-11.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਬਦਲਣ ਲੱਗੇ ਰਾਜਨੀਤਿਕ ਪਾਰਟੀਆਂ ਦੇ ਚਿਹਰੇ-ਮੁਹਾਂਦਰੇ

ਪੰਜਾਬ ‘ਚ ਬਦਲਣ ਲੱਗੇ ਰਾਜਨੀਤਿਕ ਪਾਰਟੀਆਂ ਦੇ ਚਿਹਰੇ-ਮੁਹਾਂਦਰੇ

ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਹੇ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਵੀਰਵਾਰ ਨੂੰ ਕਾਂਗਰਸ ਲੀਡਰਸ਼ਿਪ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਸੀ ਕਿ ਸਰਕਾਰੀ ਰੁਝੇਵਿਆਂ ਕਾਰਨ ਉਹ ਪਾਰਟੀ ਸੰਗਠਨ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ।ਜਾਖੜ ਸੂਬਾ ਵਿਧਾਨ ਸਭਾ ਚੋਣਾਂ ਵਿਚ ਅਬੋਹਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ ਪਰ ਇਸ ਵਾਰ ਉਹ ਭਾਜਪਾ ਉਮੀਦਵਾਰ ਦੇ ਹੱਥੋਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਖੜ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੇਂਦਰੀ ਹਾਈਕਮਾਨ ਕੋਲ ਕੀਤੀ ਸੀ। ਜਾਖੜ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਵਲੋਂ ਕੀਤਾ ਗਿਆ। ਜਾਖੜ 3 ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਹਾਈਕਮਾਨ ਦਾ ਮੰਨਣਾ ਸੀ ਕਿ ਸੂਬਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਵਾਰ ਹਿੰਦੂ ਭਾਈਚਾਰੇ ਵਲੋਂ ਭਾਰੀ ਸਮਰਥਨ ਮਿਲਿਆ ਹੈ, ਇਸ ਲਈ ਨਵਾਂ ਪ੍ਰਧਾਨ ਹਿੰਦੂ ਕਾਂਗਰਸੀ ਆਗੂ ਨੂੰ ਬਣਾਇਆ ਜਾਣਾ ਚਾਹੀਦਾ ਹੈ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸ਼ਹਿਰੀ ਇਲਾਕਿਆਂ ਵਿਚ ਭਾਰੀ ਸਫਲਤਾ ਮਿਲੀ ਸੀ।ਸੁਨੀਲ ਜਾਖੜ ਦੋਵੇਂ ਨੁਕਤਿਆਂ ਤੋਂ ਕਾਂਗਰਸ ਨੂੰ ਫਿੱਟ ਬੈਠਦੇ ਹਨ। ਉਹ ਜਿੱਥੇ ਸੂਬੇ ਵਿਚ ਪਾਰਟੀ ਦਾ ਹਿੰਦੂ ਚਿਹਰਾ ਹਨ, ਉਥੇ ਪੇਂਡੂ ਤੇ ਖੇਤੀ ਕਰਨ ਵਾਲੇ ਪਰਿਵਾਰ ‘ਚੋਂ ਹੋਣ ਦੇ ਨਾਤੇ ਸੁਨੀਲ ਜਾਖੜ ਪੇਂਡੂ ਅਤੇ ਕਿਸਾਨੀ ਚਿਹਰਾ ਵੀ ਹਨ।
ਜਾਖੜ ਨੇ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿਚ ਉਨ੍ਹਾਂ ਦੇ ਨਿਵਾਸ ‘ਤੇ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੰਦਿਆਂ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਦੌੜ ਵਿਚ ਲਾਲ ਸਿੰਘ ਵੀ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਕੇ ਜਾਖੜ ਦਾ ਰਸਤਾ ਸਾਫ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਕੈਪਟਨ ਤੇ ਜਾਖੜ ਆਪਸੀ ਤਾਲਮੇਲ ਨਾਲ ਕੰਮ ਕਰਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਭੰਗ ਕੀਤਾ ਜਥੇਬੰਦਕ ਢਾਂਚਾ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਅੰਦਰ ਜ਼ਮੀਨੀ ਹਕੀਕਤ ਜਾਣਨ ਲਈ 8 ਸੀਨੀਅਰ ਆਗੂਆਂ ਦੀ ਡਿਊਟੀ ਲਾ ਦਿੱਤੀ ਹੈ। ਡਾ. ਦਲਜੀਤ ਚੀਮਾ ਨੇ ਦੱਸਿਆ ਕਿ ਚੋਣਾਂ ‘ਚ ਹਾਰ ਤੋਂ ਬਾਅਦ ਵੱਖ-ਵੱਖ ਪੱਧਰ ‘ਤੇ ਵਿਚਾਰ ਵਟਾਂਦਰਾ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਹੇਠਲੇ ਪੱਧਰ ਤੋਂ ਲੈ ਕੇ ਉਪਰ ਤੱਕ ਨਵੇਂ ਸਿਰੇ ਤੋਂ ਢਾਂਚਾ ਗਠਿਤ ਕੀਤਾ ਜਾਵੇਗਾ।
ਸਾਂਪਲਾ ਪਰਿਵਾਰ ਵਿਵਾਦਾਂ ‘ਚ, ਪ੍ਰਧਾਨਗੀ ਤੋਂ ਛੁੱਟੀ ਤਹਿ
ਚੰਡੀਗੜ੍ਹ : ਭਾਜਪਾ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਵਿਚ ਪਾਰਟੀ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸਾਂਪਲਾ ਜਿੱਥੇ ਹਾਈ ਕਮਾਂਡ ਦੇ ਰਾਡਾਰ ‘ਤੇ ਸਨ, ਉਥੇ ਹੁਣ ਉਨ੍ਹਾਂ ਦੇ ਭਤੀਜੇ ‘ਤੇ ਇਕ ਲੜਕੀ ਵੱਲੋਂ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦੇ ਚਲਦਿਆਂ ਅਤੇ ਸਾਂਪਲਾ ਦੇ ਪੁੱਤਰ ‘ਤੇ ਵੀ ਲੜਕੀ ਨਾਲ ਕੁੱਟ-ਮਾਰ ਕਰਨ, ਫੋਨ ਆਦਿ ਖੋਹਣ ਦੇ ਮਾਮਲੇ ਕਾਰਨ ਸਾਂਪਲਾ ਪਰਿਵਾਰ ਵਿਵਾਦਾਂ ‘ਚ ਹੈ। ਸੂਬੇ ਦੀ ਭਾਜਪਾ ਲੀਡਰਸ਼ਿਪ ਵਿਚ ਵੀ ਲਗਭਗ ਇਕੱਲੇ ਨਜ਼ਰ ਆ ਰਹੇ ਵਿਜੇ ਸਾਂਪਲਾ ਦੀ ਪ੍ਰਧਾਨਗੀ ਤੋਂ ਛੁੱਟੀ ਹੋਣਾ ਤਹਿ ਹੈ। ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਬਣਨ ਲਈ ਅਸ਼ਵਨੀ ਸ਼ਰਮਾ ਤੇ ਕਮਲ ਸ਼ਰਮਾ ਦੌੜ ‘ਚ ਹਨ।
ਗੁਰਪ੍ਰੀਤ ਘੁੱਗੀ ਦੀ ਪੰਜਾਬ ਕਨਵੀਨਰ ਦੀ ਕੁਰਸੀ ਖਤਰੇ ‘ਚ
ਚੰਡੀਗੜ੍ਹ : ਪੰਜਾਬ ਚੋਣਾਂ ਤੋਂ ਬਾਅਦ ਸੂਬੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ‘ਚ ਕਈ ਧੜਿਆਂ ‘ਚ ਵੰਡੀ ਹੋਈ ਨਜ਼ਰ ਆ ਰਹੀ ਹੈ। ਫੂਲਕਾ ਪੰਜਾਬ ਯਾਤਰਾ ਦੇ ਨਾਂ ‘ਤੇ ਪੰਜ-ਸੱਤ ਵਿਧਾਇਕਾਂ ਨਾਲ ਤੁਰੇ ਫਿਰ ਰਹੇ ਹਨ, ਭਗਵੰਤ ਮਾਨ ਲੰਬੀ ਛੁੱਟੀ ‘ਤੇ ਚਲੇ ਗਏ ਹਨ, ਖਹਿਰਾ ਰੌਲਾ-ਰੱਪਾ ਪਾ ਕੇ ਫਿਲਹਾਲ ਚੁੱਪ ਹਨ। ਜਦੋਂਕਿ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਇਹ ਆਖ ਕੇ ਕਿ ‘ਮੈਨੂੰ ਬਦਲਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ’ ਸੰਕੇਤ ਦੇ ਦਿੱਤਾ ਹੈ ਕਿ ਕਿਸੇ ਵੀ ਸਮੇਂ ਘੁੱਗੀ ਨੂੰ ਪੰਜਾਬ ਕਨਵੀਨਰ ਦੀ ਕੁਰਸੀ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਫਿਲਹਾਲ ਪੰਜਾਬ ਤੋਂ ਲੈ ਕੇ ਦਿੱਲੀ ਤੱਕ ‘ਆਪ’ ਬਿਖਰੀ ਨਜ਼ਰ ਆ ਰਹੀ ਹੈ।

RELATED ARTICLES
POPULAR POSTS