Breaking News
Home / ਹਫ਼ਤਾਵਾਰੀ ਫੇਰੀ / ਓਨਟਾਰੀਓ ਚੋਣਾਂ 2022

ਓਨਟਾਰੀਓ ਚੋਣਾਂ 2022

ਡਗ ਫੋਰਡ ਅਤੇ ਡੈਲ ਡੂਕਾ ਵਿਚਾਲੇ ਕਾਂਟੇ ਦੀ ਟੱਕਰ
ਓਨਟਾਰੀਓ/ਬਿਊਰੋ ਨਿਊਜ਼ : ਅਗਾਮੀ 2 ਜੂਨ ਨੂੰ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਅਜੇ ਵੀ ਅੱਗੇ ਚੱਲ ਰਹੀ ਹੈ। ਸਰਵੇਖਣ ਮੁਤਾਬਕ ਲਿਬਰਲ ਪਾਰਟੀ ਦੂਸਰੇ ਨੰਬਰ ‘ਤੇ ਹੈ ਤੇ ਇਸ ਵਾਰ ਡਗ ਫੋਰਡ ਅਤੇ ਲਿਬਰਲ ਆਗੂ ਡੈਲ ਡੂਕਾ ਵਿਚਾਲੇ ਕਾਂਟੇ ਦੀ ਟੱਕਰ ਹੋਣ ਦੀ ਸੰਭਾਵਨਾ ਹੈ।
ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਤੈਅਸ਼ੁਦਾ ਵੋਟਰਜ਼ ਦਰਮਿਆਨ ਟੋਰੀਜ਼ ਦੀ ਲੀਡ ਬਰਕਰਾਰ ਹੈ ਜਦਕਿ ਦੂਜੀ ਥਾਂ ਲਈ ਐਨਡੀਪੀ ਤੇ ਲਿਬਰਲਾਂ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਤਾਜ਼ਾ ਸਰਵੇਖਣ ਅਨੁਸਾਰ 37.3 ਫੀਸਦੀ ਵੋਟਰਾਂ ਵੱਲੋਂ ਪੀਸੀ ਪਾਰਟੀ ਲਈ ਵੋਟ ਪਾਉਣ ਦਾ ਇਰਾਦਾ ਪ੍ਰਗਟਾਇਆ ਗਿਆ ਜੋਕਿ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਵਿੱਚ 36.1 ਫੀਸਦੀ ਨਾਲੋਂ ਤੇ ਉਸ ਤੋਂ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ 35.4 ਫੀਸਦੀ ਨਤੀਜਿਆਂ ਨਾਲੋਂ ਕਿਤੇ ਜ਼ਿਆਦਾ ਹੈ।
28 ਫੀਸਦੀ ਵੋਟਰਾਂ ਨੇ ਲਿਬਰਲਾਂ ਲਈ ਵੋਟ ਭੁਗਤਾਉਣ ਦੀ ਇੱਛਾ ਪ੍ਰਗਟਾਈ ਜਦਕਿ ਐਨਡੀਪੀ ਦੀ ਐਂਡਰੀਆ ਹੌਰਵਥ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ ਮੁਕਾਬਲੇ ਤਿੰਨ ਅੰਕ ਹੋਰ ਹਾਸਲ ਕਰਕੇ 23.2 ਫੀਸਦੀ ਨਾਲ ਤੇਜੀ ਨਾਲ ਅੱਗੇ ਵੱਧ ਰਹੀ ਹੈ। ਗ੍ਰੀਨ ਪਾਰਟੀ 6.3 ਫੀਸਦੀ ਅੰਕਾਂ ਨਾਲ ਚੌਥੇ ਸਥਾਨ ਉੱਤੇ ਹੈ। ਜੀਟੀਏ ਵਿੱਚ ਮੁਕਾਬਲਾ ਕਾਫੀ ਫਸਵਾਂ ਹੈ। ਇੱਥੇ ਟੋਰੀਜ਼ ਲਿਬਰਲਾਂ ਤੋਂ ਸਿਰਫ ਚਾਰ ਅੰਕਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਬਾਕੀ ਓਨਟਾਰੀਓ ਵਿੱਚ ਪਾਰਟੀ ਨੂੰ ਲਿਬਰਲਾਂ ਉੱਤੇ 15 ਅੰਕਾਂ ਦੀ ਲੀਡ ਹਾਸਲ ਹੈ।
ਆਗੂ ਵਜੋਂ ਫੋਰਡ ਨੂੰ ਵੀ ਹੋਰ ਮਕਬੂਲੀਅਤ ਹਾਸਲ ਹੋ ਰਹੀ ਹੈ। 33.8 ਫੀਸਦੀ ਲੋਕਾਂ ਵੱਲੋਂ ਫੋਰਡ ਨੂੰ ਆਪਣਾ ਪਸੰਦੀਦਾ ਆਗੂ ਦੱਸਿਆ ਜਾ ਰਿਹਾ ਹੈ ਜਦਕਿ ਲਿਬਰਲ ਆਗੂ ਡੈੱਲ ਡੂਕਾ ਇਸ ਮਾਮਲੇ ਵਿੱਚ 23.4 ਫੀ ਸਦੀ ਨਾਲ ਕਾਫੀ ਪਿੱਛੇ ਹਨ ਤੇ ਹੌਰਵਥ 17.5 ਫੀਸਦੀ ਅੰਕਾਂ ਨਾਲ ਤੀਜੇ ਸਥਾਨ ਉੱਤੇ ਹੈ।

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …