ਨਮਾਜ਼ ਲਈ ਇਸਲਾਮਿਕ ਕਲਚਰਲ ਸੈਂਟਰ ਵਿਚ ਮੌਜੂਦ ਸਨ 40 ਵਿਅਕਤੀ, ਜਿਨ੍ਹਾਂ ‘ਚੋਂ 8 ਵਿਅਕਤੀ ਹੋਏ ਜ਼ਖਮੀ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਨੂੰ ਮੁਸਲਮਾਨਾਂ ਖਿਲਾਫ ਅੱਤਵਾਦੀ ਹਮਲਾ ਦੱਸਿਆ
ਕਿਊਬੈਕ ਸਿਟੀ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬੈਕ ਸ਼ਹਿਰ ਦੀ ਇਕ ਮਸਜਿਦ ਵਿਚ ਹਮਲਾਵਰਾਂ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਛੇ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਹਮਲੇ ਵਿਚ 8 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਮੁਸਲਮਾਨਾਂ ਦੇ ਖਿਲਾਫ ਅੱਤਵਾਦੀ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਗੋਲੀਬਾਰੀ ਦੇ ਸਿਲਸਿਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਕਿਊਬੈਕ ਸਿਟੀ ਇਸਲਾਮਿਕ ਕਲਚਰਲ ਸੈਂਟਰ ਵਿਚ ਕਰੀਬ 40 ਵਿਅਕਤੀ ਨਮਾਜ਼ ਲਈ ਪਹੁੰਚੇ ਸਨ। ਹਮਲਾਵਰਾਂ ਦੀ ਗਿਣਤੀ ਤਿੰਨ ਦੱਸੀ ਗਈ ਹੈ। ਪੁਲਿਸ ਨੇ ਮਸਜਿਦ ਦੇ ਚਾਰੇ ਪਾਸੇ ਸੁਰੱਖਿਆ ਵਧਾ ਦਿੱਤੀ ਹੈ। ਮਸਜਿਦ ਦੇ ਮੁਖੀ ਇਮਾਮ ਮੁਹੰਮਦ ਯਾਨਗੂਈ ਨੇ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਤਰ੍ਹਾਂ ਦਾ ਹਮਲਾ ਇੱਥੇ ਕਿਉਂ ਕੀਤਾ ਗਿਆ। ਹਾਲਾਂਕਿ ਘਟਨਾ ਦੇ ਸਮੇਂ ਯਾਨਗੂਈ ਮਸਜਿਦ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਮਸਜਿਦ ਵਿਚ ਮੌਜੂਦ ਵਿਅਕਤੀਆਂ ਨੇ ਫੋਨ ਕਰਕੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜੂਨ 2016 ਵਿਚ ਇਸੇ ਮਸਜਿਦ ਦੇ ਬਾਹਰ ਕਿਸੇ ਨੇ ਇਕ ਸੂਰ ਦਾ ਸਿਰ ਰੱਖ ਦਿੱਤਾ ਸੀ। ਕਿਊਬੈਕ ਸਿਟੀ ਵਿਚ ਮੁਸਲਿਮ ਭਾਈਚਾਰੇ ਦੀ ਅਬਾਦੀ ਕਾਫੀ ਹੈ। ਇਸ ਤੋਂ ਜ਼ਿਆਦਾ ਉਤਰੀ ਅਮਰੀਕਾ ਤੋਂ ਆਏ ਪਰਵਾਸੀ ਹਨ। 2015 ਦੀਆਂ ਰਾਸ਼ਟਰੀ ਚੋਣਾਂ ਵਿਚ ਔਰਤਾਂ ਦਾ ਬੁਰਕਾ ਇੱਥੇ ਇਕ ਬੜਾ ਚੋਣਾਵੀ ਮੁੱਦਾ ਸੀ। ਇੱਥੇ ਦੀ ਬਹੁਗਿਣਤੀ ਆਬਾਦੀ ਸਰਵਜਨਕ ਪ੍ਰੋਗਰਾਮਾਂ ਵਿਚ ਨਕਾਬ ‘ਤੇ ਰੋਕ ਦਾ ਸਮਰਥਨ ਕਰ ਰਹੀ ਸੀ। ਹਾਲ ਹੀ ਵਿਚ ਇੱਥੇ ਇਸਲਾਮ ਦੇ ਖਿਲਾਫ ਮਾਹੌਲ ਬਣਿਆ ਹੈ। 2015 ਵਿਚ ਪੈਰਿਸ ਅੱਤਵਾਦੀ ਹਮਲੇ ਦੇ ਠੀਕ ਇਕ ਦਿਨ ਬਾਅਦ ਕਿਊਬੈਕ ਦੇ ਗੁਆਂਢ ਵਿਚ ਸਥਿਤ ਓਨਟਾਰੀਓ ਸੂਬੇ ਦੀ ਇਕ ਮਸਜਿਦ ਵਿਚ ਅੱਗ ਲਗਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 20 ਦਸੰਬਰ 2016 ਨੂੰ ਸਵਿੱਟਜ਼ਰਲੈਂਡ ਦੇ ਮਿਊਨਿਖ ਸਥਿਤ ਮਸਜਿਦ ਵਿਚ ਗੋਲੀਬਾਰੀ ਵਿਚ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਸਨ।
Check Also
ਭਾਰਤੀ ਮੂਲ ਦੀ ਅਨੀਤਾ ਅਨੰਦ ਅਤੇ ਕਮਲ ਖਹਿਰਾ ਨੂੰ ਮਾਰਕ ਕਾਰਨੀ ਵਜ਼ਾਰਤ ‘ਚ ਬਣਾਇਆ ਗਿਆ ਮੰਤਰੀ
ਓਟਾਵਾ : ਕੈਨੇਡਾ ‘ਚ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਪਿਛਲੇ ਦਿਨੀਂ ਦੇਸ਼ ਦੇ …