Breaking News
Home / ਹਫ਼ਤਾਵਾਰੀ ਫੇਰੀ / ਕਾਂਗਰਸ ਸਰਕਾਰ ਨੇ ਰਾਣਾ ਗੁਰਜੀਤ ਨੂੰ ਬਚਾਉਣ ਦੇ ਲਈ ਸੁਖਪਾਲ ਖਹਿਰਾ ਨੂੰ ਕੱਢਿਆ ਬਾਹਰ ਤੇ ‘ਆਪ’ ਵਿਧਾਇਕਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ

ਕਾਂਗਰਸ ਸਰਕਾਰ ਨੇ ਰਾਣਾ ਗੁਰਜੀਤ ਨੂੰ ਬਚਾਉਣ ਦੇ ਲਈ ਸੁਖਪਾਲ ਖਹਿਰਾ ਨੂੰ ਕੱਢਿਆ ਬਾਹਰ ਤੇ ‘ਆਪ’ ਵਿਧਾਇਕਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ

ਇਕ ਗਲਤ ਚਾਲ ਤੇ ਪੂਰੀ ਬਾਜ਼ੀ ਹਾਰੀ ਆਮ ਆਦਮੀ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੰਗਾਮੇ ਅਤੇ ਸ਼ਰਮਨਾਕ ਘਟਨਾਵਾਂ ਦੇ ਚਲਦੇ ਖਤਮ ਹੋ ਗਿਆ। ਪੂਰੇ ਸੈਸ਼ਨ ‘ਚ ਕਿਸ ਨੇ ਕੀ ਖੋਇਆ, ਕੀ ਪਾਇਆ ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਘਾਟੇ ‘ਚ ਰਹੀ। ਪਾਰਟੀ ਦੇ ਸਾਰੇ ਵਿਧਾਇਕਾਂ ਵੱਲੋਂ ਕੀਤੀ ਗਈ ਤਿਆਰੀ ਧਰੀ ਧਰਾਈ ਰਹਿ ਗਈ। ਵੈਸੇ ਤਾਂ ਕਾਂਗਰਸ ਨੇ ਇਸ ਗੱਲ ਦੀ ਪੂਰੀ ਤਿਆਰੀ ਕੀਤੀ ਸੀ ਕਿ ਕਿਸ ਤਰ੍ਹਾਂ ਸੁਖਪਾਲ ਖਹਿਰਾ ਨੂੰ ਹਾਵੀ ਨਹੀਂ ਹੋਣ ਦੇਣਾ ਅਤੇ ਰਾਣਾ ਗੁਰਜੀਤ ਸਿੰਘ ਦੇ ਖਿਲਾਫ਼ ਰੇਤ ਦੀਆਂ ਖੱਡਾਂ ਦਾ ਮਾਮਲਾ ਆਉਣ ‘ਤੇ ਹਮਲਾਵਰ ਰੁਖ ਅਪਨਾਉਣਾ ਹੈ। ਜੇਕਰ ਮੌਕਾ ਮਿਲਿਆ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ ਪ੍ਰੰਤੂ ਪਾਰਟੀ ਇਹ ਨਹੀਂ ਜਾਣਦੀ ਸੀ ਕਿ ਇਹ ਮੌਕਾ ਸੁਖਪਾਲ ਖਹਿਰਾ ਖੁਦ ਹੀ ਉਨ੍ਹਾਂ ਨੂੰ ਦੇ ਦੇਣਗੇ। ਕਰਜ਼ਾ ਮੁਆਫ਼ੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਅਤੇ ਕਾਂਗਰਸ ਵੱਲੋਂ ਉਨ੍ਹਾਂ ‘ਤੇ ਕੀਤੇ ਜਾ ਰਹੇ ਹਮਲੇ ਦੀ ਘਟਨਾ ਦਾ ਵਿਧਾਨ ਸਭਾ ਦੇ ਅੰਦਰ ਵੀਡੀਓ ਬਣਾਉਣਾ ਉਨ੍ਹਾਂ ਨੂੰ ਰਾਸ ਆ ਗਿਆ। ਸਪੀਕਰ ਨੇ ਤੁਰੰਤ ਸੁਖਪਾਲ ਖਹਿਰਾ ਨੂੰ ਪੂਰੇ ਸੈਸ਼ਨ ਦੇ ਲਈ ਬਰਖਾਸਤ ਕਰ ਦਿੱਤਾ।
ਇਹ ਵੀ ਪਹਿਲਾ ਮੌਕਾ ਹੈ ਕਿ ਜਦੋਂ ਸਪੀਕਰ ਨੇ ਖੁਦ ਹੀ ਇੰਨਾ ਵੱਡਾ ਫੈਸਲਾ ਲਿਆ। ਨਹੀਂ ਤਾਂ ਅਜਿਹੇ ਕੇਸਾਂ ਦਾ ਨਿਪਟਾਰਾ ਪ੍ਰਿਵਿਲੇਜ਼ ਕਮੇਟੀ ਕਰਦੀ ਹੈ।
ਅੰਦਰ ਦੀ ਗੱਲ ਇਹ ਹੈ ਕਿ ਖਹਿਰਾ ਨੂੰ ਵਾਪਸ ਸਦਨ ‘ਚ ਲਿਆਉਣ ਦੇ ਲਈ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ, ਕੰਵਰ ਸੰਧੂ ਅਤੇ ਅਮਨ ਅਰੋੜਾ ਦੋ ਵਾਰ ਸਪੀਕਰ ਨੂੰ ਉਨ੍ਹਾਂ ਦੇ ਘਰ ਮਿਲੇ। ਪਹਿਲੇ ਦਿਨ ਤਾਂ ਸਪੀਕਰ ਨੇ ਪਾਜੇਟਿਵ ਰਿਸਪਾਂਸ ਦਿੱਤਾ ਅਤੇ ਕਿਹਾ ਕਿ ਕੱਲ੍ਹ ‘ਆਪ’ ਵੱਲੋਂ ਖੇਦ ਪ੍ਰਗਟ ਕਰਨ ‘ਤੇ ਸਿਮਰ ਬੈਂਸ ਨੂੰ ਵਾਪਸ ਲੈ ਲਿਆ ਜਾਵੇਗਾ ਪ੍ਰੰਤੂ ਇਸ ਤੋਂ ਪਹਿਲਾਂ ਵੀ ਕਿ ਇਹ ਮੌਕਾ ਆਉਂਦਾ ਖਹਿਰਾ ਨੇ ਵੀਡੀਓ ਬਣਾ ਦਿੱਤਾ। ਖਹਿਰਾ ਦੀ ਗਲਤੀ ਪਾਰਟੀ ਨੂੰ ਕਾਫ਼ੀ ਭਾਰੀ ਪੈ ਗਈ। ਸਪੀਕਰ ਨੇ ਉਨ੍ਹਾਂ ਨੂੰ ਪੂਰੇ ਸਦਨ ਲਈ ਬਰਖਾਸਤ ਕਰ ਦਿੱਤਾ। ਤਿੰਨ ਪਾਰਟੀ ਆਗੂ ਸਪੀਕਰ ਦੇ ਘਰ ਪਹੁੰਚੇ। ਸਪੀਕਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬ੍ਰਹਮ ਮਹਿੰਦਰਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਦੱਸਣਗੇ।
ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤੱਕ ਸਪੀਕਰ ਵੱਲੋਂ ਕੋਈ ਰਿਸਪਾਂਸ ਨਹੀਂ ਆਇਆ। ਸਾਫ਼ ਸੀ ਕਿ ਕਾਂਗਰਸ ਪਾਰਟੀ ਸੁਖਪਾਲ ਖਹਿਰਾ ਨੂੰ ਸਦਨ ‘ਚ ਦੇਖਣਾ ਨਹੀਂ ਚਾਹੁੰਦੀ। ਤਿੰਨ ਦਿਨ ਤੱਕ ਖਹਿਰਾ ਅਤੇ ਬੈਂਸ ਵਿਧਾਨ ਸਭਾ ਦੇ ਵਿਹੜੇ ਦੇ ਮੈਂਬਰ ਪਾਰਕ ‘ਚ ਬੈਠ ਕੇ ਆਪਣਾ ਵਿਰੋਧ ਪ੍ਰਗਟ ਕਰਦੇ ਰਹੇ ਅਤੇ ਪਾਰਟੀ ਅੰਦਰ ਮੁੱਦੇ ਚੁੱਕਦੀ ਰਹੀ। ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਨੇ ਕੋਸ਼ਿਸ਼ ਕੀਤੀ ਕਿ ਦੋਵੇਂ ਬਰਖਾਸਤ ਆਗੂਆਂ ਨੂੰ ਵਾਪਸ ਲਿਆਂਦਾ ਜਾਵੇ ਪ੍ਰੰਤੂ ਸਪੀਕਰ ਨੇ ਕੋਈ ਧਿਆਨ ਨਹੀਂ ਦਿੱਤਾ। ਇਹ ਉਸ ਸਮੇਂ ਹੋਇਆ ਜਦੋਂ ਅਕਾਲੀ ਦਲ ਦੇ ਪਵਨ ਟੀਨੂ ਅਤੇ ਸਿੱਧੂ ‘ਚ ਟਕਰਾਅ ਹੋਇਆ। ਸਪੀਕਰ ਨੇ ਮਾਮਲਾ ਨਿਪਟਾ ਦਿੱਤਾ। ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਇਹ ਟ੍ਰੇਜਰੀ ਬੈਂਚ ਵੱਲੋਂ ਹੁਣ ਨਹੀਂ ਹੋਵੇਗਾ। ਬ੍ਰਹਮ ਮਹਿੰਦਰਾ ਆਪਣੀ ਗੱਲ ‘ਤੇ ਖਰੇ ਵੀ ਉਤਰੇ।
ਖਹਿਰਾ ਦੇ ਕਦਮ ਨਾਲ ਧਰੀ ਰਹਿ ਗਈ ਤਿਆਰੀ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਗਵਰਨਰ ਐਡਰੈਸ ‘ਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਪਹਿਲੀ ਵਾਰ ਬੋਲਣ ਵਾਲੇ ਵਿਧਾਇਕ ਕਾਂਗਰਸ ਅਤੇ ਅਕਾਲੀਆਂ ਦੇ ਸੀਨੀਅਰ ਵਿਧਾਇਕਾਂ ਨਾਲੋਂ ਕਿਤੇ ਵਧੀਆ ਬੋਲੇ। ਬਜਟ ਦੇ ਲਈ ਵੀ ਉਨ੍ਹਾਂ ਨੇ ਪੂਰੀ ਤਿਆਰੀ ਕੀਤੀ ਸੀ ਪ੍ਰੰਤੂ ਜਿਸ ਤਰ੍ਹਾਂ ਸੁਖਪਾਲ ਖਹਿਰਾ ਅਤੇ ਬੈਂਸ ਨੇ ਸਦਨ ਦੇ ਬਾਹਰ ਸਪੀਕਰ ਰਾਣਾ ਕੇਪੀ ਸਿੰਘ ਦੇ ਜਵਾਈ ‘ਤੇ ਰੇਤ ਦੇ ਮਾਮਲੇ ‘ਚ ਸ਼ਾਮਲ ਹੋਣ ਦਾ ਆਰੋਪ ਲਗਾਇਆ, ਸਪੀਕਰ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੇ ਵਿਹੜੇ ਤੋਂ ਬਾਹਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਪਾਰਟੀ ਨੂੰ ਸਦਨ ‘ਚ ਆਪਣੀ ਗੱਲ ਰੱਖਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ। ਸਪੀਕਰ ਨੇ ਆਪ ਦੇ ਸਾਰੇ ਵਿਧਾਇਕਾਂ ਨੂੰ ਮਾਰਸ਼ਲਾਂ ਨੂੰ ਕਹਿ ਕੇ ਬਾਹਰ ਕਰਵਾ ਦਿੱਤਾ। ਜੀਐਸਟੀ, ਗਵਰਨਰ ਐਡਰੈਸ ‘ਤੇ ਸਰਕਾਰ ਦੀ ਚੰਗੀ ਖਿਚਾਈ ਕਰਨ ਵਾਲੇ ਕੰਵਰ ਸੰਧੂ ਨੇ ਬਜਟ ‘ਤੇ ਵੀ ਕਾਫ਼ੀ ਤਿਆਰੀ ਕੀਤੀ ਹੋਈ ਸੀ ਪ੍ਰੰਤੂ ਇਹ ਸਭ ਧਰੀ ਧਰਾਈ ਰਹਿ ਗਈ।
ਦਸਤਾਰ ਦੀ ਬੇਅਦਬੀ ‘ਤੇ ਸਿਆਸਤ ਕਿਉਂ?
ਜਿਨ੍ਹਾਂ ਨੇ ਬਰਨਾਲਾ ਸਰਕਾਰ ਦੇ ਰਾਜ ਵਿਚ ਸਪੀਕਰ ਦੀ ਪੱਗ ਲਾਹੀ ਹੋਵੇ, ਜਿਨ੍ਹਾਂ ਦੇ ਰਾਜ ਵਿਚ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਦੀਆਂ ਪੱਗਾਂ ਪੁਲਿਸ ਨੇ ਉਛਾਲੀਆਂ ਹੋਣ, ਜਿਨ੍ਹਾਂ ਬੈਂਸ ਭਰਾਵਾਂ ਦੀ ਪੱਗ ਤੱਕ ਲਾਹੀ ਹੋਵੇ, ਉਹ ਅਕਾਲੀ ਦਲ ਹੁਣ ਜਦੋਂ ਦਸਤਾਰ ਦੀ ਬੇਅਦਬੀ ‘ਤੇ ਸਿਆਸਤ ਕਰੇ ਤਾਂ ਚਿੰਤਾ ਸੁਭਾਵਿਕ ਹੈ ਕਿ ਧਾਰਮਿਕ ਅਕੀਦਿਆਂ ਨਾਲੋਂ ਇਨ੍ਹਾਂ ਲਈ ਸਿਆਸਤ ਵੱਡੀ ਹੋ ਗਈ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …