Breaking News
Home / ਹਫ਼ਤਾਵਾਰੀ ਫੇਰੀ / ਮੇਰੀ ਆਸਟਰੇਲੀਆ ਫੇਰੀ-3

ਮੇਰੀ ਆਸਟਰੇਲੀਆ ਫੇਰੀ-3

ਬੋਲ ਬਾਵਾ ਬੋਲ
ਅੱਜ ਮੈਂ ਦੂਜੀ ਵਾਰੀ ਪਾਣੀ ਵਿੱਚ ਗਿਆ ਸੀ
ਨਿੰਦਰ ਘੁਗਿਆਣਵੀ
94174-21700
ਵੰਨ-ਸੁਵੰਨੇ ਸਮੁੰਦਰੀ ਪੰਛੀ ਖੰਭ ਫੜਫੜਾਉਂਦੇ, ਖੜਮਸਤੀਆਂ ਕਰਦੇ। ਜਹਾਜ਼ ਪਾਣੀ ਦੀਆਂ ਛੱਲਾਂ ਪਿਛਾਂਹ ਛਡਦਾ ਤੇ ਆਪਣੇ ਮੂੰਹ ਅਗਲੇ ਪਾਣੀ ਨੂੰ ਚੀਰਦਾ ਰੀਂਘਣ ਲਗਦਾ। ਕਦੇ-ਕਦੇ ਉਡਦੇ ਪੰਛੀ ਜਹਾਜ਼ ਦੇ ਅਗਲੇ ਹਿੱਸੇ ਉੱਤੇ ਉੱਡਣ ਲਗਦੇ…ਜਿਵੇਂ ਜਹਾਜ਼ ਨੂੰ ਹੱਲਾਸ਼ੇਰੀ ਦੇ ਰਹੇ ਹੋਣ! ਇਹ ਨਜ਼ਾਰਾ ਦੇਖ ਮੁਸਾਫਿਰ ਖੁਸ਼ੀ ਵਿੱਚ ਚਹਿਕਦੇ…ਤਾੜੀਆਂ ਮਾਰਨ ਲਗਦੇ ਤੇ ਫੋਟੂਆਂ ਖਿੱਚ੍ਹਦੇ। ਮੈਂ ਜਹਾਜ਼ ਦੇ ਮੂਹਰੇ ਹਿੱਸੇ ਵਿੱਚ ਖਲੋ ਕੇ ਅੱਗੇ ਦੂਰ ਤੀਕ ਨਿਗ੍ਹਾ ਮਾਰੀ ਤਾਂ ਪਾਣੀ ਨੀਲੱਤਣ ਇਵੇਂ ਲਗਦੀ ਸੀ ਜਿਵੇਂ ਦੂਰ ਤੀਕ ਨੀਲੀ ਧਰਤੀ ਪਸਰੀ ਹੋਵੇ! ਪਰ੍ਹੇ ਬਹੁਤ ਲੰਬੀ ਵਾਟ ‘ਤੇ ਪੈਂਦੀ ਬੰਦਰਗਾਹ ਕੰਢੇ ਅਣਗਿਣਤ ਜਹਾਜ਼ ਤੇ ਕਿਸ਼ਤੀਆਂ ਸੁਸਤਾ ਰਹੇ ਸਨ। ਅੱਜ ਮੈਂ ਦੂਜੀ ਵਾਰੀ ਪਾਣੀ ਵਿੱਚ ਗਿਆ ਸੀ। ਪਹਿਲੀ ਵਾਰ ਉਦੋਂ ਜਦ ਹਾਲੇ ਅੱਠ ਸਾਲ ਦਾ ਸਾਂ ਤਾਂ ਆਪਣੇ ਤਾਏ ਰਾਮ ਜੀ ਨਾਲ ਫਿਰੋਜ਼ਪੁਰ ਗਿਆ ਸਾਂ…ਉਦੋਂ ਨਿੱਕੀ ਕਿਸ਼ਤੀ ਵਿੱਚ ਬੈਠ ਕੇ ਪਾਣੀ ਦਾ ਨਜ਼ਾਰਾ ਲਿਆ ਸੀ, ਹੁਣ ਪੱਕਾ ਚੇਤਾ ਨਹੀਂ…ਸ਼ਾਇਦ ਵਿਸਾਖੀ ਦਾ ਦਿਹਾੜਾ ਸੀ। ਤਾਇਆ ਵੀ ਨਹੀਂ ਰਿਹਾ, ਜਿਸਨੂੰ ਵੇਰਵੇ ਪੁੱਛ ਕੇ ਲਿਖ ਲੈਂਦਾ। ਧੁੰਦਲੀ ਜਿਹੀ ਯਾਦ ਹੀ ਬਾਕੀ ਬਚੀ ਹੈ। ਅੱਜ ਪਰਦੇਸ ਵਿੱਚ ਸਮੁੰਦਰੀ ਪਾਣੀ ਦੀ ਸੈਰ ਨੇ ਬੀਤੇ ਵਰ੍ਹੇ ਚੇਤੇ ਕਰਵਾਏ।
ੲੲੲ
ਅੱਜ ਮੇਰੇ ਦੋਸਤ ਦਾ ਕੰਮ ਸਿਰਫ ਚਾਰ ਘੰਟੇ ਸੀ। ਪਹਿਲਾਂ ਮੈਂ ਸੋਚਿਆ ਕਿ ਘਰ ਬੈਠ ਕੇ ਕੁਝ ਪੜ੍ਹਦਾ ਰਹਾਂਗਾ। ਫਿਰ ਮਨ ਬਦਲ ਗਿਆ ਕਿ ਨਹੀਂ…ਸਮੁੰਦਰ ਕਿਹੜਾ ਦੂਰ ਹੈ…ਪੈਦਲ ਸਿਰਫ਼ ਪੰਦਰਾਂ ਮਿੰਟ ਦੀ ਦੂਰੀ। ਦੋਸਤ ਆਖਣ ਲੱਗਾ, ”ਨਹੀਂ…ਤੂੰ ਘਰ ਹੀ ਰਹਿ…ਜਿੰਨਾ ਚਿਰ ਦਿਲ ਕਰਦਾ ਪੜ੍ਹ…ਫਿਰ ਸੌ ਲਈਂ…ਸਮੰਦਰ ‘ਤੇ ਘੁੰਮਣ ਗਿਆ ਕਿਧਰੇ ਹੋਰ ਪਾਸੇ ਈ ਨਾ ਲੰਘ ਜਾਵੀਂ… ਗੁਆਚ ਜਾਵੇਂਗਾ…ਮੈਂ ਕਿੱਥੋਂ ਲੱਭਦਾ ਫਿਰਾਂਗਾ ਤੈਨੂੰ…ਲਿਖਾਰੀਆਂ ਦਾ ਕੀ ਪਤਾ ਹੁੰਦਾ…ਜਦੋਂ ਜੀਅ ਆਵੇ…ਜਿੱਧਰ ਮਰਜ਼ੀ ਤੁਰ ਪੈਣ!” ਦੋਸਤ ਨੇ ਦਵਿੰਦਰ ਸਤਿਆਰਥੀ ਸਾਹਬ ਵਾਲਾ ਕਿੱਸਾ ਪੜ੍ਹਿਆ ਹੋਇਆ ਸੀ…ਬਜ਼ਾਰ ਸਬਜ਼ੀ ਲੈਣ ਗਏ ਸਤਿਆਰਥੀ ਜੀ ਦੂਰ ਕਿਸੇ ਪ੍ਰਾਂਤ ਵਿੱਚ ਉਥੋਂ ਦੇ ਲੋਕ-ਗੀਤ ਢੂੰਡਣ ਤੁਰ ਪਏ ਸਨ ਤੇ ਸਾਲਾਂ ਬਾਅਦ ਵਾਪਸ ਪਰਤੇ ਸਨ। ਤਦੇ ਦੋਸਤ ਆਖਦਾ ਪਿਆ ਸੀ ਕਿ ਥੋਡਾ ਲੇਖਕਾਂ ਦਾ ਕੀ ਪਤਾ ਹੁੰਦਾ…ਕਦੋਂ ਕਿੱਥੇ ਤੁਰ ਜਾਣ…?
ਮੈਂ ਦੋਸਤ ਨੂੰ ਆਖਿਆ ਕਿ ਮੈਂ ਉਹਨਾਂ ਲਿਖਾਰੀਆਂ ‘ਚੋਂ ਨਹੀਂ ਆਂ…ਕਿਰਪਾ ਕਰਕੇ ਮੈਨੂੰ ਘਰ ਅੰਦਰ ਬੰਦ ਨਾ ਕਰ…ਸਮੁੰਦਰ ਕਿਨਾਰੇ ਲਾਹ ਜਾਹ…ਆਉਂਦਾ ਹੋਇਆ ਚੁੱਕ ਲਿਆਵੀਂ।” ਦੋਸਤ ਮੰਨ ਗਿਆ ਸੀ ਤੇ ਮੈਨੂੰ ਘਰ ਲਾਗੇ ਪੈਂਦੇ ਕਿਨਾਰੇ ‘ਤੇ ਲਾਹ ਗਿਆ ਸੀ। ਚਾਰ ਘੰਟੇ ਮੈਂ ਪਾਣੀਆਂ ਦੀ ਖੂਬ ਪਰਿਕ੍ਰਮਾ ਕੀਤੀ…ਹਾਲੇ ਵੀ ਮਨ ਰੱਜਿਆ ਨਹੀਂ ਸੀ। ਦੁਰੋਂ ਆਉਂਦੀਆਂ ਛੱਲਾਂ ਕਿਨਾਰੇ ਖੋਰਦੀਆਂ…ਕੁਝ ਅਧਵਾਟੇ ਮਰ ਮੁੱਕ ਜਾਂਦੀਆਂ। ਆਪਣੇ ਜੁੱਤੇ ਮੈਂ ਬੜੀ ਦੂਰ ਪਰ੍ਹੇ ਅਧ ਸੁੱਕੇ ਇੱਕ ਬੂਟੇ ਕੋਲ ਲਾਹ ਕੇ ਧਰ ਆਇਆ ਸਾਂ। ਸਮੁੰਦਰ ਦੇ ਢਿੱਡ ‘ਚੋਂ ਆਈਆਂ ਸਿੱਪੀਆਂ, ਘੋਗੇ, ਮੋਤੀ ਤੇ ਰੰਗੀਲੇ ਪੱਥਰਾਂ ਦੇ ਨਿੱਕੇ-ਨਿੱਕੇ ਟੁਕੜੇ ਚੁੱਕ-ਚੁੱਕ ਜੇਭਾਂ ਵਿੱਚ ਪਾਈ ਗਿਆ ਸਾਂ। ਲੰਬੇ ਕਾਲੇ ਕੋਟ ਦੀਆਂ ਜੇਭ੍ਹਾਂ ਭਾਰੀ ਹੋ ਗਈਆਂ ਸਨ।
ੲੲੲ
ਰਸੋਈ ਵਿੱਚ ਪਿਆ ਓਵਨ ਚੁੱਲ੍ਹਿਆਂ ਨੂੰ ਮੂੰਹ ਚਿੜਾ ਰਿਹਾ ਸੀ। ਫਰਿੱਜ ਵਿੱਚੋਂ ਦਾਲ ਜਾਂ ਸਬਜ਼ੀ ਕੱਢ…ਸਿੱਧੀ ਕੌਲ਼ੀ ‘ਚ ਪਾ ਤੇ ਓਵਨ ਦੀ ਦੋ ਕੁ ਮਿੰਟਾਂ ਦੀ ਘੀਂ-ਘੀਂ… ਤੇ ਤੱਤੀ ਕੌਲੀ ਬਾਹਰ! ਮੈਂ ਉਦੋਂ ਬੁੱਢੇ ‘ਤੇ ਖਿਝ ਜਾਂਦਾ… ਜਦ ਉਹ ਖੰਘਣ ਬਾਅਦ ਖੰਘਾਰ ਗਲੇ ਵਿੱਚ ਰੋਕਦਾ ਤੇ ਰਸੋਈ ਵਿੱਚ ਭਾਂਡੇ ਧੋਣ ਵਾਲੇ ਸਿੰਕ ਵਿੱਚ ਸੁੱਟ੍ਹ ਦੇਂਦਾ…ਫਿਰ ਟੂਟੀ ਛੱਡ ਕੇ ਖੰਘਾਰ ਰੋੜ੍ਹਦਾ। ਟੂਟੀ ਦੀ ਤੇਜ਼ ਧਾਰ ਮਸੀਂ ਖੰਘਾਰ ਪਟਦੀ। ਮੈਂ ਹੈਰਾਨ ਹੋ ਕੇ ਆਖਦਾ, ”ਓ ਮਾਈ ਗੌਡ…? ਅੰਕਲ …ਵਾਸ਼ਰੂਮ ਕਿਹੜਾ ਦੂਰ ਸੀ..ਉਥੇ ਚਲੇ ਜਾਂਦੇ ਤਾਂ…?”
ਉਹ ਆਖਦਾ, ”ਓ ਬੇਟਾ ਯੂ ਰਾਈਟ…ਆਈ ਐੱਮ ਸੌਰੀ…ਬੇਟਾ ਮੈਂ ਬਹੁਤ ਲੇਜ਼ੀ ਹੋ ਗਿਆ ਵਾਂ…।” ਫਿਰ ਉਹਨੇ ਮੇਰਾ ਧਿਆਨ ਹੋਰ ਪਾਸੇ ਲਿਜਾਣ ਲਈ ਗੱਲ ਛੋਹੀ, ”ਓ ਬੇਟਾ, ਜਿਹੜੇ ਲੋਕ ਪਹਿਲੀ ਉਮਰ ‘ਚ ਈ ਘਰੋਂ ਬਾਹਰ ਨਿਕਲ ਜਾਂਦੇ ਨੇ…ਉਹ ਜ਼ਿੰਦਗੀ ‘ਚ ਕੁਝ ਹਾਸਲ ਕਰ ਲੈਂਦੇ ਨੇ…ਕੁਝ ਬਾਹਰਲਾ ਦੇਖ ਲੈਂਦੇ ਨੇ…ਸੋਚ ਲੈਂਦੇ ਨੇ….ਸਮਝ ਲੈਂਦੇ ਨੇ…ਸੁਣ ਲੈਂਦੇ ਨੇ ਤੇ ਕਹਿ ਲੈਂਦੇ ਨੇ…ਜਿਹੜੇ ਲੋਕ ਘਰਾਂ ਅੰਦਰ ਕੈਦ ਹੋ ਕੇ ਰਹਿ ਜਾਂਦੇ ਨੇ…ਉਹ ਸਿਰਫ਼ ਘਰ ਦੀ ਚਾਰ-ਦੀਵਾਰੀ ਬਾਰੇ ਹੀ ਸੋਚਦੇ ਨੇ…ਜੇ ਉਹ ਘਰ ‘ਚੋਂ ਬਾਹਰ ਬਾਰੇ ਕੁਝ ਸੋਚਣਗੇ ਵੀ ਤਾਂ ਸਿਰਫ਼ ਆਪਣੇ ਗਰਾਂ ਬਾਰੇ…ਜਿੱਥੇ ਉਹ ਰਹਿ ਰਹੇ ਹੁੰਦੇ ਨੇ ਤੇ ਘਰਾਂ ‘ਚੋਂ ਨਿਕਲ ਗਏ ਲੋਕ ਫਿਰ ਘਰਾਂ ਜਾਂ ਗਰਾਵਾਂ ਤੀਕ ਹੀ ਮਹਿਦੂਦ ਨਹੀਂ ਰਹਿੰਦੇ…ਉਹ ਤਾਂ ਸਮੁੱਚਤਾ ਬਾਬਤ ਸੋਚਦੇ ਨੇ…ਦੇਖਦੇ ਨੇ…ਸੁਣਦੇ ਤੇ ਨਿਰਖਦੇ ਪਰਖਦੇ ਨੇ…ਉਹਨਾਂ ਦਾ ਸੋਚਣ ਢੰਗ ਤੇ ਦ੍ਰਿਸ਼ਟੀ ਬਦਲ ਚੁੱਕੀ ਹੁੰਦੀ ਆ। (ਚਲਦਾ))

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …