ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ ਘਰ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ‘ਚ ਬੁੱਧਵਾਰ ਨੂੰ ਤਿੰਨ ਦਿਨ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ। ਕੇਜਰੀਵਾਲ ਨੂੰ 29 ਜੂਨ ਸ਼ਾਮ 7 ਵਜੇ ਤੋਂ ਪਹਿਲਾਂ ਅਦਾਲਤ ‘ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੀਬੀਆਈ ਨੇ ਕੇਜਰੀਵਾਲ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਤੋਂ ਪਹਿਲਾਂ ਸੀਬੀਆਈ ਨੇ ਕੇਜਰੀਵਾਲ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਸੀ। ਆਪਣੀ ਸਫ਼ਾਈ ‘ਚ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੇਸ ‘ਚ ਉਹ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਬੇਕਸੂਰ ਹਨ। ਰਾਊਜ਼ ਐਵੇਨਿਊ ਅਦਾਲਤ ਦੇ ਜੱਜ ਤੋਂ ਇਜਾਜ਼ਤ ਲੈਣ ਮਗਰੋਂ ਕੇਂਦਰੀ ਏਜੰਸੀ ਨੇ ‘ਆਪ’ ਆਗੂ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ।
ਤਿਹਾੜ ਕੇਂਦਰੀ ਜੇਲ੍ਹ ਤੋਂ ਅਦਾਲਤ ‘ਚ ਪੇਸ਼ ਕੀਤੇ ਜਾਣ ਮਗਰੋਂ ਸੀਬੀਆਈ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਮੰਗ ਵਾਲੀ ਅਰਜ਼ੀ ਦਾਖ਼ਲ ਕੀਤੀ ਸੀ। ਉਹ ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ‘ਚ ਪਹਿਲਾਂ ਤੋਂ ਹੀ ਜੇਲ੍ਹ ‘ਚ ਬੰਦ ਹਨ। ਕੇਜਰੀਵਾਲ ਦੇ ਵਕੀਲ ਨੇ ਸੀਬੀਆਈ ਦੀ ਗ੍ਰਿਫ਼ਤਾਰੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਏਜੰਸੀ ਨੇ ਪੱਖਪਾਤੀ ਤਰੀਕੇ ਨਾਲ ਕੰਮ ਕੀਤਾ ਹੈ ਅਤੇ ਉਹ ਮੁੱਦੇ ਨੂੰ ਸਨਸਨੀਖੇਜ਼ ਬਣਾ ਰਹੀ ਹੈ। ਕੇਜਰੀਵਾਲ ਦੇ ਵਕੀਲ ਵਿਕਰਮ ਚੌਧਰੀ ਨੇ ਦਲੀਲ ਦਿੱਤੀ ਕਿ ਸੀਬੀਆਈ ਨੇ ਪਿਛਲੇ ਸਾਲ ਅਪਰੈਲ ‘ਚ ਵੀ ਉਨ੍ਹਾਂ ਤੋਂ 9 ਘੰਟੇ ਤੱਕ ਪੁੱਛ-ਪੜਤਾਲ ਕੀਤੀ ਸੀ। ਕੇਜਰੀਵਾਲ ਨੇ ਅਦਾਲਤ ਨੂੰ ਦੱਸਿਆ, ”ਮੀਡੀਆ ‘ਚ ਸੀਬੀਆਈ ਸੂਤਰਾਂ ਦੇ ਹਵਾਲੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਮੈਂ ਸਾਰਾ ਆਰੋਪ ਸਿਸੋਦੀਆ ‘ਤੇ ਮੜ੍ਹ ਦਿੱਤਾ ਹੈ। ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਕਿ ਸਿਸੋਦੀਆ ਜਾਂ ਕੋਈ ਹੋਰ ਆਰੋਪੀ ਹੈ। ਮੈਂ ਆਖਿਆ ਹੈ ਕਿ ਸਿਸੋਦੀਆ, ‘ਆਪ’ ਅਤੇ ਮੈਂ ਬੇਕਸੂਰ ਹਾਂ। ਮੀਡੀਆ ਅੱਗੇ ਸਾਨੂੰ ਬਦਨਾਮ ਕਰਨ ਦੀ ਯੋਜਨਾ ਹੈ। ਇਹ ਸਾਰਾ ਕੁਝ ਸੀਬੀਆਈ ਸੂਤਰਾਂ ਰਾਹੀਂ ਮੀਡੀਆ ‘ਚ ਚਲਾਇਆ ਜਾ ਰਿਹਾ ਹੈ।” ਸੀਬੀਆਈ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਤੱਥਾਂ ਦੇ ਆਧਾਰ ‘ਤੇ ਬਹਿਸ ਕੀਤੀ ਹੈ ਅਤੇ ਕਿਸੇ ਵੀ ਏਜੰਸੀ ਸੂਤਰ ਨੇ ਕੁਝ ਵੀ ਬਿਆਨ ਨਹੀਂ ਦਿੱਤਾ ਹੈ। ਇਸ ‘ਤੇ ਜੱਜ ਨੇ ਕਿਹਾ ਕਿ ਮੀਡੀਆ ਸਿਰਫ਼ ਇਕ ਲਾਈਨ ਨੂੰ ਚੁੱਕ ਲੈਂਦਾ ਹੈ ਅਤੇ ਉਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ।
ਕੇਜਰੀਵਾਲ ਦੀ ਹਿਰਾਸਤ ਲਈ ਦਾਖ਼ਲ ਅਰਜ਼ੀ ‘ਚ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ‘ਚ ਵੱਡੀ ਸਾਜਿਸ਼ ਦਾ ਪਰਦਾਫ਼ਾਸ਼ ਕਰਨ ਲਈ ਕੇਜਰੀਵਾਲ ਤੋਂ ਹੋਰ ਪੁੱਛ-ਪੜਤਾਲ ਦੀ ਲੋੜ ਹੈ। ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ‘ਤੇ ਅਦਾਲਤ ਨੇ ਸਵਾਲ ਚੁੱਕਿਆ ਜਿਸ ‘ਤੇ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਚੋਣਾਂ ਹੋਣ ਕਾਰਨ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਗੁਰੇਜ਼ ਕੀਤਾ। ਅਦਾਲਤ ਵਿੱਚ ਸੁਣਵਾਈ ਦੌਰਾਨ ਕੇਜਰੀਵਾਲ ਦਾ ਸ਼ੂਗਰ ਲੈਵਲ ਡਿੱਗ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਚਾਹ ਅਤੇ ਬਿਸਕੁਟ ਖੁਆਉਣ ਲਈ ਅਦਾਲਤ ਦੇ ਕਮਰੇ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਨਾਲ ਪਤਨੀ ਸੁਨੀਤਾ ਕੇਜਰੀਵਾਲ ਵੀ ਮੌਜੂਦ ਸਨ।