ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ‘ਚ ਹੋਈ ਹੈ ਗ੍ਰਿਫਤਾਰੀ
ਫਰੀਦਕੋਟ/ਬਿਊਰੋ ਨਿਊਜ਼ : ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਤਹਿਤ 16 ਮਈ ਨੂੰ ਗ੍ਰਿਫ਼ਤਾਰ ਕੀਤੇ ਗਏ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਬੁੱਧਵਾਰ ਨੂੰ ਫਰੀਦਕੋਟ ਦੀ ਇਲਾਕਾ ਮੈਜਿਸਟਰੇਟ ਲਵਦੀਪ ਹੁੰਦਲ ਨੇ 7 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਤਹਿਤ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਆਪਣੀ ਆਮਦਨ ਨਾਲੋਂ 8 ਕਰੋੜ ਰੁਪਏ ਵੱਧ ਖਰਚੇ ਹਨ। ਵਿਜੀਲੈਂਸ ਨੇ ਦੱਸਿਆ ਕਿ ਸਾਬਕਾ ਵਿਧਾਇਕ ਤੋਂ ਪੁੱਛ-ਪੜਤਾਲ ਮੁਕੰਮਲ ਹੋ ਗਈ ਹੈ ਜਦੋਂਕਿ ਇਸ ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ। ਮੈਜਿਸਟਰੇਟ ਨੇ ਅਦਾਲਤੀ ਹਿਰਾਸਤ ਤਹਿਤ ਕੁਸ਼ਲਦੀਪ ਸਿੰਘ ਢਿੱਲੋਂ ਨੂੰ 7 ਜੂਨ ਤੱਕ ਜੇਲ੍ਹ ਭੇਜ ਦਿੱਤਾ। ਇਸ ਕੇਸ ਵਿੱਚ ਸਾਬਕਾ ਵਿਧਾਇਕ ਦੇ ਦੋ ਕਰੀਬੀ ਸਾਥੀਆਂ ਨੂੰ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ, ਪਰ ਇਨ੍ਹਾਂ ਦੋਵਾਂ ਨੂੰ ਅਜੇ ਤੱਕ ਵਿਜੀਲੈਂਸ ਗ੍ਰਿਫਤਾਰ ਨਹੀਂ ਕਰ ਸਕੀ। ਉਂਜ ਵਿਜੀਲੈਂਸ ਵੱਲੋਂ ਛਾਪੇਮਾਰੀ ਜਾਰੀ ਹੈ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮੌਕੇ ਅਦਾਲਤੀ ਕੰਪਲੈਕਸ ਦੇ ਬਾਹਰ ਉਸ ਦੇ ਸਮਰਥਕਾਂ ਨੇ ਸਾਬਕਾ ਵਿਧਾਇਕ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਉੱਪਰ ਸਿਆਸੀ ਰੰਜਿਸ਼ ਤਹਿਤ ਕੇਸ ਦਰਜ ਕਰਨ ਦੇ ਆਰੋਪ ਲਾਏ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …