ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਦੀਆਂ ਕੁਝ ਵਸਤਾਂ ‘ਤੇ ਬਹੁਤ ਜ਼ਿਆਦਾ ਟੈਕਸ ਲਗਾਇਆ ਜਾਂਦਾ ਹੈ ਅਤੇ ਜੇ ਇੰਝ ਦਾ ਹੀ ਵਰਤਾਰਾ ਰਿਹਾ ਤਾਂ ਅਮਰੀਕਾ ਵੀ ਬਦਲੇ ‘ਚ ਭਾਰਤੀ ਵਸਤਾਂ ‘ਤੇ ਵਾਧੂ ਟੈਕਸ ਲਗਾਏਗਾ। ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਅਜਿਹੇ ਮੁਲਕਾਂ ‘ਚ ਸ਼ਾਮਲ ਹਨ ਜੋ ਖਾਸ ਅਮਰੀਕੀ ਵਸਤਾਂ ‘ਤੇ ਵਧੇਰੇ ਟੈਕਸ ਲਗਾਉਂਦੇ ਹਨ। ਉਨ੍ਹਾਂ ਚੀਨ ਨਾਲ ਸੰਭਾਵਿਤ ਵਪਾਰ ਸਮਝੌਤੇ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਇਹ ਟਿੱਪਣੀ ਕੀਤੀ। ਟਰੰਪ ਨੇ ਮਾਰ-ਏ-ਲਾਗੋ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਜੇ ਭਾਰਤ ਸਾਡੇ ਤੋਂ 100 ਫ਼ੀਸਦ ਟੈਕਸ ਲੈਂਦਾ ਹੈ ਤਾਂ ਕੀ ਅਸੀਂ ਉਸ ਤੋਂ ਬਦਲੇ ‘ਚ ਕੁਝ ਨਹੀਂ ਲਵਾਂਗੇ। ਤੁਸੀਂ ਜਾਣਦੇ ਹੋ, ਉਹ ਸਾਈਕਲ ਭੇਜਦੇ ਹਨ ਅਤੇ ਅਸੀਂ ਵੀ ਉਨ੍ਹਾਂ ਨੂੰ ਸਾਈਕਲ ਭੇਜਦੇ ਹਾਂ। ਉਹ ਸਾਡੇ ਤੋਂ 100 ਅਤੇ 200 ਫ਼ੀਸਦ ਟੈਕਸ ਲੈਂਦੇ ਹਨ। ਭਾਰਤ ਅਤੇ ਬ੍ਰਾਜ਼ੀਲ ਬਹੁਤ ਜ਼ਿਆਦਾ ਟੈਕਸ ਵਸੂਲਦੇ ਹਨ। ਜੇ ਉਹ ਸਾਡੇ ਤੋਂ ਟੈਕਸ ਲੈਣਾ ਚਾਹੁੰਦੇ ਹਨ ਤਾਂ ਠੀਕ ਹੈ ਪਰ ਅਸੀਂ ਵੀ ਉਨ੍ਹਾਂ ਤੋਂ ਇੰਜ ਹੀ ਵਾਧੂ ਟੈਕਸ ਲਵਾਂਗੇ।” ਆਗਾਮੀ ਟਰੰਪ ਪ੍ਰਸ਼ਾਸਨ ਲਈ ਨਾਮਜ਼ਦ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਕਿ ਜੋ ਜਿਹੋ ਜਿਹਾ ਵਿਹਾਰ ਕਰਦਾ ਹੈ, ਉਸ ਨਾਲ ਉਹੋ ਜਿਹਾ ਹੀ ਵਤੀਰਾ ਅਪਣਾਉਣਾ ਪਵੇਗਾ।