ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਦੇ ਅਹੁਦੇ ਲਈ ਕੌਮੀ ਜਮੂਹਰੀ ਗੱਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਅਤੇ ਵਿਰੋਧੀ ਪਾਰਟੀਆਂ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਛੱਡ ਕੇ ਮੁਲਕ ਦੇ ਸਰਵਉੱਚ ਅਹੁਦੇ ਲਈ ਚੋਣ ਮੈਦਾਨ ‘ਚ ਨਿੱਤਰੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵੀਰਵਾਰ ਨੂੰ ਜਾਂਚ ਪੜਤਾਲ ਦੌਰਾਨ ਰੱਦ ਹੋ ਗਈਆਂ। ਕੋਵਿੰਦ ਤੇ ਕੁਮਾਰ ਸਮੇਤ ਕੁੱਲ 95 ਉਮੀਦਵਾਰ ਇਸ ਵੱਕਾਰੀ ਚੋਣ ਲਈ ਮੈਦਾਨ ਵਿੱਚ ਸਨ।
ਲੋਕ ਸਭਾ ਸਕੱਤਰੇਤ ਦੇ ਸੂਤਰਾਂ ਮੁਤਾਬਕ ਵੱਡੀ ਗਿਣਤੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੀ ਮੁੱਖ ਵਜ੍ਹਾ ਉਨ੍ਹਾਂ ਕੋਲ ਚੋਣ ਮੰਡਲ ਦੇ ਮੈਂਬਰਾਂ ਦੀ ਲੋੜੀਂਦੀ ਹਮਾਇਤ ਨਾ ਹੋਣਾ ਸੀ। ਨਾਮਜ਼ਦਗੀਆਂ ਵੀਰਵਾਰ ਨੂੰ ਜਾਂਚ ਪੜਤਾਲ ਦਾ ਅਮਲ ਸ਼ੁਰੂ ਕੀਤੇ ਜਾਣ ਮਗਰੋਂ ਰੱਦ ਕੀਤੀਆਂ ਗਈਆਂ। ਨੇਮਾਂ ਮੁਤਾਬਕ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਲਈ ਆਪਣੀ ਨਾਮਜ਼ਦਗੀ ਚੋਣ ਮੰਡਲ ਦੇ ਘੱਟੋ ਘੱਟ 50 ਮੈਂਬਰਾਂ ਤੋਂ ਪਹਿਲਾ ਤਜਵੀਜ਼ ਤੇ ਮਗਰੋਂ ਇੰਨੇ ਮੈਂਬਰਾਂ ਤੋਂ ਹੀ ਇਸ ਦੀ ਤਾਈਦ ਕਰਾਉਣੀ ਲਾਜ਼ਮੀ ਹੁੰਦੀ ਹੈ। ਲੋਭ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਤੋਂ ਇਲਾਵਾ ਰਾਜਾਂ ਦੀਆਂ ਅਸੈਂਬਲੀਆਂ ਦੇ ਮੈਂਬਰ (ਵਿਧਾਇਕ) ਇਸ ਦੇ ਮੈਂਬਰ ਹੁੰਦੇ ਹਨ। ਲੋਕ ਸਭਾ ਦੇ ਸਕੱਤਰ ਜਨਰਲ ਨੂੰ ਰਾਸ਼ਟਰਪਤੀ ਚੋਣ ਲਈ ਰਿਟਰਨਿੰਗ ਅਫ਼ਸਰ ਲਾਇਆ ਗਿਆ ਹੈ। ਯਾਦ ਰਹੇ ਕਿ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ 17 ਜੁਲਾਈ ਨੂੰ ਹੋਵੇਗੀ ਜਦਕਿ ਨਤੀਜਿਆਂ ਦਾ ਐਲਾਨ 20 ਜੁਲਾਈ ਨੂੰ ਕੀਤਾ ਜਾਵੇਗਾ। ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੂਨ ਨੂੰ ਪੂਰਾ ਹੋਵੇਗਾ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …