Breaking News
Home / ਹਫ਼ਤਾਵਾਰੀ ਫੇਰੀ / ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ

ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ

ਮਹਾਨ ਨਗਰ ਕੀਰਤਨ ਸਜਾਇਆ
ਸਾਰੇ ਭਾਈਚਾਰਿਆਂ ਦੇ ਵਿਅਕਤੀਆਂ ਨੇ ਨਗਰ ਕੀਰਤਨ ‘ਚ ਕੀਤੀ ਸ਼ਮੂਲੀਅਤ
ਅਦਾਰਾ ‘ਪਰਵਾਸੀ’ ਨੇ ਨਗਰ ਕੀਰਤਨ ਮੌਕੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਬੂਥ

ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ : ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਖਾਲਸੇ ਦੇ 323ਵੇਂ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪੂਰੇ ਜਾਹੋ-ਜਲਾਲ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਇੱਕ ਗੱਡੀ ਵਿੱਚ ਸਵਾਰ ਹੋ ਕੇ ਪੰਜ ਪਿਆਰਿਆਂ ਨੇ ਕੀਤੀ ਜੋ ਕਿ ਮਾਲਟਨ ਗੁਰੂਘਰ (ਮਿਸੀਸਾਗਾ) ਤੋਂ ਹੋ ਕੇ ਨਿਰਧਾਰਿਤ ਰੂਟ ਰਾਹੀਂ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ (ਟੋਰਾਂਟੋ) ਵਿਖੇ ਪਹੁੰਚਿਆ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੇ ਫਲੋਟ ਦੇ ਚੱਲਦਿਆਂ ਠੰਡੇ ਮੌਸਮ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਦੌਰਾਨ ਵੀ ਰਾਹ ਵਿੱਚ ਸੰਗਤਾਂ ਵੱਲੋਂ ਅਕੀਦਤ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਪਲਕਾਂ ਵਿਛਾ ਦਿੱਤੀਆਂ।
ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਨੂੰ ਕਾਇਮ ਰੱਖਦਿਆਂ ਥਾਂ-ਥਾਂ ਤੇ ਲੰਗਰ ਲਗਾਏ ਗਏ ਸਨ। ਸੰਗਤਾਂ ਵੱਲੋਂ ਲੰਗਰ ਵਿੱਚ ਦਾਲ-ਫੁੱਲਕਾ, ਕੜ੍ਹੀ ਚੌਲ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਪੀਜ਼ਾ, ਫਰੈਂਚ ਫਰਾਈਆਂ, ਚਿਪਸ, ਵੰਨ-ਸਵੰਨਾਂ ਜੂਸ, ਗਜ਼ਰੇਲਾ, ਖੋਏ ਦੀਆਂ ਪਿੰਨੀਆਂ, ਭਾਂਤ-ਭਾਂਤ ਦੀ ਮਠਿਆਈ, ਚਾਹ ਸਮੇਤ ਹੋਰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੇ ਸੰਗਤਾਂ ਦਾ ਮਨ ਮੋਹ ਲਿਆ। ਉੱਥੇ ਹੀ ਮੁਸਲਮਾਨ, ਕ੍ਰਿਸਚੀਅਨ ਅਤੇ ਹੋਰ ਵੱਖ-ਵੱਖ ਦੇਸਾਂ ਦੇ ਇੱਥੇ ਵਸਦੇ ਲੋਕਾਂ ਵੱਲੋਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਜਿੱਥੇ ਗੁਰੂ ਕੇ ਲੰਗਰਾਂ ਦਾ ਆਨੰਦ ਮਾਣਿਆ, ਉਥੇ ਸਿੱਖਾਂ ਦੀ ਵਿਲੱਖਣ ਕੌਮ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜਿੱਥੇ ਪੰਥ ਦੇ ਰਾਗੀ ਜਥਿਆਂ ਵੱਲੋਂ ਕੀਰਤਨ ਕਰਕੇ ਹਾਜ਼ਰੀ ਲੁਆਈ ਗਈ ਉੱਥੇ ਹੀ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਜ਼ੋਸ਼ੀਲੀਆਂ ਵਾਰਾਂ ਨਾਲ ਸਾਰਾ ਵਾਤਾਵਰਨ ਹੀ ਖਾਲਸਾਈ ਰੰਗ ਵਿੱਚ ਰੰਗਿਆ ਮਹਿਸੂਸ ਕਰਵਾ ਦਿੱਤਾ। ਮਾਲਟਨ ਗੁਰੂਘਰ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਵਿੱਚ ਜਿੱਥੇ ਸਿੱਖ ਧਰਮ ਨਾਲ ਜੁੜੀਆਂ ਵੱਖ-ਵੱਖ ਸੰਪਰਦਾਵਾਂ, ਵੱਖ-ਵੱਖ ਕਮੇਟੀਆਂ, ਵੱਖ-ਵੱਖ ਗਤਕਾ ਅਕੈਡਮੀਆਂ,ਵੱਖ-ਵੱਖ ਨਿਹੰਗ ਜਥੇਬੰਦੀਆਂ, ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵਿੱਚ ਸਿੱਖ ਧਰਮ ਦੀ ਪ੍ਰੋੜਤਾ ਕਰਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸਿੱਖ ਰਾਜ ਵੇਲੇ ਦੀਆਂ ਨਿਸ਼ਾਨੀਆਂ ਵੀ ਇਹਨਾਂ ਝਾਕੀਆਂ ਦਾ ਸ਼ਿੰਗਾਰ ਬਣੀਆਂ।
ਨਗਰ ਕੀਰਤਨ ਦੀ ਅਰੰਭਤਾ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਜੈਕਾਰਿਆਂ ਦੀ ਗੂੰਜ਼ ਵਿੱਚ ਸ਼ੁਰੂ ਹੋਈ ਜਿਸ ਵਿੱਚ ਗਤਕੇ ਦੇ ਜੌਹਰ ਵੇਖਣ ਨੂੰ ਮਿਲੇ ਅਤੇ ਢਾਡੀ ਵਾਰਾਂ ਵੀ ਸੁਣਨ ਨੂੰ ਮਿਲੀਆਂ। ਇਸ ਮੌਕੇ ਪੀਲ ਪੁਲੀਸ ਦੇ ਮੁਖੀ ਸਮੇਤ ਪੁਲੀਸ ਦੇ ਕਈ ਹੋਰ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਨਗਰ ਕੀਰਤਨ ਵਿਚ ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ‘ਕੈਨੇਡੀਅਨ ਪੰਜਾਬੀ ਪੋਸਟ’ ਤੋਂ ਜਗਦੀਸ਼ ਸਿੰਘ ਗਰੇਵਾਲ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਅਦਾਰਾ ‘ਪਰਵਾਸੀ’ ਨੇ ਨਗਰ ਕੀਰਤਨ ਮੌਕੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਬੂਥ ਵੀ ਲਗਾਇਆ। ਨਗਰ ਕੀਰਤਨ ਦੌਰਾਨ ਇੱਥੇ ਪੜ੍ਹਾਈ ਲਈ ਆਏ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਵੇਖੀ ਗਈ, ਜਦੋਂ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਸੰਗਤਾਂ ਨੇ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …