ਨਵੀਂ ਦਿੱਲੀ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਛਾਪੇਮਾਰੀ ਬਦਨਾਮ ‘ਡੌਂਕੀ ਰੂਟ’ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿੱਚ ਕੀਤੀ ਗਈ ਹੈ, ਜੋ ਇਸ ਸਾਲ ਫਰਵਰੀ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਕਈ ਗੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ ਤੋਂ ਬਾਅਦ ਸਾਹਮਣੇ ਆਇਆ ਸੀ।
ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਕੀਤੀ ਗਈ ਇਹ ਛਾਪੇਮਾਰੀ, ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਦੇ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।
ਏਜੰਸੀ ਵੱਲੋਂ ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਇੱਥੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕ ਵਿੱਚ ਸ਼ਾਮਲ ਟਰੈਵਲ ਅਤੇ ਵੀਜ਼ਾ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜਾਂਚ ਪੰਜਾਬ ਅਤੇ ਹਰਿਆਣਾ ਦੀਆਂ ਪੁਲਿਸ ਅਥਾਰਟੀਆਂ ਵੱਲੋਂ ਟਰੈਵਲ ਏਜੰਟਾਂ ਅਤੇ ਵਿਚੋਲਿਆਂ ਵਿਰੁੱਧ ਦਰਜ ਕੀਤੀਆਂ ਗਈਆਂ 17 ਐੱਫਆਈਆਰ’ਜ਼ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ।
ਇਨ੍ਹਾਂ ਏਜੰਟਾਂ ਅਤੇ ਵਿਚੋਲਿਆਂ ‘ਤੇ ਅਮਰੀਕਾ ਵਿੱਚ ਪਰਵਾਸ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਧੋਖਾ ਦੇਣ ਦਾ ਆਰੋਪ ਹੈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ, ”ਇਨ੍ਹਾਂ ਏਜੰਟਾਂ ਨੇ ਕਥਿਤ ਤੌਰ ‘ਤੇ ਲੋਕਾਂ ਨੂੰ ਕਾਨੂੰਨੀ ਯਾਤਰਾ ਦੇ ਪ੍ਰਬੰਧਾਂ ਦਾ ਵਾਅਦਾ ਕਰਕੇ ਫਸਾਇਆ, ਪਰ ਇਸ ਦੀ ਬਜਾਏ ਉਨ੍ਹਾਂ ਨੂੰ ‘ਡੌਂਕੀ ਰੂਟ’ ਵਜੋਂ ਜਾਣੇ ਜਾਂਦੇ ਖਤਰਨਾਕ, ਗੈਰ-ਕਾਨੂੰਨੀ ਰਸਤਿਆਂ ਰਾਹੀਂ ਤਸਕਰੀ ਕੀਤੀ।” ਈਡੀ ਦੀ ਜਾਂਚ ਅਨੁਸਾਰ ਏਜੰਟਾਂ ਨੇ ਕਾਨੂੰਨੀ ਪਰਵਾਸ ਦੇ ਬਹਾਨੇ ਪ੍ਰਤੀ ਵਿਅਕਤੀ 45 ਤੋਂ 50 ਲੱਖ ਰੁਪਏ ਦੀਆਂ ਮੋਟੀਆਂ ਰਕਮਾਂ ਵਸੂਲੀਆਂ ਹਨ।
Check Also
ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ
ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ …