-4.7 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਭਾਰਤ ਨੇ ਪਾਕਿਸਤਾਨ 'ਤੇ ਦਾਗੀਆਂ ਮਿਜ਼ਾਈਲਾਂ

ਭਾਰਤ ਨੇ ਪਾਕਿਸਤਾਨ ‘ਤੇ ਦਾਗੀਆਂ ਮਿਜ਼ਾਈਲਾਂ

ਪਾਕਿ ਤੋਂ ਭਾਰਤ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ ‘ਅਪਰੇਸ਼ਨ ਸਿੰਦੂਰ’ ਤਹਿਤ ਫੌਜ ਨੇ ਕੀਤੀ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਨੇ ਪਾਕਿਸਤਾਨ ਦੇ ਦਹਿਸ਼ਤੀ ਸੰਗਠਨਾਂ ਖਿਲਾਫ ਜਵਾਬੀ ਕਾਰਵਾਈ ਕਰ ਦਿੱਤੀ ਹੈ। ਇੰਡੀਅਨ ਏਅਰਫੋਰਸ ਨੇ ਮੰਗਲਵਾਰ ਦੀ ਅੱਧੀ ਰਾਤ 1 ਵਜੇ ਪਾਕਿਸਤਾਨ ਅਤੇ ਪੀ.ਓ.ਕੇ., ਯਾਨੀ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਹਵਾਈ ਹਮਲਾ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਨੇ ਪਾਕਿ ‘ਤੇ 24 ਮਿਜ਼ਾਈਲਾਂ ਦਾਗੀਆਂ ਹਨ। ਇਸ ਹਮਲੇ ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਹਮਲਿਆਂ ਵਿਚ 100 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਭਾਰਤ ਵਲੋਂ ਇਹ ਜਵਾਬੀ ਕਾਰਵਾਈ ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ ਕੀਤੀ ਗਈ ਹੈ ਅਤੇ ਇਸ ਹਮਲੇ ਨੂੰ ‘ਅਪਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਗਿਆ ਹੈ। ਇਹ ਨਾਮ ਉਨ੍ਹਾਂ ਮਹਿਲਾਵਾਂ ਨੂੰ ਸਮਰਪਿਤ ਹੈ, ਜਿਨ੍ਹਾਂ ਦੇ ਪਤੀਆਂ ਦੀ ਪਹਿਲਗਾਮ ਵਿਚ ਲੰਘੀ 12 ਅਪ੍ਰੈਲ ਨੂੰ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਦੇ ਚੱਲਦਿਆਂ ਭਾਰਤ ਨੇ 7 ਸੂਬਿਆਂ ਦੇ 11 ਹਵਾਈ ਅੱਡਿਆਂ ‘ਤੇ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ। ਸ੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਬੀਕਾਨੇਰ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮ੍ਰਿਤਸਰ, ਭੁਜ ਅਤੇ ਜਾਮਨਗਰ ਵਿਚ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਸਾਰੇ ਸਕੂਲ ਬੰਦ ਰਹੇ। ਭਾਰਤੀ ਫੌਜ ਨੇ ਕਿਹਾ, ”ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਟੀਚਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫ਼ੀ ਸੰਜਮ ਨਾਲ ਕੰਮ ਲਿਆ ਹੈ।”
ਭਾਰਤ ਨੇ ਇਹ ਹਮਲੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਦੋ ਹਫ਼ਤੇ ਬਾਅਦ ਕੀਤੇ ਹਨ। ਇਨ੍ਹਾਂ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਆਪਕ ਰੋਸ ਸੀ। ਭਾਰਤੀ ਫੌਜ ਨੇ ਬਿਆਨ ਵਿੱਚ ਕਿਹਾ, ”ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ।”
ਭਾਰਤ ਨੇ ਪਾਕਿ ਦਾ ਏਅਰ ਡਿਫੈਂਸ ਰਾਡਾਰ ਸਿਸਟਮ ਕੀਤਾ ਤਬਾਹ
ਰੱਖਿਆ ਮੰਤਰਾਲੇ ਦਾ ਦਾਅਵਾ : ਪਾਕਿ ਨੇ ਭਾਰਤ ਦੇ 15 ਤੋਂ ਵੱਧ ਫੌਜੀ ਟਿਕਾਣਿਆਂ ‘ਤੇ ਕਰਨਾ ਸੀ ਹਮਲਾ
ਨਵੀਂ ਦਿੱਲੀ : ਅਪਰੇਸ਼ਨ ਸਿੰਦੂਰ ਦੇ ਅਗਲੇ ਦਿਨ ਯਾਨੀ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਪਾਕਿਸਤਾਨ ਨੇ ਭਾਰਤ ਦੇ 15 ਤੋਂ ਜ਼ਿਆਦਾ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਰੂਸ ਤੋਂ ਮਿਲੇ ਐਸ 400 ਡਿਫੈਂਸ ਸਿਸਟਮ ਦੇ ਜ਼ਰੀਏ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਜਵਾਬੀ ਕਾਰਵਾਈ ਵਿਚ ਭਾਰਤ ਨੇ ਅੱਜ ਵੀਰਵਾਰ ਸਵੇਰੇ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਤਬਾਹ ਕਰ ਦਿੱਤਾ। ਇਸਦੇ ਲਈ ਇਜ਼ਰਾਈਲ ਤੋਂ ਮਿਲੇ ਹਾਰਪੀ ਡਰੋਨ ਦਾ ਇਸਤੇਮਾਲ ਕੀਤਾ ਗਿਆ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਨੇ ਉਤਰ ਅਤੇ ਪੱਛਮੀ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਦੌਰਾਨ ਪਾਕਿਸਤਾਨ ਨੇ ਅਵੰਤੀਪੋਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ ਅਤੇ ਭੁਜ ਵਿਚ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਸਨ। ਭਾਰਤ ਵਲੋਂ ਪਾਕਿਸਤਾਨ ਦੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ।
8 ਸੂਬਿਆਂ ਦੇ 28 ਏਅਰਪੋਰਟ ਭਲਕੇ 9 ਮਈ ਤੱਕ ਬੰਦ
ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਅਲਰਟ
ਨਵੀਂ ਦਿੱਲੀ : ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਸਰਕਾਰ ਨੇ 8 ਸੂਬਿਆਂ ਦੇ 28 ਹਵਾਈ ਅੱਡੇ ਭਲਕੇ 9 ਮਈ ਤੱਕ ਬੰਦ ਕਰ ਦਿੱਤੇ ਹਨ। ਇਹਨਾਂ ਸੂਬਿਆਂ ਵਿਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਸ਼ਾਮਲ ਹਨ। ਵੱਡੇ ਹਵਾਈ ਅੱਡਿਆਂ ਵਿਚ ਸ੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮ੍ਰਿਤਸਰ, ਭੁਜ ਅਤੇ ਜਾਮਨਗਰ ਸ਼ਾਮਲ ਹਨ। ਇਸਦੇ ਚੱਲਦਿਆਂ ਜੰਮੂ ਕਸ਼ਮੀਰ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਹਾਈ ਅਲਰਟ ਹੈ। ਇਨ੍ਹਾਂ ਸੂਬਿਆਂ ਦੇ ਬਾਰਡਰ ਇਲਾਕਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਪੁਲਿਸ, ਪ੍ਰਸ਼ਾਸਨਿਕ ਅਤੇ ਹੈਲਥ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ। ਪੀਐਮ ਨੇ ਉਨ੍ਹਾਂ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਭਾਰਤੀ ਹਥਿਆਰਬੰਦ ਬਲਾਂ ਦੇ ਸਟੀਕ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੇਸ਼ਨ ਸਿੰਦੂਰ ਤੋਂ ਬਾਅਦ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਤੇ ਫਿਰ ਕੇਂਦਰੀ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ।
ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ
ਗੁਰਦਾਸੁਪਰ/ਬਿਊਰੋ ਨਿਊਜ਼ : ਭਾਰਤੀ ਗ੍ਰਹਿ ਮੰਤਰਾਲੇ ਦੀ ਇਮੀਗ੍ਰੇਸ਼ਨ ਬਿਊਰੋ ਨੇ ਅਗਲੇ ਹੁਕਮਾਂ ਤੱਕ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਹੈ।
ਇੰਟੈਗਰੇਟਿਡ ਚੈੱਕ ਪੋਸਟ ‘ਤੇ ਇਕੱਤਰ ਹੋਏ 150 ਸ਼ਰਧਾਲੂਆਂ ਨੂੰ ਬੁੱਧਵਾਰ ਸਵੇਰੇ ਡੇਢ ਘੰਟੇ ਦੀ ਉਡੀਕ ਮਗਰੋਂ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ। ਹਾਲਾਂਕਿ ਸਵੇਰ ਤੋਂ ਹੀ ਇਹ ਖਦਸ਼ਾ ਸੀ ਕਿ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇੱਕ ਸ਼ਰਧਾਲੂ ਤਰਸੇਮ ਸਿੰਘ ਨੇ ਕਿਹਾ, ”ਸਾਨੂੰ ਡੇਢ ਘੰਟੇ ਤੱਕ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ। ਇਸ ਮਗਰੋਂ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਾਕਿਸਤਾਨ ਸਥਿਤ ਗੁਰਦੁਆਰੇ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਗਲੇ ਹੁਕਮਾਂ ਤੱਕ ਲਾਂਘਾ ਬੰਦ ਕਰ ਦਿੱਤਾ ਗਿਆ ਹੈ।” ਇਕ ਹੋਰ ਸ਼ਰਧਾਲੂ ਸਤਨਾਮ ਕੌਰ ਨੇ ਕਿਹਾ, ”ਜਦੋਂ ਵੀ ਲਾਂਘਾ ਮੁੜ ਖੁੱਲ੍ਹੇਗਾ ਤਾਂ ਸਾਨੂੰ ਫਿਰ ਤੋਂ ਆਨਲਾਈਨ ਅਰਜ਼ੀ ਦੇਣੀ ਪਵੇਗੀ।”
ਕਾਬਿਲੇਗੌਰ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਅਜਿਹੀਆਂ ਅਫਵਾਹਾਂ ਸਨ ਕਿ ਲਾਂਘਾ ਬੰਦ ਕਰ ਦਿੱਤਾ ਜਾਵੇਗਾ।

 

 

RELATED ARTICLES
POPULAR POSTS