਣ ਕਿ ਭਾਈ ਕਿਰਤ ਹੀ ਸਭ ਤੋਂ ਵੱਡੀ ਹੈ, ਕਰਮ ਹੀ ਸਭ ਤੋਂ ਵੱਡਾ ਹੈ ਤੇ ਇਹੋ ਧਰਮ ਹੈ, ਪਰ ਨਹੀਂ ਅੱਜ ਦਾ ਧਰਮ ਤਾਂ ਜ਼ਿਲ੍ਹਾ ਪ੍ਰਧਾਨੀਆਂ, ਚੇਅਰਮੈਨੀਆਂ, ਐਮ ਐਲ ਏ ਦੀਆਂ ਕੁਰਸੀਆਂ, ਮੰਤਰੀਆਂ ਦੇ ਅਹੁਦੇ, ਤਖਤਾਂ ਦੇ ਜਥੇਦਾਰ ਤੇ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਬਣਨਾ ਹੀ ਰਹਿ ਗਿਆ ਹੈ। ਜ਼ਰਾ ਪਰਤਾਂ ਫਰੋਲਣਾ, ਫਿਰ ਪਤਾ ਲੱਗੇਗਾ ਕਿ ਡੇਰਾ ਸਿਰਸਾ ਵਾਲੇ ਦੀਆਂ ਫਿਲਮਾਂ ਪੰਜਾਬ ਵਿਚ ਚੱਲ ਸਕਣ, ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਥਕ ਅਖਵਾਉਣ ਵਾਲੇ ਸਿਆਸੀ ਦਲਾਂ ਨੇ ਹੀ ਸਕੀਮ ਘੜੀ ਤੇ ਸਾਡੇ ਪੰਥਕ ਪੈਰੋਕਾਰਾਂ ਨੇ ਡੇਰਾ ਸਿਰਸਾ ਮੁਖੀ ਨੂੰ ਸਿੱਖ ਵਿਰੋਧੀ ਸਾਰੇ ਮਾਮਲਿਆਂ ‘ਚੋਂ ਕਲੀਨ ਚਿੱਟ ਦੇ ਦਿੱਤੀ, ਤਦ ਮਸਲਾ ਉਸਦੀਆਂ ਫਿਲਮਾਂ ਨੂੰ ਪੰਜਾਬ ਵਿਚ ਚੱਲਣ ਦੇਣਾ ਸੀ। ਇੰਝ ਹੀ ਉਕਤ ਫਿਲਮ ਦੀਆਂ ਪਰਤਾਂ ਵੀ ਫਰੋਲਣਾ, ਤਦ ਪਤਾ ਲੱਗੇਗਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣ ਵਾਲੇ ਮੋਢੀ ਰਹੇ ਆਗੂ ਹੀ ਇਕ ਪਾਸੇ ਫਿਲਮ ਦੇ ਪੋਸਟਰ ਜਾਰੀ ਕਰਦੇ ਹਨ ਦੂਜੇ ਪਾਸੇ ਚਰਚੇ ਹਨ ਕਿ ਪੰਥਕ ਹਲਕਿਆਂ ‘ਚੋਂ ਹੀ ਕਈ ਸਿਆਸੀ ਆਗੂਆਂ ਦਾ ਪੈਸਾ ਇਸ ਫਿਲਮ ਵਿਚ ਲੱਗਿਆ ਹੈ ਤੇ ਆਪੇ ਹੁਣ ਬਣਾਉਂਦੇ ਹਨ ਆਪੇ ਹੀ ਭੰਡਦੇ ਹਨ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਮਾਮਲਿਆਂ ‘ਤੇ ਸਿੱਖ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਅਜਿਹੀਆਂ ਫਿਲਮਾਂ ਬਣਨ ਤੋਂ ਪਹਿਲਾਂ ਹੀ ਰੋਕੀਆਂ ਜਾਣ ਤੇ ਜਿਨ੍ਹਾਂ ਦੇ ਹਿੱਸੇ ਪੰਥ ਦੀ ਸੇਵਾ ਆਈ ਹੈ, ਉਹ ਪ੍ਰਚਾਰ, ਪਸਾਰ ਤੇ ਗੁਰੂ ਦਾ ਸੁਨੇਹਾ ਵੰਡਣ ਦਾ ਕਾਰਜ ਕਰਨ ਨਾ ਕਿ ਸਿਆਸਤ। ਰੱਬ ਭਲੀ ਕਰੇ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …