Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਪਹੁੰਚਣ ਦੀ ਲਾਲਸਾ ‘ਚ ਗੁਜਰਾਤੀ ਮੁੰਡਾ ਬਣਿਆ ਪੰਜਾਬੀ ਬਾਬਾ, ਪਰ ਦਿੱਲੀ ਏਅਰਪੋਰਟ ‘ਤੇ ਹੀ ਫੜਿਆ ਗਿਆ

ਅਮਰੀਕਾ ਪਹੁੰਚਣ ਦੀ ਲਾਲਸਾ ‘ਚ ਗੁਜਰਾਤੀ ਮੁੰਡਾ ਬਣਿਆ ਪੰਜਾਬੀ ਬਾਬਾ, ਪਰ ਦਿੱਲੀ ਏਅਰਪੋਰਟ ‘ਤੇ ਹੀ ਫੜਿਆ ਗਿਆ

81 ਸਾਲਾ ਬਾਬਾ ਨਿਕਲਿਆ 32 ਸਾਲਾ ਕਾਕਾ…
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ 32 ਸਾਲ ਦਾ ਇਕ ਨੌਜਵਾਨ ਫੜਿਆ ਗਿਆ, ਜੋ 81 ਸਾਲ ਦੇ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗ ਵਰਗਾ ਹੁਲੀਆ ਬਣਾਇਆ। ਦਾੜੀ ਅਤੇ ਵਾਲਾਂ ਨੂੰ ਡਾਈ ਨਾਲ ਸਫੇਦ ਕੀਤਾ। ਚਸ਼ਮਾ ਵੀ ਪਹਿਨਿਆ ਅਤੇ ਬਜ਼ੁਰਗਾਂ ਵਰਗੇ ਕੱਪੜੇ ਵੀ ਪਹਿਨੇ। ਪਰ, ਉਹ ਨੌਜਵਾਨ ਆਪਣੇ ਚਿਹਰੇ ‘ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਹੋਇਆ ਇਸ ਤਰਾਂ ਕਿ ਐਤਵਾਰ ਰਾਤ ਕਰੀਬ 8 ਵਜੇ ਏਅਰਪੋਰਟ ਦੇ ਟਰਮੀਨਲ 3 ‘ਤੇ ਇਕ ਬਜ਼ੁਰਗ ਵੀਲਚੇਅਰ ‘ਤੇ ਪਹੁੰਚਿਆ। ਉਹ ਰਾਤ 10.45 ਵਜੇ ਨਿਊਯਾਰਕ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣਾ ਚਾਹੁੰਦਾ ਸੀ। ਸਕਿਉਰਿਟੀ ਇੰਸਪੈਕਟਰ ਨੇ ਉਸ ਨੂੰ ਮੇਟਲ ਡਿਟੈਕਟਰ ਡੋਰ ਕਰਾਸ ਕਰਨ ਲਈ ਕਿਹਾ, ਪਰ ਬਜ਼ੁਰਗ ਬੋਲਿਆ ਕਿ ਚੱਲਣਾ ਤਾਂ ਦੂਰ ਉਸ ਕੋਲੋਂ ਸਿੱਧਾ ਖੜਾ ਤੱਕ ਨਹੀਂ ਹੋ ਸਕਦਾ। ਗੱਲਬਾਤ ਦੌਰਾਨ ਉਹ ਅਵਾਜ਼ ਭਾਰੀ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰਾਂ ਚੁਰਾਉਣ ਲੱਗਾ। ਉਸਦੇ ਚਿਹਰੇ ਤੋਂ ਸਕਿਉਰਿਟੀ ਸਟਾਫ ਨੂੰ ਉਸਦੀ ਉਮਰ ‘ਤੇ ਸ਼ੱਕ ਹੋ ਗਿਆ। ਕਿਉਂਕਿ ਉਸਦੇ ਚਿਹਰੇ ‘ਤੇ ਝੁਰੜੀਆਂ ਨਹੀਂ ਸਨ। ਫਿਰ ਉਸਦਾ ਪਾਸਪੋਰਟ ਚੈਕ ਕੀਤਾ ਗਿਆ ਜੋ ਬਿਲਕੁਲ ਸਹੀ ਸੀ। ਇਸ ਵਿਚ ਉਸਦਾ ਨਾਮ ਅਮਰੀਕ ਸਿੰਘ ਅਤੇ ਜਨਮ ਮਿਤੀ 1 ਫਰਵਰੀ 1938 ਦਰਜ ਸੀ। ਪੁੱਛਗਿੱਛ ਦੌਰਾਨ ਜਦ ਸਕਿਉਰਿਟੀ ਸਟਾਫ ਨੂੰ ਸਮਝ ਵਿਚ ਆ ਗਿਆ ਕਿ ਇਹ ਬਜ਼ੁਰਗ ਨਹੀਂ, ਬਲਕਿ ਨੌਜਵਾਨ ਹੈ ਤਾਂ ਉਸ ਨੂੰ ਸੱਚ ਦੱਸਣਾ ਪਿਆ। ਉਸ ਨੇ ਦੱਸਿਆ ਕਿ ਉਸਦਾ ਅਸਲੀ ਨਾਮ ਜਏਸ਼ ਪਟੇਲ, ਉਮਰ 32 ਸਾਲ ਹੈ ਅਤੇ ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਉਸ ਤੋਂ ਬਾਅਦ ਉਸ ਫੜ ਕੇ ਇਮੀਗ੍ਰੇਸ਼ਨ ਦੇ ਅਫਸਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਦਲਾਲ ਤੋਂ ਖਰੀਦਿਆ ਸੀ ਵੀਜ਼ਾ ਲੱਗਾ ਪਾਸਪੋਰਟ, ਹੂਬਹੂ ਹੁਲੀਆ ਬਣਾਇਆ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਏਸ਼ ਪਟੇਲ ਕਿਸੇ ਵੀ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ। ਇਸਦੇ ਲਈ ਉਹ ਇਕ ਦਲਾਲ ਦੇ ਸੰਪਰਕ ਵਿਚ ਆਇਆ। ਦਲਾਲ ਨੇ ਉਸ ਨੂੰ ਇਕ 81 ਸਾਲ ਦੇ ਵਿਅਕਤੀ ਦਾ ਅਸਲੀ ਪਾਸਪੋਰਟ ਦਿੱਤਾ, ਜਿਸ ‘ਤੇ ਵੀਜ਼ਾ ਲੱਗਾ ਹੋਇਆ ਸੀ। ਪਾਸਪੋਰਟ ਵਿਚ ਫੋਟੋ ਦੇ ਅਧਾਰ ‘ਤੇ ਜਏਸ਼ ਨੇ ਹੁਲੀਆ ਬਣਾਇਆ ਅਤੇ ਪਗੜੀ ਪਹਿਨਕੇ ਏਅਰਪੋਰਟ ਪਹੁੰਚ ਗਿਆ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …