Breaking News
Home / ਹਫ਼ਤਾਵਾਰੀ ਫੇਰੀ / ਅਮਰੂਦ ਬਾਗ ਘੁਟਾਲਾ

ਅਮਰੂਦ ਬਾਗ ਘੁਟਾਲਾ

ਆਬਕਾਰੀ ਕਮਿਸ਼ਨਰ ਵਰੁਣ ਰੂਜਮ ਅਤੇ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੇ ਘਰ ‘ਤੇ ਈਡੀ ਦੀ ਰੇਡ
ਰੂਜਮ ਦੇ ਘਰ ਦੇ ਬਾਹਰ ਪਾਰਕ ‘ਚ ਮਿਲੇ ਫਟੇ ਦਸਤਾਵੇਜ਼

ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਜ਼ਿਲ੍ਹੇ ਵਿਚ ਹੋਏ 137 ਕਰੋੜ ਰੁਪਏ ਦੇ ਅਮਰੂਦ ਬਾਗ ਘੁਟਾਲੇ ਦੇ ਮਾਮਲੇ ਵਿਚ ਵਿਜੀਲੈਂਸ ਤੋਂ ਬਾਅਦ ਹੁਣ ਇਨਫਰੋਸਮੈਂਟ ਡਾਇਰੈਕਟਰੋਟ (ਈਡੀ) ਨੇ ਬੁੱਧਵਾਰ ਨੂੰ ਚੰਡੀਗੜ੍ਹ, ਮੋਹਾਲੀ, ਫਿਰੋਜ਼ਪੁਰ, ਪਟਿਆਲਾ, ਬਰਨਾਲਾ ਅਤੇ ਬਠਿੰਡਾ ਸਣੇ ਪੰਜਾਬ ਵਿਚ 22 ਥਾਵਾਂ ‘ਤੇ ਰੇਡ ਕੀਤੀ ਹੈ। ਈਡੀ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਚੰਡੀਗੜ੍ਹ ‘ਚ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸੈਕਟਰ-20 ਵਿਚਲੀ ਰਿਹਾਇਸ਼ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇ ਮਾਰੇ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਈਡੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਕੇ ਪਟਿਆਲਾ ਲਿਆਂਦਾ ਜਿੱਥੇ ਉਨ੍ਹਾਂ ਧੀਮਾਨ ਦੇ ਪ੍ਰਾਈਵੇਟ ਚਾਰਟਰਡ ਅਕਾਊਂਟੈਂਟ ਅਨਿਲ ਅਰੋੜਾ ਦੇ ਘਰ ਦੀ ਤਲਾਸ਼ੀ ਲਈ। ਈਡੀ ਨੇ ਚੰਡੀਗੜ੍ਹ ਤੋਂ ਇਲਾਵਾ ਮੁਹਾਲੀ ਦੇ ਪਿੰਡ ਬਾਕਰਪੁਰ, ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲਾ ‘ਚ ਛਾਪੇ ਮਾਰੇ। ਪਿੰਡ ਬਾਕਰਪੁਰ ‘ਚ ਕੁਝ ਘਰਾਂ ਦੀ ਤਲਾਸ਼ੀ ਲਈ ਗਈ। ਬਠਿੰਡਾ ‘ਚ ਤਿੰਨ ਥਾਵਾਂ ‘ਤੇ ਛਾਪੇ ਮਾਰੇ ਗਏ। ਈਡੀ ਨੂੰ ਵਰੁਣ ਰੂਜ਼ਮ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਨੇੜਿਓਂ ਫਟੇ ਹੋਏ ਕਾਗਜ਼ਾਤ ਵੀ ਮਿਲੇ ਜਿਨ੍ਹਾਂ ਦੀ ਪੜਤਾਲ ਕੀਤੀ ਜਾਣੀ ਬਾਕੀ ਹੈ। ਈਡੀ ਅਧਿਕਾਰੀਆਂ ਨੇ ਘਰਾਂ ਵਿਚ ਪਏ ਰਿਕਾਰਡ ਦੀ ਜਾਂਚ ਵੀ ਕੀਤੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ 2 ਮਈ 2023 ਨੂੰ 137 ਕਰੋੜ ਦੇ ‘ਬਾਗ ਘੁਟਾਲੇ’ ‘ਚ ਕੇਸ ਦਰਜ ਕੀਤਾ ਸੀ। ਹੁਣ ਤੱਕ ਇਸ ਕੇਸ ਵਿਚ 100 ਤੋਂ ਜ਼ਿਆਦਾ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ‘ਚੋਂ 21 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 33 ਵਿਅਕਤੀਆਂ ਖਿਲਾਫ ਦੋਸ਼ ਆਇਦ ਹੋ ਚੁੱਕੇ ਹਨ। ਵਿਜੀਲੈਂਸ ਦੇ ਕੇਸ ਨੂੰ ਆਧਾਰ ਬਣਾ ਕੇ ਹੀ ਈਡੀ ਨੇ ਕੇਸ ਦਰਜ ਕਰਕੇ ਤਫਤੀਸ਼ ਕੀਤੀ ਜਿਸ ਮਗਰੋਂ ਇਹ ਛਾਪੇ ਮਾਰੇ ਗਏ ਹਨ। ਬਾਗਾਂ ਦਾ ਮੁਆਵਜ਼ਾ ਕਰੀਬ 106 ਲੋਕਾਂ ਨੇ ਹਾਸਲ ਕੀਤਾ ਹੈ।
ਇਸ ਘਪਲੇ ਵਿਚ ਭੁਪਿੰਦਰ ਸਿੰਘ ਆਦਿ ਨੇ ਸਭ ਤੋਂ ਵੱਧ 23.79 ਕਰੋੜ ਦੀ ਰਾਸ਼ੀ ਬਾਗਾਂ ਦੇ ਨਾਮ ਹੇਠ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੀ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਨੇ ਵੀ ਪਿੰਡ ਬਾਕਰਪੁਰ ਵਿਚ ਐਕੁਆਇਰ ਜ਼ਮੀਨ ਬਦਲੇ 1.17 ਕਰੋੜ ਰੁਪਏ ਦਾ ਅਤੇ ਵਰੁਣ ਰੂਜ਼ਮ ਦੇ ਪਰਿਵਾਰ ਨੇ 1.32 ਕਰੋੜ ਮੁਆਵਜ਼ਾ ਹਾਸਲ ਕੀਤਾ ਜਿਸ ‘ਚੋਂ ਬਾਗ ਮੁਆਵਜ਼ਾ ਅਦਾਲਤੀ ਹੁਕਮਾਂ ‘ਤੇ ਖਜ਼ਾਨੇ ਵਿੱਚ ਜਮ੍ਹਾ ਕਰਾਇਆ ਗਿਆ।
ਇਹ ਸੀ ਮਾਮਲਾ
ਮੁਹਾਲੀ ਜ਼ਿਲ੍ਹੇ ‘ਚ ਜ਼ਮੀਨ ਐਕੁਆਇਰ ਕਰਨ ਤੋਂ ਪਹਿਲਾਂ ਇੱਥੇ ਕੁਝ ਵਿਅਕਤੀਆਂ ਨੇ ਅਮਰੂਦ ਦੇ ਪੌਦੇ ਲਗਾ ਦਿੱਤੇ ਸਨ। ਗਮਾਡਾ ਦੇ ਅਫਸਰਾਂ ਦੇ ਨਾਲ ਮਿਲ ਕੇ ਇਨ੍ਹਾਂ ਪੌਦਿਆਂ ਦੀ ਉਮਰ 4 ਤੋਂ 5 ਸਾਲ ਦਿਖਾਈ ਗਈ। ਅਜਿਹੇ ਵਿਚ ਇਸਦਾ ਮੁਆਵਜ਼ਾ ਕਾਫੀ ਜ਼ਿਆਦਾ ਬਣਿਆ।
ਇਸ ਤਰ੍ਹਾਂ ਨਾਲ ਕਈ ਲੋਕਾਂ ਨੇ ਗਲਤ ਤਰੀਕੇ ਨਾਲ ਮੁਆਵਜ਼ਾ ਲੈ ਲਿਆ। ਮਾਮਲੇ ਵਿਚ 137 ਕਰੋੜ ਰੁਪਏ ਮੁਆਵਜ਼ੇ ਦੇ ਤੌਰ ‘ਤੇ ਜਾਰੀ ਕੀਤੇ ਗਏ। ਇਸ ਵਿਚ ਆਈਪੀਐਸ ਅਧਿਕਾਰੀਆਂ ਦੀਆਂ ਪਤਨੀਆਂ ਵੀ ਸ਼ਾਮਲ ਹਨ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …