-7.9 C
Toronto
Monday, January 19, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਮਹਿੰਗਾਈ ਨੇ ਤੋੜੇ ਰਿਕਾਰਡ, ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ

ਕੈਨੇਡਾ ‘ਚ ਮਹਿੰਗਾਈ ਨੇ ਤੋੜੇ ਰਿਕਾਰਡ, ਭਾਰਤੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ

ਖਾਣਾ ਅਤੇ ਰਹਿਣਾ ਪ੍ਰਤੀ ਮਹੀਨਾ 1 ਹਜ਼ਾਰ ਡਾਲਰ ਤੱਕ ਵਧਿਆ
ਬਰੈਂਪਟਨ : ਕੈਨੇਡਾ ਵਿਚ ਇਸ ਸਮੇਂ ਮਹਿੰਗਾਈ ਲੰਘੇ ਦਹਾਕੇ ਦੌਰਾਨ ਸਭ ਤੋਂ ਉਚ ਪੱਧਰ ‘ਤੇ ਹੈ। ਅਜਿਹੇ ਵਿਚ ਪੰਜਾਬ ਤੋਂ ਕੈਨੇਡਾ ਪਹੁੰਚੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 1980 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਮਹਿੰਗਾਈ ਦਰ 7 ਫੀਸਦੀ ਤੋਂ ਉਪਰ ਪਹੁੰਚ ਗਈ ਹੈ। ਅਗਸਤ 2021 ਦੇ ਮੁਕਾਬਲੇ ਅਗਸਤ 2022 ਤੱਕ ਜਿੱਥੇ ਖਾਣ-ਪੀਣ ਦਾ ਸਮਾਨ 10.8 ਫੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ, ਉਥੇ ਕਮਰਿਆਂ ਦੇ ਕਿਰਾਏ ਵੀ ਦੁੱਗਣੇ ਹੋ ਗਏ ਹਨ। ਬੀਤੇ ਸਾਲ ਜਿੱਥੇ ਦੋ ਬੈਡ ਰੂਮ ਦਾ ਕਿਰਾਇਆ 1100-1200 ਡਾਲਰ ਤੱਕ ਸੀ, ਉਥੇ ਹੁਣ 2500 ਡਾਲਰ ਤੱਕ ਪਹੁੰਚ ਗਿਆ ਹੈ। ਸਿੰਗਲ ਕਮਰਾ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿਚ ਠਹਿਰਨਾ ਅਤੇ ਲੰਗਰ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
5 ਸਾਲ ‘ਚ ਕੈਨੇਡਾ ਵਿਚ ਮਹਿੰਗਾਈ ਦਰ
ਸਾਲ ਦਰ
2017 2.1 ਫੀਸਦੀ
2018 2.5 ਫੀਸਦੀ
2019 1.4 ਫੀਸਦੀ
2020 2.4 ਫੀਸਦੀ
2021 1.0 ਫੀਸਦੀ
2022 5.1 ਫੀਸਦੀ
ਜੂਨ 2022 8.1 ਫੀਸਦੀ
ਜੁਲਾਈ 2022 7.6 ਫੀਸਦੀ
ਗੁਰਦੁਆਰਾ ਸਾਹਿਬਾਨਾਂ ‘ਚ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ
ਬਰੈਂਪਟਨ ਵਿਚ ਦੋ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧਨ ਕਰ ਰਹੇ ਕਮੇਟੀ ਦੇ ਅਹੁਦੇਦਾਰ ਹਰਵਿੰਦਰ ਰੂਬੀ ਨੇ ਦੱਸਿਆ ਕਿ ਕਿਰਾਏ ਅਤੇ ਮਹਿੰਗਾਈ ਨੇ ਵਿਦਿਆਰਥੀਆਂ ਲਈ ਹਾਲਾਤ ਮੁਸ਼ਕਲ ਕਰ ਦਿੱਤੇ ਹਨ। ਇਨ੍ਹਾਂ ਦੋਵਾਂ ਗੁਰਦੁਆਰਿਆਂ ਵਿਚ ਇਕ ਦਿਨ ਵਿਚ ਕਰੀਬ 3500 ਵਿਅਕਤੀ ਲੰਗਰ ਛਕਣ ਲਈ ਪਹੁੰਚਦੇ ਹਨ, ਉਸ ਵਿਚ ਅੱਧੇ ਤੋਂ ਜ਼ਿਆਦਾ ਵਿਦਿਆਰਥੀ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਵਿਦਿਆਰਥੀਆਂ ਦੀ ਸੇਵਾ ਕਰਦੇ ਹਾਂ ਅਤੇ ਅਸੀਂ ਵਿਦਿਆਰਥੀਆਂ ਨੂੰ ਕੁਝ ਦਿਨ ਲਈ ਕਮਰੇ ਵੀ ਦਿੰਦੇ ਹਾਂ। ਜੇਕਰ ਕਿਸੇ ਨੂੰ ਆਰਥਿਕ ਮੱਦਦ ਦੀ ਲੋੜ ਹੈ ਤਾਂ ਉਹ ਵੀ ਕਰਦੇ ਹਾਂ। ਰੂਬੀ ਨੇ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਕੈਨੇਡਾ ਵਿਚ ਕੰਮ ਦੀ ਕਮੀ ਹੈ, ਸਗੋਂ 10 ਲੱਖ ਤੋਂ ਵੱਧ ਵਿਅਕਤੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਕਾਮਿਆਂ ਦੀ ਲੋੜ ਹੈ। ਬਹੁਤ ਸਾਰੇ ਵਿਦਿਆਰਥੀ ਦੋ-ਦੋ ਸ਼ਿਫਟਾਂ ਵਿਚ ਕੰਮ ਕਰਕੇ ਆਪਣਾ ਖਰਚ ਕੱਢ ਰਹੇ ਹਨ।
ਵਿਦਿਆਰਥੀਆਂ ਦੇ ਖਰਚ ‘ਚ ਵਾਧਾ
ਵਿਦਿਆਰਥੀਆਂ ਦੇ ਕਮਰਿਆਂ ਦੇ ਕਿਰਾਏ ਵਿਚ ਹਰ ਮਹੀਨੇ 400 ਤੋਂ 500 ਡਾਲਰ ਦਾ ਖਰਚਾ ਵਧਿਆ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ‘ਤੇ 150 ਡਾਲਰ, ਵਹੀਕਲ/ਮੋਬਾਇਲ ‘ਤੇ 200 ਡਾਲਰ ਅਤੇ ਖਾਣ-ਪੀਣ ਦੇ ਸਮਾਨ ‘ਤੇ 150-300 ਡਾਲਰ ਦਾ ਖਰਚ ਵਧਿਆ ਹੈ। ਜਾਣਕਾਰੀ ਮੁਤਾਬਕ ਹਰ ਵਿਦਿਆਰਥੀ ਦਾ ਮਹੀਨਾਵਾਰ ਖਰਚ 800 ਤੋਂ 900 ਰੁਪਏ ਡਾਲਰ ਤੱਕ ਵਧ ਗਿਆ ਹੈ, ਜੋ ਭਾਰਤੀ ਰੁਪਏ ਵਿਚ 50 ਤੋਂ 55 ਹਜ਼ਾਰ ਰੁਪਏ ਮਹੀਨਾ ਹੈ।

 

RELATED ARTICLES
POPULAR POSTS