Breaking News
Home / ਸੰਪਾਦਕੀ / ਉੱਤਰੀ ਭਾਰਤ ‘ਚ ਹੜ੍ਹਾਂ ਨਾਲ ਮਚੀ ਤਬਾਹੀ

ਉੱਤਰੀ ਭਾਰਤ ‘ਚ ਹੜ੍ਹਾਂ ਨਾਲ ਮਚੀ ਤਬਾਹੀ

ਬਰਸਾਤ ਦੇ ਮੌਸਮ ਵਿਚ ਆਏ ਭਾਰੀ ਮੀਂਹ ਨੇ ਉੱਤਰੀ ਭਾਰਤ ਵਿਚ ਇਕ ਤਰ੍ਹਾਂ ਨਾਲ ਸਾਰੇ ਪਾਸੇ ਤਬਾਹੀ ਹੀ ਮਚਾ ਦਿੱਤੀ ਹੈ। ਪੰਜਾਬ ਦੇ ਨਾਲ ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਮੀਹਾਂ ਦੇ ਇਸ ਕਹਿਰ ਨਾਲ ਬੇਹੱਦ ਪ੍ਰਭਾਵਿਤ ਹੋਏ ਹਨ। ਹਾਲੇ ਹੋਏ ਅਤੇ ਹੋ ਰਹੇ ਬੇਹੱਦ ਨੁਕਸਾਨ ਦਾ ਜਾਇਜ਼ਾ ਲੈਣਾ ਬਹੁਤ ਮੁਸ਼ਕਿਲ ਹੈ। ਭਾਰੀ ਹੜ੍ਹਾਂ ਅਤੇ ਮੀਹਾਂ ‘ਤੇ ਤਾਂ ਕਿਸੇ ਦਾ ਵੱਸ ਨਹੀਂ ਚੱਲਦਾ ਪਰ ਸੰਬੰਧਿਤ ਸਰਕਾਰਾਂ ਵਲੋਂ ਸਮਾਂ ਰਹਿੰਦਿਆਂ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਚਾਹੇ ਖ਼ਰਾਬ ਹੋ ਰਹੇ ਹਾਲਾਤ ਨੂੰ ਦੇਖਦਿਆਂ ਸੰਬੰਧਿਤ ਸਰਕਾਰਾਂ ਵਲੋਂ ਆਪੋ-ਆਪਣੇ ਪ੍ਰਸ਼ਾਸਨਾਂ ਨੂੰ ਹਰ ਢੰਗ-ਤਰੀਕੇ ਨਾਲ ਇਸ ਦਾ ਮੁਕਾਬਲਾ ਕਰਨ ਲਈ ਕਿਹਾ ਗਿਆ ਹੈ। ਮੁੱਖ ਮੰਤਰੀਆਂ ਸਮੇਤ ਵੱਡੇ-ਛੋਟੇ ਸਰਕਾਰੀ ਅਮਲੇ ਵੀ ਜ਼ਮੀਨੀ ਪੱਧਰ ਦਾ ਜਾਇਜ਼ਾ ਲੈ ਰਹੇ ਹਨ ਅਤੇ ਲੋਕਾਂ ਨੂੰ ਵਿਸ਼ਵਾਸ ਵੀ ਦੁਆ ਰਹੇ ਹਨ ਪਰ ਸਾਡੀ ਸੂਚਨਾ ਮੁਤਾਬਿਕ ਸੂਬੇ ਵਿਚ ਕੁਝ ਮਹੀਨੇ ਪਹਿਲਾਂ ਤੋਂ ਹੀ ਬਰਸਾਤ ਦੌਰਾਨ ਪੈਦਾ ਹੋ ਸਕਦੀਆਂ ਸਥਿਤੀਆਂ ਦੇ ਸਾਹਮਣੇ ਲਈ ਸੰਬੰਧਿਤ ਸਰਕਾਰਾਂ ਨੇ ਤਿਆਰੀਆਂ ਨਹੀਂ ਸਨ ਕੀਤੀਆਂ। ਇਨ੍ਹਾਂ ਵਿਚ ਬੰਨ੍ਹਾਂ ਨੂੰ ਪੱਕੇ ਕੀਤਾ ਜਾਣਾ, ਸੇਮ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲਿਆਂ ਨੂੰ ਸਾਫ਼ ਕਰਨਾ ਅਤੇ ਸ਼ਹਿਰਾਂ ਵਿਚ ਸੀਵਰੇਜ ਦੇ ਪ੍ਰਬੰਧ ਨੂੰ ਚੁਸਤ-ਦਰੁਸਤ ਰੱਖਣਾ ਆਦਿ ਸ਼ਾਮਿਲ ਹੋਣਾ ਚਾਹੀਦਾ ਸੀ ਪਰ ਜ਼ਮੀਨੀ ਪੱਧਰ ‘ਤੇ ਪਹਿਲਾਂ ਪੂਰੀ ਤਰ੍ਹਾਂ ਅਜਿਹੀਆਂ ਤਿਆਰੀਆਂ ਨਹੀਂ ਸਨ ਕੀਤੀਆਂ ਗਈਆਂ। ਇਸ ਦੀ ਬਜਾਏ ਸੰਬੰਧਿਤ ਸਿਆਸੀ ਅਤੇ ਸਰਕਾਰੀ ਵਿਅਕਤੀ ਹੋਰ ਦੂਸਰੇ ਕੰਮਾਂ ਵਿਚ ਕਾਫ਼ੀ ਵਿਅਸਤ ਅਤੇ ਰੁੱਝੇ ਰਹੇ। ਹੁਣ ਜਦੋਂ ਕਿ ਕੌੜੀ ਹਕੀਕਤ ਸਾਹਮਣੇ ਹੈ ਤਾਂ ਪ੍ਰਸ਼ਾਸਨ ਨੇ ਅੱਬੜਵਾਹ ਆਪਣੀ ਵਾਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਪਹਾੜਾਂ ਵਿਚ ਤਾਂ ਢਿਗਾਂ ਦੇ ਡਿਗਣ ਨਾਲ ਬਹੁਤੀਆਂ ਸੜਕਾਂ ਹੀ ਬੰਦ ਹੋ ਗਈਆਂ ਹਨ। ਦਰਿਆਵਾਂ ਵਿਚ ਆਏ ਪਾਣੀ ਦੇ ਉਛਾਲ ਨੇ ਹਰ ਪਾਸੇ ਤਬਾਹੀ ਮਚਾਉਣੀ ਸ਼ੁਰੂ ਕੀਤੀ ਹੋਈ ਹੈ। ਬਹੁਤ ਸਾਰੇ ਪੁਲ ਟੁੱਟ ਗਏ ਹਨ। ਖੇਤਾਂ ਵਿਚ ਝੋਨੇ ਦੀ ਪਨੀਰੀ, ਮੱਕੀ, ਕਮਾਦ ਅਤੇ ਚਾਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਡੈਮਾਂ ਵਿਚ ਪਾਣੀ ਉੱਪਰਲੀ ਪੱਧਰ ‘ਤੇ ਪੁੱਜ ਗਿਆ ਹੈ। ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਪਾਣੀ ਦੀ ਸਮਰੱਥਾ ਪੂਰੀ ਹੁੰਦੀ ਜਾ ਰਹੀ ਹੈ। ਪੌਂਗ ਡੈਮ ਦੇ ਪ੍ਰਬੰਧਕਾਂ ਨੇ ਤਾਂ ਪਾਣੀ ਛੱਡਣ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਸਤਲੁਜ ਦਰਿਆ ਦੁਆਲੇ ਬਣੇ ਧੁੱਸੀ ਬੰਨ੍ਹ ਦੀ ਹਾਲਤ ਵੀ ਖ਼ਸਤਾ ਹੋਈ ਦਿਖਾਈ ਦਿੰਦੀ ਹੈ। ਬਿਆਸ-ਸਤਲੁਜ ਦਰਿਆ ਦੇ ਸੰਗਮ ‘ਤੇ ਹਰੀਕੇ ਹੈੱਡ ਵਰਕਸ ਤੋਂ ਛੱਡੇ ਜਾ ਰਹੇ ਪਾਣੀ ਨੇ ਹਰ ਥਾਂ ‘ਤੇ ਦੁਖਦਾਈ ਦ੍ਰਿਸ਼ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਵਿਚ ਘਿਰੇ ਲੋਕਾਂ ਨੂੰ ਘਰਾਂ ‘ਚੋਂ ਕੱਢਣ ਦੀ ਹੈ। ਦੂਸਰੀ ਲੋੜ ਵੱਧ ਤੋਂ ਵੱਧ ਰਾਹਤ ਕੈਂਪ ਲਗਾਉਣ ਦੀ ਹੈ, ਤੀਸਰੀ ਖਾਣਾ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਹੈ।
ਚਾਹੇ ਪੰਜਾਬ ਪ੍ਰਸ਼ਾਸਨ ਨੇ ਆਪਣੇ ਆਫ਼ਤ ਰਾਹਤ ਫੰਡ ‘ਚੋਂ 33.50 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ ਪਰ ਹਾਲਾਤ ਨੂੰ ਵੇਖਦੇ ਹੋਏ ਬਹੁਤ ਵੱਡੇ ਯਤਨਾਂ ਦੀ ਜ਼ਰੂਰਤ ਹੈ। ਸਰਕਾਰ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਆਪਣੇ ਵਰਕਰਾਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਹਰ ਤਰ੍ਹਾਂ ਦੀ ਰਾਹਤ ਪਹੁੰਚਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨੇ ਵੀ ਰਾਹਤ ਯਤਨ ਆਰੰਭ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਨਾਲ ਸੰਬੰਧਿਤ ਦਰਜਨਾਂ ਹੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਖਾਣੇ, ਰਿਹਾਇਸ਼ ਅਤੇ ਹੋਰ ਜ਼ਰੂਰਤਾਂ ਲਈ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ ਹਨ। ਸਮੱਸਿਆ ਬੇਹੱਦ ਗੰਭੀਰ ਹੈ ਅਤੇ ਇਸ ਦੇ ਮੁਕਾਬਲੇ ਵਿਚ ਹਰ ਪਾਸਿਓਂ ਹਰ ਤਰ੍ਹਾਂ ਦੇ ਯਤਨ ਪੂਰੇ ਪੈਂਦੇ ਨਹੀਂ ਜਾਪਦੇ। ਇਸ ਸਮੇਂ ਸਮਾਜ ਦੇ ਹਰ ਵਰਗ ਨੂੰ ਆਪੋ-ਆਪਣੇ ਢੰਗ ਨਾਲ ਅਚਾਨਕ ਆਈ ਇਸ ਭਿਆਨਕ ਆਫ਼ਤ ਤੋਂ ਪ੍ਰਭਾਵਤ ਹੋਏ ਲੋਕਾਂ ਦੀ ਮਦਦ ਲਈ ਪੂਰੀ ਤਰ੍ਹਾਂ ਤਤਪਰ ਹੋਣ ਦੀ ਜ਼ਰੂਰਤ ਹੈ। ਅਜਿਹਾ ਕਰਨਾ ਹੀ ਇਸ ਸਮੇਂ ਦੀ ਵੱਡੀ ਲੋੜ ਹੈ ਜਿਸ ‘ਤੇ ਪੂਰਾ ਉਤਰਨਾ ਸਮੁੱਚੇ ਸਮਾਜ ਦਾ ਫ਼ਰਜ਼ ਹੋਣਾ ਚਾਹੀਦਾ ਹੈ।

Check Also

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …