Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਮੰਤਰੀ ਮੰਡਲ ‘ਚ ਦੀਵਾਲੀ ਤੋਂ ਪਹਿਲਾਂ ਹੋ ਸਕਦੈ ਵਿਸਥਾਰ

ਪੰਜਾਬ ਮੰਤਰੀ ਮੰਡਲ ‘ਚ ਦੀਵਾਲੀ ਤੋਂ ਪਹਿਲਾਂ ਹੋ ਸਕਦੈ ਵਿਸਥਾਰ

ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਦੀ ਸੰਭਾਵਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ਵਿਚ ਦੀਵਾਲੀ ਤੋਂ ਪਹਿਲਾਂ ਵਿਸਥਾਰ ਹੋ ਸਕਦਾ ਹੈ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਹੋਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ ਹਾਈਕਮਾਨ ਨੇ ਕੈਬਨਿਟ ਮੰਤਰੀਆਂ ਦੀਆਂ ਤਿੰਨ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਲਈ ਕੈਬਨਿਟ ਦੇ ਵਿਸਥਾਰ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਦੇ ਕੇ ਦੀਵਾਲੀ ਦਾ ਤੋਹਫ਼ਾ ਦੇ ਸਕਦੇ ਹਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਦੂਜੀ ਵਾਰੀ ਵਿਧਾਇਕਾ ਬਣੀ ਪ੍ਰੋ. ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ ‘ਚੋਂ ਕਿਸੇ ਇਕ ਨੂੰ ਮੰਤਰੀ ਮੰਡਲ ‘ਚ ਸਥਾਨ ਮਿਲ ਸਕਦਾ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਬੁੱਧ ਰਾਮ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ।
ਪਾਰਟੀ ਪਹਿਲਾਂ ਹੀ ਦੂਜੀ ਵਾਰੀ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਰੋੜੀ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਤੇ ‘ਸੈੱਟ’ ਕਰ ਚੁੱਕੀ ਹੈ ਜਦ ਕਿ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਚੁੱਕਾ ਹੈ। ਇਸ ਤਰ੍ਹਾਂ ਦੂਜੀ ਵਾਰੀ ਵਿਧਾਇਕ ਬਣੇ ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਤਰੀ ਮੰਡਲ ‘ਚ ਥਾਂ ਮਿਲ ਸਕਦੀ ਹੈ।
ਦੱਸਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ ‘ਚ ਮੁੱਖ ਮੰਤਰੀ ਸਮੇਤ 18 ਕੈਬਨਿਟ ਮੰਤਰੀ ਬਣਾਏ ਜਾ ਸਕਦੇ ਹਨ। ਇਸ ਸਮੇਂ 14 ਕੈਬਨਿਟ ਮੰਤਰੀ ਹਨ ਅਤੇ ਤਿੰਨ ਸੀਟਾਂ ਖਾਲੀ ਪਈਆਂ ਹਨ।
ਜ਼ਿਕਰਯੋਗ ਹੈ ਕਿ ਆਡੀਓ ਮਾਮਲੇ ਵਿਚ ਘਿਰੇ ਫੌਜਾ ਸਿੰਘ ਸਰਾਰੀ ਦੀ ਜੇਕਰ ਕੈਬਨਿਟ ਮੰਤਰੀ ਅਹੁਦੇ ਤੋਂ ਛੁੱਟੀ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਜਗ੍ਹਾ ‘ਤੇ ਵੀ ਕੋਈ ਨਵਾਂ ਮੰਤਰੀ ਬਣਾਇਆ ਜਾ ਸਕਦਾ ਹੈ। ਪ੍ਰੋ. ਬਲਜਿੰਦਰ ਕੌਰ ਅਤੇ ਬੀਬੀ ਸਰਬਜੀਤ ਕੌਰ ਮਾਣੂਕੇ ਵਿਚੋਂ ਇਕ ਨੂੰ ਮੰਤਰੀ ਬਣਾਏ ਜਾਣ ਦੇ ਚਰਚੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਜਿਸ ਨੂੰ ਮੰਤਰੀ ਦੀ ਕੁਰਸੀ ਨਹੀਂ ਮਿਲੇਗੀ, ਉਸ ਦਾ ਕੀ ਰੁਖ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ।
ਫੌਜਾ ਸਿੰਘ ਸਰਾਰੀ ਦੀ ਹੋ ਸਕਦੀ ਹੈ ਮੰਤਰੀ ਅਹੁਦੇ ਤੋਂ ਛੁੱਟੀ
ਸਿਆਸੀ ਹਲਕਿਆਂ ਵਿਚ ਇਹ ਗੱਲ ਵੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਮੰਤਰੀ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਜਾ ਸਿੰਘ ਸਰਾਰੀ ਨੂੰ ਆਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਸਰਾਰੀ ਅਤੇ ਉਨ੍ਹਾਂ ਦੇ ਓਐੱਸਡੀ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਵਿਰੋਧੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਕਈ ਹੋਰ ਆਗੂ ‘ਆਪ’ ਸਰਕਾਰ ਖ਼ਾਸ ਕਰਕੇ ਮੁੱਖ ਮੰਤਰੀ ਨੂੰ ਇਸ ਗੱਲੋਂ ਘੇਰ ਰਹੇ ਹਨ ਕਿ ਜਦੋਂ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਕੋਈ ਸਾਬੂਤ ਜਨਤਕ ਨਾ ਹੋਣ ‘ਤੇ ਵੀ ਉਸ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ ਤਾਂ ਇਕ ਮੰਤਰੀ ਦੀ ਆਡੀਓ ਜਨਤਕ ਹੋਣ ਦੇ ਬਾਵਜੂਦ ਕਿਉਂ ਬਚਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਆਰੋਪਾਂ ਤਹਿਤ ਕੈਬਨਿਟ ਮੰਤਰੀ ਵਿਜੇ ਸਿੰਗਲਾ ਕੋਲੋਂ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ ਸੀ।

 

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …