25.2 C
Toronto
Friday, May 29, 2026
spot_img
Homeਹਫ਼ਤਾਵਾਰੀ ਫੇਰੀ'ਨਾਨਕ ਯੂਨੀਵਰਸਿਟੀ' ਦੀ ਨਨਕਾਣਾ ਸਾਹਿਬ ਵਿਖੇ ਰੱਖੀ ਗਈ ਨੀਂਹ

‘ਨਾਨਕ ਯੂਨੀਵਰਸਿਟੀ’ ਦੀ ਨਨਕਾਣਾ ਸਾਹਿਬ ਵਿਖੇ ਰੱਖੀ ਗਈ ਨੀਂਹ

ਨੀਂਹ ਪੱਥਰ ਰੱਖਦਿਆਂ ਇਮਰਾਨ ਖਾਨ ਨੇ ਆਖਿਆ ਭਾਰਤ-ਪਾਕਿ ਦੇ ਰਿਸ਼ਤੇ ਜਿੰਨੇ ਮਰਜੀ ਕੁੜੱਤਣ ਭਰੇ ਹੋਣ ਸਿੱਖਾਂ ਲਈ ਬੂਹੇ ਖੁੱਲ੍ਹੇ ਹੀ ਰਹਿਣਗੇ
ਲਾਹੌਰ : ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਸੋਮਵਾਰ ਨੂੰ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਦਸ ਏਕੜ ਤੋਂ ਵੱਧ ਰਕਬੇ ‘ਚ ਬਣਨ ਵਾਲੀ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਰੱਖਿਆ। ਬਾਬੇ ਨਾਨਕ ਦੇ ਨਾਂ ਉੱਤੇ ਯੂਨੀਵਰਸਿਟੀ ਉਸਾਰਨ ਸਬੰਧੀ ਤਜਵੀਜ਼ ਡੇਢ ਦਹਾਕਾ ਪਹਿਲਾਂ ਸਾਹਮਣੇ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ ਦੀ ਨੀਂਹ ਰੱਖੀ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ, ‘ਸਿੱਖ ਭਾਈਚਾਰੇ ਲਈ ਕਰਤਾਰਪੁਰ ਜਿੱਥੇ ਮਦੀਨਾ ਹੈ, ਉਥੇ ਨਨਕਾਣਾ ਸਾਹਿਬ ਭਾਈਚਾਰੇ ਦਾ ਮੱਕਾ ਹੈ।’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ। ਇਮਰਾਨ ਖਾਨ ਦਾ ਕਹਿਣਾ ਹੈ ਕਿ ਭਾਰਤ-ਪਾਕਿ ਦਰਮਿਆਨ ਰਿਸ਼ਤੇ ਕਿੰਨੇ ਵੀ ਤਣਾਅਪੂਰਨ ਹਨ, ਅਸੀਂ ਸਿੱਖਾਂ ਨੂੰ ਇੱਥੇ ਆਉਣ ਤੋਂ ਕਦੇ ਨਹੀਂ ਰੋਕਾਂਗੇ। ਵਜ਼ੀਰੇ ਆਜ਼ਮ ਨੇ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਤੀ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ‘ਚ ਸਿਖਰਲੀ ਤਰਜੀਹ ਸੀ। ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਤਿੰਨ ਗੇੜਾਂ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ‘ਤੇ 6 ਅਰਬ ਰੁਪਏ ਦਾ ਖਰਚ ਆਏਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜਾਬੀ ਤੇ ਖ਼ਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦੇ ਘੱਟਗਿਣਤੀ ਸਿੱਖ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਆਪਣੇ ਧਰਮ ਦੇ ਬਾਨੀ ਦੇ ਨਾਂ ‘ਤੇ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।
ਸਾਲ 2003 ਵਿੱਚ ਪਰਵੇਜ਼ ਇਲਾਹੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਬਾਬੇ ਨਾਨਕ ਦੇ ਨਾਂ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਰੱਖੀ ਸੀ। ਦੋ ਸਾਲ ਪਹਿਲਾਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਇਸ ਪ੍ਰਾਜੈਕਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਸੀ। ਬੋਰਡ ਦੇ ਤਤਕਾਲੀਨ ਚੇਅਰਮੈਨ ਸਿੱਧੀਕੁਲ ਫ਼ਾਰੂਕ ਨੇ ਉਸ ਮੌਕੇ ਕਿਹਾ ਸੀ ਕਿ ਯੂਨੀਵਰਸਿਟੀ ਪਾਕਿਸਤਾਨ ਵਿੱਚ ਧਾਰਮਿਕ ਸੈਰ-ਸਪਾਟੇ ਦਾ ਪ੍ਰਚਾਰ-ਪਾਸਾਰ ਕਰਨ ਦੇ ਨਾਲ ਕੌਮਾਂਤਰੀ ਪੱਧਰ ‘ਤੇ ਮੁਲਕ ਦੀ ਦਿੱਖ ਨੂੰ ਸੰਵਾਰੇਗੀ। ਉਂਜ, ਇਸ ਸਾਲ ਦੀ ਸ਼ੁਰੂਆਤ ਵਿੱਚ ਇਕ ਪਾਕਿਸਤਾਨੀ ਯੂਨੀਵਰਸਿਟੀ ਨੇ ਸ਼ਾਂਤੀ ਤੇ ਅਮਨ ਦੇ ਸੁਨੇਹੇ ਦੇ ਪ੍ਰਚਾਰ ਲਈ ਪਹਿਲੀ ਵਾਰ ਬਾਬਾ ਗੁਰੂ ਨਾਨਕ ਖੋਜ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਯੂਨੀਵਰਸਿਟੀ ਦੇ ਤਰਜਮਾਨ ਖੁੱਰਮ ਸ਼ਹਿਜ਼ਾਦ ਨੇ ਕਿਹਾ, ‘ਯੂਨੀਵਰਸਿਟੀ ਦੇ ਵਿਦਿਆਰਥੀ ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਖੋਜ ਅਤੇ ਅਧਿਐਨ ਕਰਨਗੇ। ਇਹ ਮੰਗ (ਯੂਨੀਵਰਸਿਟੀ ਦੀ ਸਥਾਪਨਾ ਸਬੰਧੀ) ਨਾ ਸਿਰਫ਼ ਸਿੱਖਾਂ ਦੀ ਬਲਕਿ ਅਕਾਦਮੀਸ਼ੀਅਨਾਂ ਦੀ ਵੀ ਸੀ, ਜੋ ਸਮਾਜ ਵਿੱਚ ਬਾਬੇ ਨਾਨਕ ਦੇ ਸਹਿਣਸ਼ੀਲਤਾ ਦੇ ਸੁਨੇਹੇ ਦੀ ਪ੍ਰਚਾਰ ਦੀ ਲੋੜ ਨੂੰ ਸਮਝਦੇ ਹਨ।’

RELATED ARTICLES
POPULAR POSTS