ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ
ਚੀਫ ਜਸਟਿਸ ਨੇ 47ਵੇਂ ਰਾਸ਼ਟਰਪਤੀ ਵਜੋਂ ਦਿਵਾਇਆ ਹਲਫ
ਜੇਡੀ ਵਾਂਸ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ
ਵਾਸ਼ਿੰਗਟਨ : ਰਿਪਬਲਿਕਨ ਆਗੂ ਡੋਨਲਡ ਟਰੰਪ (78) ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ ਲੈ ਲਿਆ ਹੈ। ਯੂਐੱਸ ਕੈਪੀਟਲ ‘ਚ ਹੋਏ ਸਮਾਗਮ ਦੌਰਾਨ ਚੀਫ ਜਸਟਿਸ ਜੌਹਨ ਰੌਬਰਟਸ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ ਲੈਣ ‘ਤੇ ਉਨ੍ਹਾਂ ਨੂੰ ਤੋਪਾਂ ਨਾਲ ਸਲਾਮੀ ਦਿੱਤੀ ਗਈ। ਉਨ੍ਹਾਂ ਪਰਿਵਾਰ ਦੀ ਬਾਈਬਲ ਅਤੇ 1861 ‘ਚ ਰਾਸ਼ਟਰਪਤੀ ਵਜੋਂ ਹਲਫ ਲੈਣ ਵਾਲੇ ਅਬਰਾਹਮ ਲਿੰਕਨ ਵੱਲੋਂ ਵਰਤੀ ਗਈ ਬਾਈਬਲ ‘ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਸ ਤੋਂ ਪਹਿਲਾਂ ਜੇਡੀ ਵਾਂਸ ਨੇ ਆਪਣੀ ਪੜਦਾਦੀ ਵੱਲੋਂ ਦਿੱਤੀ ਬਾਈਬਲ ‘ਤੇ ਹੱਥ ਰੱਖ ਕੇ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ ਲਿਆ। ਅਮਰੀਕਾ ਦੇ ਸਿਖਰਲੇ ਅਹੁਦੇ ‘ਤੇ ਟਰੰਪ ਦਾ ਇਹ ਦੂਜਾ ਕਾਰਜਕਾਲ ਹੈ ਜਿਸ ‘ਚ ਉਨ੍ਹਾਂ ਅਮਰੀਕੀ ਅਦਾਰਿਆਂ ਨੂੰ ਨਵਾਂ ਰੂਪ ਦੇਣ ਦੇ ਐਲਾਨ ਕੀਤਾ ਹੈ।
ਕੜਾਕੇ ਦੀ ਠੰਢ ਕਾਰਨ ਟਰੰਪ ਦਾ ਹਲਫ਼ਦਾਰੀ ਸਮਾਗਮ ਅੰਦਰ ਖੁੱਲ੍ਹੇ ਹਾਲ ‘ਚ ਕੀਤਾ ਗਿਆ। ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਜੋਅ ਬਾਇਡਨ ਨੇ ਸੱਤਾ ਤਬਦੀਲੀ ਦੀਆਂ ਰਵਾਇਤਾਂ ਨੂੰ ਜਾਰੀ ਰਖਦਿਆਂ ਵ੍ਹਾਈਟ ਹਾਊਸ ‘ਚ ਡੋਨਲਡ ਟਰੰਪ ਦਾ ਚਾਹ ਅਤੇ ਕੌਫੀ ‘ਤੇ ਸਵਾਗਤ ਕੀਤਾ। ਉਨ੍ਹਾਂ ਟਰੰਪ ਨਾਲ ਹੱਥ ਮਿਲਾਉਂਦਿਆਂ ਕਿਹਾ, ”ਘਰ ਵਾਪਸੀ ਦਾ ਸਵਾਗਤ ਹੈ।” ਹਲਫ਼ਦਾਰੀ ਸਮਾਗਮ ‘ਚ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਮੂਲੀਅਤ ਕੀਤੀ। ਸੂਤਰਾਂ ਮੁਤਾਬਕ ਉਹ ਟਰੰਪ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖਿਆ ਪੱਤਰ ਵੀ ਲੈ ਕੇ ਗਏ ਹਨ। ਇਸ ਮੌਕੇ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਟਰੰਪ ਨੇ ਪਰਿਵਾਰ ਸਮੇਤ ਸੇਂਟ ਜੌਹਨਸ ਐਪਿਸਕੋਪਲ ਚਰਚ ‘ਚ ਪ੍ਰਾਰਥਨਾ ਕੀਤੀ। ਹਲਫ਼ ਲੈਣ ਤੋਂ ਬਾਅਦ 200 ਤੋਂ ਵਧ ਮਹਿਮਾਨਾਂ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ‘ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਨ੍ਹਾਂ ਦੇ ਪਰਿਵਾਰ, ਅਮਰੀਕੀ ਸੁਪਰੀਮ ਕੋਰਟ ਦੇ ਜੱਜ, ਮਨੋਨੀਤ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਮੈਂਬਰ ਸ਼ਾਮਲ ਹੋਣਗੇ। ਹਲਫ਼ਦਾਰੀ ਸਮਾਗਮ ‘ਚ ਇਵਾਂਕਾ ਟਰੰਪ, ਲਾਰਾ ਟਰੰਪ, ਰੌਬਰਟ ਐੱਫ ਕੈਨੇਡੀ ਜੂਨੀਅਰ, ਤੁਲਸੀ ਗਾਬਾਰਡ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ, ਐਪਲ ਦੇ ਟਿਮ ਕੁਕ, ਰੂਪਰਟ ਮਰਡੋਕ, ਸੈਨੇਟਰ ਮਾਰਕੋ ਰੂਬੀਓ, ਸੀਨ ਡਫੀ, ਟਿਕਟੌਕ ਦੇ ਸੀਈਓ ਸ਼ੋਊ ਚਿਊ, ਟੈਸਲਾ ਦੇ ਮੁਖੀ ਐਲਨ ਮਸਕ, ਮਾਈਕ ਵਾਲਟਜ਼, ਕਾਸ਼ ਪਟੇਲ, ਭਾਰਤ-ਅਮਰੀਕੀ ਆਗੂ ਵਿਵੇਕ ਰਾਮਾਸਵਾਮੀ, ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ, ਜੈੱਫ ਬੇਜ਼ੋਸ, ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਸਮੇਤ ਹੋਰ ਹਸਤੀਆਂ ਹਾਜ਼ਰ ਸਨ।
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਸਾਰੇ 1500 ਵਿਅਕਤੀਆਂ ਨੂੰ ਉਨ੍ਹਾਂ ਦੇ ਅਪਰਾਧ ਲਈ ਮੁਆਫੀ ਦੇ ਦਿੱਤੀ ਹੈ। ਇਨ੍ਹਾਂ ‘ਚ ਉਹ ਵਿਅਕਤੀ ਵੀ ਸ਼ਾਮਲ ਹਨ ਜੋ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ੀ ਹਨ। ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਆਪਣੀਆਂ ਮੁਆਫ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਅਤੇ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ‘ਚ ਕਿਸੇ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਜਾਂਚ ਤੇ ਕੇਸ ਖਤਮ ਕਰ ਦਿੱਤਾ ਹੈ। ਟਰੰਪ ਨੇ ਅਟਾਰਨੀ ਜਨਰਲ ਨੂੰ ਛੇ ਜਨਵਰੀ ਦੇ ਦੋਸ਼ੀਆਂ ਖਿਲਾਫ ਦਾਇਰ ਤਕਰੀਬਨ 450 ਕੇਸ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਉਨ੍ਹਾਂ ‘ਵ੍ਹਾਈਟ ਹਾਊਸ’ ‘ਚ ਵਾਪਸੀ ਤੋਂ ਪਹਿਲਾਂ ਕਿਹਾ ਸੀ ਕਿ ਉਹ ਛੇ ਜਨਵਰੀ ਦੇ ਦੋਸ਼ੀਆਂ ਦੇ ਹਰ ਮਾਮਲੇ ‘ਤੇ ਗੌਰ ਕਰਨਗੇ।
ਡੋਨਲਡ ਟਰੰਪ ਨੇ ਬਰਿਕਸ ਮੁਲਕਾਂ, ਜਿਸਦਾ ਭਾਰਤ ਵੀ ਹਿੱਸਾ ਹੈ, ਨੂੰ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਡਾਲਰ ਨੂੰ ਬਦਲਣ ਲਈ ਕੋਈ ਕਦਮ ਚੁੱਕਿਆ ਤਾਂ ਉਹ ਉਨ੍ਹਾਂ ‘ਤੇ ਸੌ ਫੀਸਦ ਟੈਕਸ ਲਾਉਣਗੇ। ਉਨ੍ਹਾਂ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ‘ਤੇ 25 ਫੀਸਦ ਟੈਕਸ ਲਾਉਣ ਦਾ ਐਲਾਨ ਵੀ ਕੀਤਾ। ਬੀਤੇ ਦਿਨ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਟਰੰਪ ਨੇ ਕਿਹਾ, ‘ਜੇ ਬਰਿਕਸ ਮੁਲਕ ਇਹ ਕਰਨਾ ਚਾਹੁੰਦੇ ਹਨ (ਡਾਲਰ ਨੂੰ ਤਬਦੀਲ) ਤਾਂ ਕੋਈ ਗੱਲ ਨਹੀਂ ਪਰ ਅਸੀਂ ਅਮਰੀਕਾ ਨਾਲ ਉਨ੍ਹਾਂ ਦੇ ਵਪਾਰ ‘ਤੇ ਘੱਟ ਤੋਂ ਘੱਟ ਸੌ ਫੀਸਦ ਟੈਰਿਫ ਲਾਉਣ ਜਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਆਲਮੀ ਕਾਰੋਬਾਰ ਲਈ ਡਾਲਰ ਦੀ ਵਰਤੋਂ ਘਟਾਉਣ ਬਾਰੇ ਸੋਚਿਆ ਵੀ ਤਾਂ ਉਨ੍ਹਾ ‘ਤੇ ਸੌ ਫੀਸਦ ਟੈਕਸ ਲਗਾ ਦਿੱਤਾ ਜਾਵੇਗਾ। ਬਰਿਕਸ ਦਸ ਮੁਲਕਾਂ ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਯੂਏਈ ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਟਰੰਪ ਨੇ ਦਸੰਬਰ ‘ਚ ਵੀ ਅਜਿਹੇ ਕਦਮ ਖਿਲਾਫ ਚਿਤਾਵਨੀ ਦਿੱਤੀ ਸੀ। ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ‘ਤੇ 25 ਫੀਸਦ ਟੈਕਸ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਕੈਨੇਡਾ-ਮੈਕਸੀਕੋ ‘ਤੇ 25% ਟੈਰਿਫ ਲਗਾਉਣ ਦੇ ਡੋਨਾਲਡ ਟਰੰਪ ਦੀ ਯੋਜਨਾ ‘ਤੇ ਵਿਵਾਦ