ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ ਵਿਚ ਕਰੋਨਾ ਕਾਰਨ ਵਾਪਰ ਰਹੇ ਕਹਿਰ ਦੇ ਸਮੇਂ ਉਨ੍ਹਾਂ ਦੀ ਸਰਕਾਰ ਪੀੜਤ ਲੋਕਾਂ ਦੇ ਨਾਲ਼ ਹੈ ਅਤੇ ਇਸ ਮਹਾਂਮਾਰੀ ਨਾਲ਼ ਅਸੀਂ (ਉਨਟਾਰੀਓ) ਅਤੇ ਭਾਰਤ ਇਕੱਠੇ ਲੜ ਰਹੇ ਹਾਂ।
ਟੋਰਾਂਟੋ ਵਿਖੇ ਭਾਰਤੀ ਮੂਲ ਦੇ ਪੱਤਰਕਾਰਾਂ ਨਾਲ ਵਰਚੂਅਲ ਮੀਟਿੰਗ ਦੌਰਾਨ ਫੋਰਡ ਨੇ ਕਿਹਾ ਕਿ ਭਾਰਤ ਵਿਚ ਰੈੱਡ ਕਰਾਸ ਦੀ ਮਦਦ ਲਈ ਯੂ.ਪੀ.ਐਸ. ਕੋਰੀਅਰ ਸਰਵਿਸ ਰਾਹੀਂ 3000 ਨਵੀਨਤਮ ਵੈਂਟੀਲੇਟਰ ਭੇਜ ਦਿੱਤੇ ਗਏ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ 2000 ਹੋਰ ਵੈਂਟੀਲੇਟਰ ਭੇਜੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਜਦ ਤੱਕ ਭਾਰਤ ਵਿਚ ਹਾਲਾਤ ਕਾਬੂ ਹੇਠ ਨਹੀਂ ਹੋ ਜਾਂਦੇ ਉਦੋਂ ਤੱਕ ਉਨਟਾਰੀਓ ਵਲੋਂ ਹਰ ਸੰਭਵ ਤਰੀਕੇ ਨਾਲ ਪੀੜਤਾਂ ਲਈ ਹੋਰ ਮਦਦ ਭੇਜਣ ਤੋਂ ਝਿਜਕਿਆ ਨਹੀਂ ਜਾਵੇਗਾ। ਫੋਰਡ ਨੇ ਸਹਿਯੋਗ ਦੇਣ ਵਾਸਤੇ ਭਾਰਤ ਦੇ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਅਤੇ ਰਾਜਦੂਤ ਅਜੈ ਬਿਸਾਰੀਆ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਉਨ੍ਹਾਂ ਨਾਲ਼ ਮੰਤਰੀ ਵਿੱਕ ਫਿਡੇਲੀ, ਰੇਮੰਡ ਚੋਅ, ਪ੍ਰਭਮੀਤ ਸਰਕਾਰੀਆ, ਵਿਧਾਇਕ ਦੀਪਕ ਆਨੰਦ, ਸ਼ਰੀਫ ਸਬਾਵੀ, ਅਮਰਜੋਤ ਸੰਧੂ ਅਤੇ ਨੀਨਾ ਤਾਂਗੜੀ ਵੀ ਮੌਜੂਦ ਸਨ। ਕੈਨੇਡਾ ਵਿਚ ਉਨਟਾਰੀਓ ਪ੍ਰਾਂਤ ਵਿਚ ਸਭ ਤੋਂ ਵੱਧ ਭਾਰਤੀ ਮੂਲ ਦੇ ਵਿਅਕਤੀ ਰਹਿ ਰਹੇ ਹਨ।
ਫੋਰਡ ਨੇ ਆਖਿਆ ਕਿ ਉਨਟਾਰੀਓ ਦੀਆਂ ਭਾਰਤ ਨਾਲ਼ ਸਾਂਝਾਂ ਪੀਢੀਆਂ ਹਨ ਅਤੇ ਇਹ ਰਿਸ਼ਤੇ ਲੋੜ ਵੇਲੇ ਇਕ ਦੂਸਰੇ ਦਾ ਸਹਿਯੋਗ ਕਰਨ ਵਿਚ ਸਹਾਈ ਹੁੰਦੇ ਹਨ।