‘ਆਪ’ ਨੂੰ ਕਬੂਲ ਨਹੀਂ ਸਿੱਧੂ
ਡਿਪਟੀ ਸੀਐਮ ਅਹੁਦੇ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਮੰਗ ਰਹੇ ਸਨ 40 ਸੀਟਾਂ, ਜਿਸ ‘ਤੇ ਸਹਿਮਤ ਨਹੀਂ ਹੋਈ ‘ਆਪ’ ਦੀ ਹਾਈ ਕਮਾਂਡ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਗੱਲ ਇਕ ਵਾਰ ਫਿਰ ਟੁੱਟ ਗਈ। ਸਿੱਧੂ ਨੇ ਇਸ ਸਮਝੌਤੇ ਦੇ ਲਈ ‘ਆਪ’ ਦੀ ਹਾਈ ਕਮਾਂਡ ਦੇ ਸਾਹਮਣੇ ਜੋ ਸ਼ਰਤਾਂ ਰੱਖੀਆਂ ਸਨ, ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੋਈਆਂ ਤੇ ਗੱਲ ਸਿਰੇ ਨਹੀਂ ਚੜ੍ਹ ਸਕੀ। ਹੁਣ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਸਭ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਆਪਣੇ ਲਈ ਡਿਪਟੀ ਸੀਐਮ ਦਾ ਅਹੁਦਾ ਤੇ ਆਵਾਜ਼-ਏ-ਪੰਜਾਬ ਮੋਰਚੇ ਲਈ 40 ਸੀਟਾਂ ਮੰਗ ਰਹੇ ਸਨ, ਜੋ ਆਮ ਆਦਮੀ ਪਾਰਟੀ ਨੂੰ ਰਤਾ ਵੀ ਮਨਜ਼ੂਰ ਨਹੀਂ ਸੀ। ਹੁਣ ਸਿੱਧੂ ਧੜੇ ਦੀ ਗੱਲਬਾਤ ਕਾਂਗਰਸ ਨਾਲ ਫਿਲਹਾਲ ਚੱਲ ਰਹੀ ਹੈ। ਹੁਣ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਕਾਂਗਰਸ ਹੀ ਇਕ ਮਾਤਰ ਵਿਕਲਪ ਹੈ ਜਾਂ ਫਿਰ ਅੱਕ ਚੱਬਦਿਆਂ ਉਨ੍ਹਾਂ ਨੂੰ ਭਾਜਪਾ ਵੱਲ ਮੁੜਨਾ ਪਵੇਗਾ ਜਾਂ ਫਿਰ ਛੋਟੇਪੁਰ ਨੂੰ ਜੱਫੀ ਪਾਉਣੀ ਪਵੇਗੀ। ਕੰਵਰ ਸੰਧੂ ਦਾ ਕਹਿਣਾ ਹੈ ਕਿ ਸਿੱਧੂ ਅਤੇ ਪਰਗਟ ਸਿੰਘ ਦੀਆਂ ਆਪ ਲੀਡਰਸ਼ਿਪ ਨਾਲ 7 ਤੋਂ 8 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਜੋ ਸ਼ਰਤਾਂ ਉਹ ਰੱਖ ਰਹੇ ਹਨ, ਉਨ੍ਹਾਂ ‘ਤੇ ਸਹਿਮਤੀ ਬਣਨ ਦਾ ਕੋਈ ਆਸਾਰ ਨਹੀਂ ਹੈ।
ਸਿੱਧੂ ਨੇ ਇਹ ਰੱਖੀਆਂ ਸਨ ਸ਼ਰਤਾਂ
ੲ ਸਿੱਧੂ ਨੂੰ ਡਿਪਟੀ ਸੀਐਮ ਦਾ ਅਹੁਦਾ ਦਿੱਤਾ ਜਾਵੇ।
ੲ ਆਵਾਜ਼-ਏ-ਪੰਜਾਬ ਮੋਰਚੇ ਨੂੰ 40 ਸੀਟਾਂ ਦਿਓ।
ੲ ਸਾਡੇ ਚਾਰ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਓ।
ੲ ਬੋਰਡ ਕਾਰਪੋਰੇਸ਼ਨਾਂ ਦੀਆਂ 6 ਚੇਅਰਮੈਨੀਆਂ ਦਿਓ।
ਸ਼ਰਤਾਂ ‘ਤੇ ਸਮਝੌਤਾ ਨਹੀਂ : ਜਰਨੈਲ ਸਿੰਘ
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ ਕਨਵੀਨਰ ਜਰਨੈਲ ਸਿੰਘ ਨੇ ਆਖਿਆ ਕਿ ਸਾਡੀ ਪਾਰਟੀ ਸਿਧਾਂਤਾਂ ਦੇ ਰਾਹ ‘ਤੇ ਚਲਦੀ ਹੈ। ਸ਼ਰਤਾਂ ਦੇ ਆਧਾਰ ‘ਤੇ ਕਿਸੇ ਨਾਲ ਵੀ ਸਮਝੌਤਾ ਨਹੀਂ ਕਰ ਸਕਦੇ। ਪਾਰਟੀ ਵਿਚ ਜਿਸ ਨੇ ਆਉਣਾ ਹੈ, ਉਹ ਬਿਨਾ ਸ਼ਰਤ ਆਵੇ। ਇਹ ਆਮ ਆਦਮੀ ਪਾਰਟੀ ਦਾ ਸਿੱਧਾ ਤੇ ਸਪੱਸ਼ਟ ਸਿਧਾਂਤ ਹੈ। ਨਵਜੋਤ ਸਿੰਘ ਸਿੱਧੂ ਹੀ ਨਹੀਂ ਚਾਹੇ ਕੋਈ ਹੋਵੇ। ਆਮ ਆਦਮੀ ਪਾਰਟੀ ਵਿਚ ਆਉਣਾ ਚਾਹੁੰਦੇ ਹਨ ਤਾਂ ਪਾਰਟੀ ਦੇ ਸਿਧਾਂਤ ਤਾਂ ਅਪਣਾਉਣੇ ਹੀ ਪੈਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …