Breaking News
Home / ਹਫ਼ਤਾਵਾਰੀ ਫੇਰੀ / ਹੁਣ ਨਸ਼ੇੜੀ ਲਾੜਿਆਂ ਨੂੰ ਨਹੀਂ ਲੱਭਣਗੀਆਂ ਲਾੜੀਆਂ

ਹੁਣ ਨਸ਼ੇੜੀ ਲਾੜਿਆਂ ਨੂੰ ਨਹੀਂ ਲੱਭਣਗੀਆਂ ਲਾੜੀਆਂ

ਲਾੜਿਆਂ ਦਾ ਡੋਪ ਟੈਸਟ ਕਰਾਉਣ ਬਾਰੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸੋਚਣ ਲੱਗਾ
ਚੰਡੀਗੜ੍ਹ : ਨਸ਼ੇ ਦੇ ਕਾਰਨ ਬਰਬਾਦ ਹੁੰਦੇ ਪਰਿਵਾਰਾਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਜ਼ਰੂਰੀ ਕਰਨ ਦੇ ਸੁਝਾਅ ‘ਤੇ ਹਰਿਆਣਾ ਸਰਕਾਰ ਨੇ ਅਸਹਿਮਤੀ ਪ੍ਰਗਟਾਈ ਹੈ। ਸੂਬਾ ਸਰਕਾਰ ਨੇ ਕਿਹਾ ਕਿ ਲਾੜੇ ਲਈ ਡੋਪ ਟੈਸਟ ਜ਼ਰੂਰੀ ਨਹੀਂ ਹੋਣਾ ਚਾਹੀਦਾ, ਇਹ ਕੇਵਲ ਅਦਾਲਤ ਦੇ ਨਿਰਦੇਸ਼ ‘ਤੇ ਹੀ ਹੋਣਾ ਚਾਹੀਦਾ ਹੈ। ਜਦਕਿ ਪੰਜਾਬ ਸਰਕਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਸਿਵਲ ਹਸਪਤਾਲ ਵਿਚ ਡੀ ਅਡਿਕਸ਼ਨ ਸੈਂਟਰ ਮੌਜੂਦ ਹੈ ਅਤੇ ਜੋ ਆਪਣੀ ਇੱਛਾ ਨਾਲ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸੁਵਿਧਾ ਮੌਜੂਦ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵਿਆਹ ਤੋਂ ਪਹਿਲਾਂ ਲਾੜੇ ਦੇ ਡੋਪ ਟੈਸਟ ਕਰਵਾਉਣ ‘ਤੇ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਲਾੜਾ ਖੁਦ ਤਿਆਰ ਹੈ ਤਾਂ ਪ੍ਰਸ਼ਾਸਨ ਨੂੰ ਡੋਪ ਟੈਸਟ ਕਰਵਾਉਣ ਵਿਚ ਕੋਈ ਇਤਰਾਜ਼ ਨਹੀਂ ਹੈ ਅਤੇ ਪ੍ਰਸ਼ਾਸਨ ਇਸ ਲਈ ਕਿੱਟ ਉਪਲਬਧ ਕਰਵਾਉਣ ਲਈ ਤਿਆਰ ਹੈ। ਹਾਈਕੋਰਟ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਿਵਲ ਹਸਪਤਾਲਾਂ ਵਿਚ ਕਿਉਂ ਨਹੀਂ ਅਜਿਹੀ ਵਿਵਸਥਾ ਕੀਤੀ ਜਾ ਰਹੀ ਕਿ ਵਿਆਹ ਤੋਂ ਪਹਿਲਾਂ ਲਾੜਿਆਂ ਦਾ ਡੋਪ ਟੈਸਟ ਕਰਵਾਇਆ ਜਾਵੇ।
ਕਮੇਟੀ ਨੇ ਪ੍ਰਗਟਾਈ ਅਸਹਿਮਤੀ
ਇਸ ‘ਤੇ ਹੁਣ ਤੱਕ ਹਰਿਆਣਾ ਸਰਕਾਰ ਨੇ ਜਵਾਬ ਦਾਖਲ ਕਰਦੇ ਹੋਏ ਕਿਹਾ ਹੈ ਕਿ ਇਸ ਵਿਸ਼ੇ ਨੂੰ ਲੈ ਕੇ ਇਕ ਕਮੇਟੀ ਗਠਿਤ ਕੀਤੀ ਗਈ ਸੀ। ਚਾਰ ਅਧਿਕਾਰੀਆਂ ਵਾਲੀ ਇਸ ਕਮੇਟੀ ਨੇ ਡੋਪ ਟੈਸਟ ਜ਼ਰੂਰੀ ਕਰਨ ‘ਤੇ ਅਸਹਿਮਤੀ ਪ੍ਰਗਟਾਈ ਹੈ। ਕਮੇਟੀ ਨੇ ਕਿਹਾ ਕਿ ਹਰ ਜ਼ਿਲ੍ਹੇ ਵਿਚ ਅਜਿਹੇ ਸੈਂਟਰ ਸਥਾਪਿਤ ਨਹੀਂ ਕੀਤੇ ਜਾ ਸਕਦੇ, ਜਿਨ੍ਹਾਂ ਵਿਚ ਇਹ ਸੁਵਿਧਾ ਉਪਲਬਧ ਕਰਵਾਈ ਜਾਵੇ। ਇਹ ਵੀ ਕਿਹਾ ਕਿ ਟੈਸਟ ਕੇਵਲ ਅਦਾਲਤ ਦੇ ਨਿਰਦੇਸ਼ ‘ਤੇ ਹੀ ਕਰਨ ਦੀ ਵਿਵਸਥਾ ਜ਼ਿਆਦਾ ਸਹੀ ਹੈ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …