Breaking News
Home / ਹਫ਼ਤਾਵਾਰੀ ਫੇਰੀ / ਪੰਜਾਬ, ਹਰਿਆਣਾ ਤੇ ਉਤਰੀ ਭਾਰਤ ‘ਚ ਪਏ ਭਾਰੀ ਮੀਂਹ ਨੇ ਪੰਜਾਬ ‘ਚ ਲਿਆਂਦਾ ਹੜ੍ਹ

ਪੰਜਾਬ, ਹਰਿਆਣਾ ਤੇ ਉਤਰੀ ਭਾਰਤ ‘ਚ ਪਏ ਭਾਰੀ ਮੀਂਹ ਨੇ ਪੰਜਾਬ ‘ਚ ਲਿਆਂਦਾ ਹੜ੍ਹ

ਪੰਜਾਬ ਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ
ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਤੇ ਵਿਧਾਇਕਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸਮਾਜ ਸੇਵੀ ਜਥੇਬੰਦੀਆਂ ਵਲੋਂ ਹੜ੍ਹ ਪੀੜਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਣੇ ਉਤਰੀ ਭਾਰਤ ਵਿਚ ਪਿਛਲੇ ਦਿਨੀਂ ਪਏ ਮੀਂਹ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ। ਭਾਵੇਂ ਪੰਜਾਬ ਵਿਚ ਮੌਸਮ ਸਾਫ ਹੋ ਗਿਆ ਹੈ, ਪਰ ਪੰਜਾਬ ਦੇ ਸੈਂਕੜੇ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ। ਫੌਜ ਦੇ ਜਵਾਨਾਂ ਵਲੋਂ ਪਾਣੀ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਸਾਰੇ ਮੰਤਰੀ, ਵਿਧਾਇਕ ਅਤੇ ਪ੍ਰਸ਼ਾਸਨ ਪੀੜਤ ਲੋਕਾਂ ਦੀ ਮੱਦਦ ਲਈ ਜੁਟਿਆ ਹੋਇਆ ਹੈ। ਰੂਪਨਗਰ, ਮੁਹਾਲੀ, ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਕਪੂਰਥਲਾ ਅਤੇ ਨਵਾਂਸਹਿਰ ਜ਼ਿਲ੍ਹਿਆਂ ਵਿਚ ਮੀਂਹ ਦੇ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ ਅਤੇ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਪੰਜਾਬ ਵਿਚ ਕਈ ਥਾਵਾਂ ‘ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸਦੇ ਚੱਲਦਿਆਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਫਸੇ ਯਾਤਰੀਆਂ ਦੀ ਸਹੂਲਤ ਲਈ ਐਸਜੀਪੀਸੀ ਵਲੋਂ ਲੰਗਰ ਛਕਾਇਆ ਜਾ ਰਿਹਾ ਹੈ। ਹੋਰ ਵੀ ਕਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਪੀੜਤ ਲੋਕਾਂ ਨੂੰ ਖਾਣ ਵਾਲਾ ਸਮਾਨ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿਚ ਬਣੀ ਹੜ੍ਹਾਂ ਵਰਗੀ ਸਥਿਤੀ ਦੇ ਚੱਲਦਿਆਂ ਵਿਰੋਧੀ ਪਾਰਟੀਆਂ ਨੇ ਭਗਵੰਤ ਸਰਕਾਰ ‘ਤੇ ਸਵਾਲ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੇ ਹਾਲਾਤ ਨਾਲ ਨਿਪਟਣ ਬਾਰੇ ਕੁਝ ਵੀ ਪਤਾ ਨਹੀਂ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਪੰਜਾਬ ਵਿਚ ਬਣੀ ਅਜਿਹੀ ਸਥਿਤੀ
ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੌਸਮ ਨੂੰ ਧਿਆਨ ਵਿਚ ਰੱਖਦਿਆ ਅਗਾਊਂ ਪ੍ਰਬੰਧ ਨਹੀਂ ਕੀਤੇ। ਇਸੇ ਤਰ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੇ ਵੀ ਮੀਂਹ ਦੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ।
ਇੱਕ-ਇੱਕ ਪੈਸੇ ਦੀ ਭਰਪਾਈ ਕਰਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਪੂਰਤੀ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਹਾਲਾਤ ਉੱਤੇ ਪਲ-ਪਲ ਨਜ਼ਰ ਰੱਖ ਰਹੇ ਹਨ ਅਤੇ ਸਾਰੀਆਂ ਰਿਪੋਰਟਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ‘ਚ ਲੋਕਾਂ ਨੂੰ ਬਚਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਮਸ਼ੀਨਰੀ ਦਾ ਵਿਆਪਕ ਪ੍ਰਬੰਧ ਕੀਤਾ ਗਿਆ ਹੈ।

 

Check Also

ਚੁੱਪ-ਚੁਪੀਤੇ ਹੀ ਤੁਰ ਗਿਆ ਪੰਜਾਬੀ ਮਾਂ ਬੋਲੀ ਦਾ ਪੁੱਤ

ਪੰਜਾਬੀ ਮਾਂ ਬੋਲੀ ਦਾ ਪੁੱਤ ਪਦਮਸ੍ਰੀ ਡਾ. ਸੁਰਜੀਤ ਪਾਤਰ ਚੁੱਪ-ਚੁਪੀਤੇ ਹੀ 11 ਮਈ 2024 ਨੂੰ …