ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਹਰ ਸਾਲ ਦੀ ਤਰ੍ਹਾਂ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵੱਲੋਂ ਸੂਬੇ ਦੀ ਸਿੱਖ ਸੰਗਤ ਦੇ ਵੱਡੇ ਸਹਿਯੋਗ ਸਦਕਾ ਖਾਲਸੇ ਦੇ 318ਵੇਂ ਸਾਜਨਾ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਨੂੰ ਮਨਾਇਆ ਗਿਆ। ਟੋਰਾਂਟੋ ਜੀਟੀਏ ਇਲਾਕੇ ਤੋਂ ਵੱਖ-ਵੱਖ ਗੁਰਦੁਆਰਿਆਂ ਤੋਂ ਚੱਲੀਆਂ ਸ਼ਟਲ ਬੱਸਾਂ ਅਤੇ ਨਿੱਜੀ ਸਾਧਨਾਂ ਰਾਹੀਂ ਸੰਗਤਾਂ ਸਵੇਰ ਤੋਂ ਹੀ ਬੈਟਰ ਲਿਵਿੰਗ ਸੈਂਟਰ ਸੀ ਐਨ ਈ ਗਰਾਊਂਡ ‘ਚ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਕਥਾ ਕੀਰਤਨ ਦਾ ਪਰਵਾਹ, ਵੱਖ-ਵੱਖ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਲਾਏ ਜਾਣਕਾਰੀ ਭਰਪੂਰ ਸਟਾਲਜ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸਨਮਾਨੇ ਜਾਣ ਵਾਲੇ ਸਿੱਖਾਂ ‘ਚ ਪੀਲ ਰਿਜਨ ਬੋਰਡ ਦੇ ਚੇਅਪਰਸਨ ਅਮਰੀਕ ਸਿੰਘ ਆਹਲੂਵਾਲੀਆ, ਡਾ: ਵਿਕਰਮ ਸਿੰਘ ਨੱਨੜ, ਮੈਰਾਥਾਨ ਦੌੜਾਕ ਗੁਰਚਰਨ ਸਿੰਘ, ਸਿੱਖ ਆਗੂ ਭਗਵਾਨ ਸਿੰਘ ਤੇ ਓ ਪੀ ਪੀ ਦੇ ਪੁਲਿਸ ਅਧਿਕਾਰੀ ਵੀ ਸਨਮਾਨੇ ਗਏ। ਠੀਕ 1 ਵਜੇ ਅਰਦਾਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਟਰਾਂਟੋ ਸਿਟੀ ਹਾਲ ਲਈ ਰਵਾਨਾ ਹੋਇਆ। ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਲ ਹੋਈਆਂ ਸੰਗਤਾਂ ਲਗਪਗ ਛੇ ਕਿਲੋਮੀਟਰ ਲੰਬੇ ਰਸਤੇ ਨੂੰ ਤਹਿ ਅਤੇ ਨਗਰ ਕੀਰਤਨ ਸਿੱਖ ਖਾਲਸਾਈ ਸ਼ਾਨ ਦੇ ਪ੍ਰਤੀਕ ਰਵਾਇਤੀ ਫਲੋਟਾਂ ਸਮੇਤ ਗੁਰਬਾਣੀ ਦਾ ਗੁਣਗਾਣ ਕਰਦਾ ਹੋਇਆ ਟੋਰਾਂਟੋ ਨੇਥਨ ਫਿਲਿਪ ਸਕੇਅਰ ਸਿਟੀ ਹਾਲ ਪੁੱਜਿਆ। ਟੋਰਾਂਟੋ ਸਿਟੀ ਹਾਲ ਪੁੱਜੇ ਨਗਰ ਕੀਰਤਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮੌਕੇ ਸਿੱਖ ਸੰਗਤਾਂ ਨੂੰ ਵਧਾਈ ਦੇਣ ਸਮੇਂ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਸਨਮਾਨ, ਓਨਟਾਰੀਓ ਸੂਬੇ ਦੀ ਪਾਰਲੀਮੈਂਟ ‘ਚ 1984 ਸਿੱਖ ਜੈਨੋਸਾਈਡ ਮਤਾ ਪਾਸ ਕਰਾਉਣ ਵਾਲੇ ਐਮ ਪੀ ਪੀਜ਼ ਦਾ ਸਨਮਾਨ, ਇਸ ਮਤੇ ਦਾ ਵਿਰੋਧ ਕਰਨ ਵਾਲੇ ਐਮ ਪੀ ਪੀਜ਼ ਨੂੰ ਸਟੇਜ ਦੇ ਨੇੜੇ ਫਟਕਣ ਨਾ ਦੇਣਾ, ਟਰੈਫਿਕ ਕਾਰਨਾਂ ਕਰਕੇ ਸੰਗਤਾਂ ਨੂੰ ਹੋਈ ਪਰੇਸ਼ਾਨੀ, ਪ੍ਰਬੰਧਕੀ ਕੌਂਸਲ ਵੱਲੋਂ ਸੂਬੇ ‘ਚ ਰੁਜ਼ਗਾਰ ਦੇ ਸਮੇਂ ਅਤੇ ਬਾਕੀ ਸੂਬਿਆਂ ਵਾਂਗ ਸਿੱਖਾਂ ਨੂੰ ਮੋਟਰ ਸਾਈਕਲ ਚਲਾਉਣ ਸਮੇਂ ਹੈਲਮਟ ਦੀ ਛੋਟ ਅਤੇ ਨਗਰ ਕੀਰਤਨ ‘ਚ ਸੰਗਤਾਂ ਵੱਲੋਂ ਗੁਰੂ ਦੀ ਗੋਲਕ ‘ਚ ਪਾਈ ਸਾਰੀ ਧੰਨ ਰਾਸ਼ੀ ਟੋਰਾਂਟੋ ਦੇ ਸਿੱਕ ਚਿਲਡਰਨ ਹਸਪਤਾਲ ਨੂੰ ਦਿੱਤੇ ਜਾਣ ਆਦਿ ਮੁੱਖ ਵਿਸ਼ੇ ਚਰਚਾ ਦਾ ਵਿਸ਼ਾ ਰਹੇ।
ਟੋਰਾਂਟੋ ਸਿਟੀ ਹਾਲ ਪੁੱਜੇ ਨਗਰ ਕੀਰਤਨ ਵਿੱਚ ਓਨਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਿਲ ਵੱਲੋਂ ਸੂਬੇ ਦੀ ਅਸੰਬਲੀ ‘ਚ 1984 ਸਿੱਖ ਜੈਨੋਸਾਈਡ ਮਤੇ ਨੂੰ ਪਾਸ ਕਰਾਉਣ ਲਈ ਸਿੱਖ ਐਮ ਪੀ ਪੀਜ਼ ਹਰਿੰਦਰ ਮੱਲੀ ਅਤੇ ਜਗਮੀਤ ਸਿੰਘ ਦਾ ਸਨਮਾਨ ਕੀਤਾ ਗਿਆ। ਸੰਗਤਾਂ ਨੂੰ ਇਸ ਮੌਕੇ ਸੰਬੋਧਨ ਕਰਨ ਵਾਲਿਆਂ ‘ਚ ਕੈਨੇਡਾ ਦੇ ਫੈਡਰਲ ਮੰਤਰੀ ਨਵਦੀਪ ਬੈਂਸ, ਕੰਸਰਵੇਟਿਵ ਫੈਡਰਲ ਦੀ ਮੁਖੀ ਰੋਨਾਂ ਐਂਮਬਰੋਜ਼, ਸੂਬੇ ਦੇ ਆਪੋਜੀਸ਼ਨ ਲੀਡਰ ਪੈਟਰਿਕ ਬਰਾਊਨ, ਟੋਰਾਂਟੋ ਸਿੱਕ ਚਿਲਡਰਨ ਹਸਪਤਾਲ ਦੇ ਪ੍ਰੈਜੀਡੈਂਟ ਮਾਈਕਲ ਐਪਕੋਨ, ਐਨ ਡੀ ਪੀ ਆਗੂ ਐਨਡਰੀਆ ਹਾਰਵੱਥ, ਸੂਬੇ ਦੇ ਟਰਾਂਸਪੋਰਟ ਮੰਤਰੀ ਡੈਲ ਡੂਕਾ ਆਦਿ ਸ਼ਾਮਲ ਸਨ। ਸੂਬੇ ਦੀ ਪ੍ਰੀਮੀਅਰ (ਮੁਖ ਮੰਤਰੀ) ਕੈਥਲਿਨ ਵਿੰਨ ਨੇ ਨਗਰ ਕੀਰਤਨ ‘ਚ ਹਾਜ਼ਰੀ ਤਾਂ ਲਗਵਾਈ ਪਰ ਅਣਦੱਸੇ ਕਾਰਨਾਂ ਕਰਕੇ ਸਟੇਜ ਤੋਂ ਦੂਰੀ ਰੱਖੀ। ਸਟੇਜ ਤੋਂ ਓਨਟਾਰੀਓ ਸਿੱਖਸ ਅਤੇ ਗੁਰਦੁਆਰਾ ਕੌਂਸਲ ਵੱਲੋਂ ਭੁਪਿੰਦਰ ਸਿੰਘ ਊਭੀ ਨੇ ਪ੍ਰੈਸ ਰਿਲੀਜ਼ ਪੜ੍ਹਦਿਆਂ 33 ਸਾਲ ਬੀਤ ਜਾਣ ਦੇ ਬਾਅਦ ਵੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਅਤੇ ’84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ‘ਤੇ ਚਿੰਤਾ, ਸਿੱਖਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ, ਭਾਰਤੀ ਸੰਵਿਧਾਨ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਦੀ ਅਣਹੋਂਦ, ਪੰਜਾਬ ਤੋਂ ਖੋਹੇ ਜਾਣ ਵਾਲੇ ਪਾਣੀਆਂ, ਭਾਰਤ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਅਤੇ ਸਿੱਖਾਂ ਨੂੰ ਬਿਨਾਂ ਹੈਲਮਟ ਪਾਏ ਮੋਟਰ ਸਾਈਕਲ ਚਲਾਉਣ ਆਦਿ ਜਿਹੇ ਹੋਰ ਕਈ ਵਿਸ਼ਿਆਂ ‘ਤੇ ਕੈਨੇਡਾ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ। ਖਾਲਸਾ ਸਾਜਨਾ ਦਿਵਸ ਦੇ ਇਹਨਾਂ ਸਮਾਗਮਾਂ ‘ਚ ਸੂਬੇ ਦੀ ਅਸੰਬਲੀ ‘ਚ ਸਿੱਖ ਜੈਨੋਸਾਈਡ ਬਿੱਲ ਵਿਰੋਧੀ ਐਮ ਪੀ ਪੀਜ਼ ਅਤੇ ਮੰਤਰੀਆਂ ਨੂੰ ਜਿਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸ ਬਿੱਲ ਦੀ ਮੁਖਾਲਫਤ ਕੀਤੀ ਸੀ ਉਹਨਾਂ ਨੂੰ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ। ਅਮ੍ਰਿਤ ਮਾਂਗਟ ਐਮ ਪੀ ਪੀ ਨੇ ਵੀ ਨਗਰ ਕੀਰਤਨ ‘ਚ ਹਾਜ਼ਰੀ ਲਗਵਾਈ। ਪਤਾ ਲੱਗਾ ਹੈ ਕਿ ਪ੍ਰਬੰਧਕੀ ਕੌਂਸਲ ਵੱਲੋਂ ਓਨਟਾਰੀਓ ਸਰਕਾਰ ਨੂੰ ਇਕ ਈਮੇਲ ਭੇਜ ਕੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਇਕ ਸ਼ਰਧਾਵਾਨ ਵਿਅਕਤੀ ਵੱਜੋਂ ਕੋਈ ਵੀ ਆ ਸਕਦਾ ਹੈ ਪਰ ਇਸ ਬਿੱਲ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਰਾਜਨੀਤਕ ਨੂੰ ਸਟੇਜ ਤੇ ਬੋਲਣ ਅਤੇ ਹਾਜ਼ਰੀ ਲਵਾਉਣ ਦੀ ਇਜ਼ਾਜਤ ਨਹੀਂ ਹੋਵੇਗੀ। ਏਸੇ ਤਰਾ੍ਹਂ ਮਿਸੀਸਾਗਾ ਮਾਲਟਨ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ ਲੜਨ ਦੀ ਚਾਹਵਾਨ ਉਮੀਦਵਾਰ ਰਜਿੰਦਰ ਬੱਲ ਮਿਨਹਾਸ ਨੂੰ ਪ੍ਰਬੰਧਕਾਂ ਨੇ ਸਟੇਜ ਤੋਂ ਦੂਰ ਹੀ ਰੱਖਿਆ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …