ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫੈੱਡਰਲ ਮੰਤਰੀਆਂ ਅਤੇ ਕੈਨੇਡਾ ਦੇ ਪ੍ਰੀਮੀਅਰਾਂ ਵਿਚਕਾਰ ਪਿਛਲੇ ਹਫਤੇ ਹੋਈ ਮਹੱਤਵਪੂਰਨ ਵਰਚੂਅਲ-ਮੀਟਿੰਗ ਦੌਰਾਨ ਹੋਈ ਗੱਲਬਾਤ ਬਾਰੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਜਾਣਕਾਰੀ ਪਿਛਲੇ ਦਿਨੀਂ ਸਾਂਝੀ ਕੀਤੀ ਗਈ। ਇਸ ਗੱਲਬਾਤ ਦਾ ਕੇਂਦਰ-ਬਿੰਦੂ ਅਮਰੀਕਾ ਤੇ ਕੈਨੇਡਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਘਾਤਕ ਫੈਂਟਾਨਾਇਲ ਨਸ਼ੇ ਨੂੰ ਖ਼ਤਮ ਕਰਨ ਬਾਰੇ ਸੀ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਟਰੂਡੋ, ਫੈੱਡਰਲ ਮੰਤਰੀਆਂ ਅਤੇ ਕੈਨੇਡਾ ਦੇ ਫੈਂਟਾਨਾਇਲ ਜ਼ਾਰ ਕੈਵਿਨ ਬਰੋਸੋ ਵੱਲੋਂ ਕਮਿਊਨਿਟੀਆਂ ਵਿੱਚੋਂ ਜਾਨ-ਲੇਵਾ ਨਸ਼ੇ ਫੈਂਟਾਨਾਇਲ ਦੇ ਖਾਤਮੇ ਲਈ ਫੈੱਡਰਲ ਸਰਕਾਰ ਦੇ ਅਹਿਦ ਉੱਪਰ ਜ਼ੋਰ ਦਿੱਤਾ ਗਿਆ। ਪਬਲਿਕ ਸੇਫਟੀ ਮੰਤਰੀ ਡੇਵਿਡ ਮੈਗੰਟੀ ਨੇ ਕੈਨੇਡਾ ਦੇ ਬਾਰਡਰ ਪਲੈਨ ਉੱਪਰ ਹੋਣ ਵਾਲੇ ਅਮਲ ਬਾਰੇ ਜਾਣਕਾਰੀ ਦਿੱਤੀ ਜਿਸ ਅਨੁਸਾਰ ਅਮਰੀਕਾ-ਕੈਨੇਡਾ ਬਾਰਡਰ ਦੇ ਮਹੱਤਵਪੂਰਨ ਥਾਵਾਂ ‘ਤੇ ਇਸ ਨਸ਼ੇ ਦੀ ਹੋਰ ਸਖਤੀ ਨਾਲ ਚੈੱਕਿੰਗ ਕਰਨ ਅਤੇ ਤਿੰਨ ਰੀਜਨਲ ਐੱਨਫੋਰਸਮੈਂਟ ਹੱਬ ਬਨਾਉਣ ਦੀ ਯੋਜਨਾ ਸ਼ਾਮਲ ਹਨ। ਇਸ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦਾ ਸਮੱਰਥਨ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਫੈਂਟਾਨਾਇਲ ਵਿਰੁੱਧ ਲੜੀ ਜਾ ਰਹੀ ਇਹ ਲੜਾਈ ਬਰੈਂਪਟਨ ਅਤੇ ਸਮੁੱਚੇ ਦੇਸ਼-ਵਾਸੀਆਂ ਦੀ ਸੁਰੱਖਿਆ ਅਤੇ ਬਿਹਤਰੀ ਲਈ ਹੈ। ਫੈੱਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਤੇ ਸਥਾਨਕ ਸਰਕਾਰਾਂ ਦੇ ਨਾਲ ਕੀਤੇ ਜਾ ਰਹੇ ਸਹਿਯੋਗ ਨਾਲ ਦੇਸ਼-ਵਾਸੀ ਇਸ ਘਾਤਕ ਨਸ਼ੇ ਤੋਂ ਛੁਟਕਾਰਾ ਪਾ ਸਕਣਗੇ।” ਮੀਟਿੰਗ ਵਿੱਚ ਅਮਰੀਕਾ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਕੈਨੇਡੀਅਨ ਵਸਤਾਂ ਉੱਪਰ ਲਾਏ ਜਾ ਰਹੇ ਬੇਲੋੜੇ ਅਮਰੀਕਨ ਟੈਰਿਫ਼ ਉੱਪਰ ਵੀ ਵਿਚਾਰ-ਵਟਾਂਦਰਾ ਹੋਇਆ। ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਾਂ ਵੱਲੋਂ ਸਰਬਸੰਮਤੀ ਨਾਲ ਇਸ ਟੈਰਿਫ਼ ਦੀ ਡੱਟਵੀਂ ਵਿਰੋਧਤਾ ਕੀਤੀ ਗਈ ਅਤੇ ਦੋਹਾਂ ਦੇਸ਼ਾਂ ਵਿਚਕਾਰ ਟੈਰਿਫ-ਮੁਕਤ ਵਿਓਪਾਰ ਉੱਪਰ ਜ਼ੋਰ ਦਿੱਤਾ ਗਿਆ।
ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਮੈਂ ਆਪਣੀ ਕਮਿਊਨਿਟੀ ਅਤੇ ਦੇਸ਼ ਦੀ ਖ਼ੁਸ਼ਹਾਲੀ ਲਈ ਸਰਕਾਰ ਦੇ ਹਰੇਕ ਪੱਧਰ ‘ਤੇ ਆਪਣੇ ਸਾਥੀਆਂ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ।