ਅਮਰੀਕਾ ਦੇ ਫੈਸਲੇ ਨਾਲ ਭਾਰਤੀ ਤਕਨਾਲੋਜੀ ਮਾਹਿਰਾਂ ਨੂੰ ਹੋਵੇਗਾ ਲਾਭ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੇ ਨਿਯਮਾਂ ‘ਚ ਢਿੱਲ ਦਿੱਤੀ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਮਾਹਿਰਾਂ ਨੂੰ ਨਿਯੁਕਤ ਕਰਨਾ ਆਸਾਨ ਹੋ ਜਾਵੇਗਾ। ਇਸ ਨਾਲ ਐੱਫ-1 ਸਟੂਡੈਂਟ ਵੀਜ਼ਾ ਨੂੰ ਆਸਾਨੀ ਨਾਲ ਐੱਚ-1ਬੀ ਵੀਜ਼ੇ ‘ਚ ਤਬਦੀਲ ਕੀਤਾ ਜਾ ਸਕੇਗਾ। ਅਮਰੀਕੀ ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਭਾਰਤੀ ਤਕਨਾਲੋਜੀ ਮਾਹਿਰਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਐਲਾਨੇ ਇਸ ਨਿਯਮ ਦਾ ਉਦੇਸ਼ ਵਿਸ਼ੇਸ਼ ਅਹੁਦਿਆਂ ਅਤੇ ਗੈਰ-ਲਾਭਕਾਰੀ ਤੇ ਸਰਕਾਰੀ ਖੋਜ ਸੰਗਠਨਾਂ ਲਈ ਆਧੁਨਿਕ ਬਣਾ ਕੇ ਮਾਲਕਾਂ ਅਤੇ ਵਰਕਰਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਾ ਹੈ। ਇਕ ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਬਦਲਾਅ ਨਾਲ ਅਮਰੀਕੀ ਕੰਪਨੀਆਂ ਨੂੰ ਆਪਣੀਆਂ ਜ਼ਰੂਰਤਾਂ ਮੁਤਾਬਕ ਨਿਯੁਕਤੀਆਂ ਕਰਨ ਅਤੇ ਆਲਮੀ ਬਾਜ਼ਾਰ ‘ਚ ਮੁਕਾਬਲੇਬਾਜ਼ੀ ‘ਚ ਬਣੇ ਰਹਿਣ ‘ਚ ਸਹਾਇਤਾ ਮਿਲੇਗੀ। ਇਸ ਨਿਯਮ ‘ਚ ਐੱਫ-1 ਵੀਜ਼ਾਧਾਰਕ ਵਿਦਿਆਰਥੀਆਂ ਲਈ ਕੁਝ ਸਹੂਲਤ ਦਾ ਵੀ ਪ੍ਰਬੰਧ ਹੈ ਜੋ ਆਪਣੇ ਵੀਜ਼ੇ ਨੂੰ ਐੱਚ-1ਬੀ ‘ਚ ਬਦਲਣਾ ਚਾਹੁੰਦੇ ਹਨ।