ਪ੍ਰਧਾਨ ਮੰਤਰੀ ਮੋਦੀ ਨੇ 400 ਰੁਪਏ ਦਾ
ਸਿੱਕਾ ਤੇ ਡਾਕ ਟਿਕਟ ਕੀਤਾ ਜਾਰੀ
ਲਾਲ ਕਿਲ੍ਹੇ ਦੇ ਵਿਹੜੇ ‘ਚ ਹੋਇਆ ਸਮਾਗਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਨਵੀਂ ਦਿੱਲੀ ਵਿਖੇ ਲਾਲ ਕਿਲ੍ਹੇ ਦੇ ਵਿਹੜੇ ਵਿਚ ਕਰਵਾਏ ਗਏ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਮੰਤਰੀ ਨੇ 400 ਰੁਪਏ ਦਾ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਇਸ ਸਮਾਗਮ ਵਿਚ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ। ਮੋਦੀ ਹੋਰਾਂ ਕਿਹਾ ਕਿ ਸ਼ਬਦ ਕੀਰਤਨ ਸੁਣ ਕੇ ਜੋ ਸ਼ਾਂਤੀ ਮਿਲੀ ਹੈ, ਉਸ ਨੂੰ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਗੁਰੂ ਸਾਹਿਬ ਨੂੰ ਸਮਰਪਿਤ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕ੍ਰਿਪਾ ਮੰਨਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਗਿਆਨ ਅਤੇ ਅਧਿਆਤਮ ਦੇ ਨਾਲ ਹੀ ਸਮਾਜ ਅਤੇ ਸੰਸਕਿਤੀ ਦੀ ਜ਼ਿੰਮੇਵਾਰੀ ਉਠਾਈ। ਉਨ੍ਹਾਂ ਕਿਹਾ ਕਿ ਭਾਰਤ ਭੂਮੀ ਵਿਰਾਸਤ ਨਹੀਂ ਇਕ ਪਰੰਪਰਾ ਹੈ ਅਤੇ ਭਾਰਤ ਭੂਮੀ ਇਕ ਮਹਾਨ ਆਤਮਾ ਵੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2019 ਵਿਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਅਤੇ 2017 ਵਿਚ ਸ੍ਰੀ ਗੁਰੂ ਗਬਿੰਦ ਸਿੰਘ ਜੀ ਦਾ 360 ਪ੍ਰਕਾਸ ਪੁਰਬ ਮਨਾਉਣ ਦਾ ਅਵਸਰ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 10 ਸਿੱਖ ਗੁਰੂਆਂ ਦੇ ਚਰਨਾਂ ਵਿਚ ਨਮਨ ਕਰਦੇ ਹਨ ਅਤੇ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਅਤੇ ਪੂਰੀ ਦੁਨੀਆ ਵਿਚ ਗੁਰਬਾਣੀ ‘ਚ ਵਿਸ਼ਵਾਸ ਰੱਖਣ ਵਾਲੀ ਸਾਰੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਲਾਲ ਕਿਲ੍ਹੇ ਦੇ ਵਿਹੜੇ ਵਿਚ ਦੋ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਹੋਇਆ ਅਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਵੀ ਕੀਤਾ। ਇਸੇ ਦੌਰਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸਮਾਗਮ ਵਿਚ ਸ਼ਮੂਲੀਅਤ ਕੀਤੀ ਸੀ।