Breaking News
Home / ਹਫ਼ਤਾਵਾਰੀ ਫੇਰੀ / ਇਟਲੀ ਵੱਲੋਂ ਤਿਆਰ ਸ੍ਰੀ ਸਾਹਿਬ ਨੂੰ ਜੇ ਮਿਲੀ ਮਨਜ਼ੂਰੀ ਤਾਂ ਦੁਨੀਆ ਭਰ ‘ਚ ਸੁਲਝ ਜਾਵੇਗਾ ਕਕਾਰ ਪਹਿਨਣ ਦਾ ਮਾਮਲਾ

ਇਟਲੀ ਵੱਲੋਂ ਤਿਆਰ ਸ੍ਰੀ ਸਾਹਿਬ ਨੂੰ ਜੇ ਮਿਲੀ ਮਨਜ਼ੂਰੀ ਤਾਂ ਦੁਨੀਆ ਭਰ ‘ਚ ਸੁਲਝ ਜਾਵੇਗਾ ਕਕਾਰ ਪਹਿਨਣ ਦਾ ਮਾਮਲਾ

ਮਨਜੂਰੀ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਸਾਹਿਬ ਦੇ ਮਾਡਲ ਕੀਤੇ ਭੇਟ
ਅੰਮ੍ਰਿਤਸਰ : ਸਿੱਖਾਂ ਦੇ ਪੰਜ ਕਕਾਰਾਂ ਵਿਚ ਸ਼ੁਮਾਰ ਕਿਰਪਾਨ ਦੇ ਵੱਖ-ਵੱਖ ਸਮੇਂ ‘ਤੇ ਵਿਦੇਸ਼ਾਂ ਵਿਚ ਧਾਰਨ ਕਰਨ ‘ਤੇ ਲੱਗਣ ਵਾਲੀ ਰੋਕ ਦੇ ਮੱਦੇਨਜ਼ਰ ਇਟਲੀ ਦੀ ਇਕ ਕੰਪਨੀ ਨੇ ਖਾਸ ਕਿਸਮ ਦੀ ਕਿਰਪਾਨ ਤਿਆਰ ਕੀਤੀ ਹੈ। ਇਸਦੀ ਧਾਰ ਇੰਨੀ ਨਰਮ ਹੈ ਕਿ ਵਾਰ ਕਰਨ ‘ਤੇ ਮੁੜ ਜਾਏਗੀ ਅਤੇ ਸਾਹਮਣੇ ਵਾਲੇ ਨੂੰ ਸੱਟ ਨਹੀਂ ਲੱਗੇਗੀ। ਫਿਲਹਾਲ ਕੰਪਨੀ ਨੇ ਇਟਲੀ ਦੀ ਸੰਗਤ ਦੀ ਮੱਦਦ ਨਾਲ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਨਜੂਰੀ ਲਈ ਭੇਟ ਕੀਤੀ। ਇਟਲੀ ਵਿਚ ਸਾਬਤ-ਸੂਰਤ ਸਿੱਖਾਂ ਨੂੰ ਇਸ ਧਾਰਮਿਕ ਚਿੰਨ੍ਹ ਨੂੰ ਧਾਰਨ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਐਸਜੀਪੀਸੀ ਵੀ ਆਪਣੇ ਵਲੋਂ ਪੈਰਵੀ ਕਰ ਰਹੀ ਹੈ। ਖੈਰ, ਇਸ ਸਮੱਸਿਆ ਨਾਲ ਨਿਪਟਣ ਲਈ ਇਟਲੀ ਦੀ ਇਕ ਕੰਪਨੀ ਨੇ ਖਾਸ ਧਾਤ ਤੋਂ ਇਹ ਕਿਰਪਾਨ ਤਿਆਰ ਕੀਤੀ ਹੈ।
ਕਿਰਪਾਨ ਦੇ ਸੈਂਪਲ ਨੂੰ ਲੈ ਕੇ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਅਤੇ ਬਾਬਾ ਮਾਨ ਸਿੰਘ ਪਿਹੋਵੇ ਵਾਲੇ ਨੇ ਕਿਰਪਾਨ ਜਥੇਦਾਰ ਨੂੰ ਸੌਂਪੀ।
ਕੰਗ ਅਤੇ ਬਾਬਾ ਮਾਨ ਸਿੰਘ ਨੇ ਦੱਸਿਆ ਕਿ ਇਟਲੀ ਦੀ ਸਰਕਾਰ ਨੇ ਇਸ ਨੂੰ ਮਨਜੂਰ ਕਰ ਲਿਆ ਹੈ ਅਤੇ ਅੱਗੇ ਇਸ ਨੂੰ ਤਿਆਰ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਵਰਲਡ ਸਿੱਖ ਇਟੈਲੀਅਨ ਸੰਸਥਾ ਨੇ ਇਸ ਬਾਰੇ ਲੰਬਾ ਸੰਘਰਸ਼ ਕੀਤਾ ਸੀ। ਕਿਰਪਾਨ ਨੂੰ ਤਿਆਰ ਕਰਨ ਤੋਂ ਬਾਅਦ ਕੰਪਨੀ ਇਸਦਾ ਸਰਟੀਫਿਕੇਟ ਵੀ ਮੁਹੱਈਆ ਕਰਵਾਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਟਲੀ ਸਰਕਾਰ ਤੋਂ ਮਨਜੂਰੀ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨਜੂਰੀ ਲੈਣ ਆਏ ਹਨ।
ਸਿੱਖ ਸੰਗਠਨਾਂ ਤੇ ਸੰਤ-ਮਹਾਂਪੁਰਸ਼ਾਂ ਨਾਲ ਵਿਚਾਰਾਂ ਤੋਂ ਬਾਅਦ ਹੋਵੇਗਾ ਫੈਸਲਾ
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੇ ਲੋਕਾਂ ਦੀ ਪਹਿਲ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸੈਂਪਲ ਤੋਂ ਪਤਾ ਲੱਗਦਾ ਹੈ ਕਿ ਇਸ ਨਾਲ ਸੱਟ ਨਹੀਂ ਲੱਗੇਗੀ। ਉਹਨਾਂ ਕਿਹਾ ਕਿ ਫਿਲਹਾਲ ਇਸ ਲਈ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਸਮੇਤ ਹੋਰ ਸੰਗਠਨਾਂ ਅਤੇ ਸੰਤ ਮਹਾਂਪੁਰਸ਼ਾਂ ਨਾਲ ਮੀਟਿੰਗ ਹੋਵੇਗੀ ਅਤੇ ਉਹਨਾਂ ਦੇ ਫੈਸਲੇ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਇਸ ਨੂੰ ਵਿਚਾਰਿਆ ਜਾਵੇਗਾ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …