Breaking News
Home / ਹਫ਼ਤਾਵਾਰੀ ਫੇਰੀ / ਅਫਸੋਸਜਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਸਿੱਕਮ ਦੇ ਇਤਿਹਾਸਕ ਗੁਰੂਧਾਮ ‘ਚੋਂ ਪਾਵਨ ਸਰੂਪ ਸਮੇਤ ਸਮਾਨ ਸੁੱਟਿਆ ਗਿਆ ਸੜਕ ‘ਤੇ

ਅਫਸੋਸਜਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਤ ਸਿੱਕਮ ਦੇ ਇਤਿਹਾਸਕ ਗੁਰੂਧਾਮ ‘ਚੋਂ ਪਾਵਨ ਸਰੂਪ ਸਮੇਤ ਸਮਾਨ ਸੁੱਟਿਆ ਗਿਆ ਸੜਕ ‘ਤੇ

ਲੁਧਿਆਣਾ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੂਰਬੀ ਰਾਜਾਂ ‘ਚ ਕੀਤੀ ਪ੍ਰਚਾਰ ਯਾਤਰਾ (ਉਦਾਸੀ) ਦੌਰਾਨ ਸਿੱਕਮ ਵਿਖੇ ਬਣਾਏ ਗਏ ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੁਝ ਸ਼ਰਾਰਤੀਆਂ ਵਲੋਂ ਕੱਢ ਕੇ ਸੜਕ ‘ਤੇ ਸੁੱਟ ਦੇਣ ਦੀ ਸੂਚਨਾ ਹੈ। ਭਾਰਤ-ਤਿੱਬਤ ਸਰਹੱਦ ‘ਤੇ 18000 ਫੁੱਟ ਦੀ ਉੱਚਾਈ ‘ਤੇ ਕਚਨਜੰਗਾ ਪਹਾੜੀਆਂ ਦੇ ਇਲਾਕੇ ‘ਚ ਇਹ ਇਤਿਹਾਸਕ ਗੁਰਦੁਆਰਾ ਸਾਹਿਬ 1970-71 ‘ਚ ਇੱਥੇ ਤਾਇਨਾਤ ਕੁਝ ਸਿੱਖ ਫ਼ੌਜੀਆਂ ਵੱਲੋਂ ਸਥਾਨਕ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਬਣਾਇਆ ਗਿਆ ਸੀ। ਕਰਨਲ ਦਵਿੰਦਰ ਸਿੰਘ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਕੇ ‘ਚ ਸਭ ਤੋਂ ਪਹਿਲਾਂ 1968-69 ਵਿਚ ਚੁੰਘਥਾਨ ਵਿਖੇ ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ ਬਣਾਇਆ ਗਿਆ ਸੀ ਤੇ ਕੁਝ ਵਰ੍ਹੇ ਬਾਅਦ ਇੱਥੋਂ 80-85 ਕਿੱਲੋਮੀਟਰ ਦੂਰ ਸਰਹੱਦ ਨੇੜੇ ਗੁਰਦੁਆਰਾ ਗੁਰੂ ਡਾਂਗਮਾਰ ਵੀ ਫ਼ੌਜੀ ਅਧਿਕਾਰੀਆਂ ਵੱਲੋਂ ਉਸਾਰਿਆ ਗਿਆ। ਉਨਾਂ ਦੱਸਿਆ ਕਿ ਇਸ ਸਥਾਨ ‘ਤੇ ਗੁਰੂ ਨਾਨਕ ਸਾਹਿਬ ਦੀ ਫੇਰੀ ਬਾਰੇ ਕਈ ਇਤਿਹਾਸਕਾਰਾਂ ਨੇ ਆਪਣੀਆਂ ਲਿਖਤਾਂ ‘ਚ ਜ਼ਿਕਰ ਕੀਤਾ ਹੈ। ਕਰਨਲ ਗਰੇਵਾਲ ਨੇ ਦੱਸਿਆ ਕਿ ਪਹਿਲਾਂ ਵੀ ਇਕ ਵਾਰ ਸਥਾਨਕ ਫਿਰਕੂ ਲੋਕਾਂ ਨੇ ਇਸ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ ਤਾਂ ਉਨ੍ਹਾਂ ਨੇ ਸਾਰਾ ਮਾਮਲਾ ਮੌਕੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧਿਆਨ ‘ਚ ਲਿਆਂਦਾ ਸੀ ਜਿਨ੍ਹਾਂ ਨੇ ਮੌਕੇ ਦੇ ਰੱਖਿਆ ਮੰਤਰੀ ਜਾਰਜ ਫਰਨਾਡਿਜ਼ ਨਾਲ਼ ਗੱਲਬਾਤ ਕੀਤੀ ਜਿਨ੍ਹਾਂ ਦੇ ਦਖ਼ਲ ਉਪਰੰਤ ਮਾਮਲਾ ਸ਼ਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ 2012 ਤੱਕ ਇੱਥੇ ਬਾਕਾਇਦਾ ਸ੍ਰੀ ਨਿਸ਼ਾਨ ਸਾਹਿਬ ਵੀ ਸੁਸ਼ੋਭਿਤ ਸੀ ਅਤੇ ਇਸ ਇਲਾਕੇ ‘ਚ ਤਾਇਨਾਤ ਸਿੱਖ ਫ਼ੌਜੀ ਇਸ ਅਸਥਾਨ ‘ਤੇ ਸੇਵਾ ਸੰਭਾਲ ਕਰਦੇ ਰਹੇ ਹਨ। ਬਾਅਦ ‘ਚ ਸਥਾਨਕ ਫ਼ਿਰਕੂ ਲੋਕਾਂ ਨੇ ਮੁੜ ਇਸ ‘ਤੇ ਕਬਜ਼ਾ ਕਰਨ ਲਈ ਸਾਜ਼ਿਸ਼ ਅਧੀਨ ਕੁਝ ਫਿਰਕੂ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਇਸ ਅਸਥਾਨ ਨੂੰ ਪਹਿਲਾਂ ਸਰਬ ਧਰਮ ਪ੍ਰਾਰਥਨਾ ਸਥਾਨ ਦੇ ਰੂਪ ‘ਚ ਤਬਦੀਲ ਕਰਕੇ ਇੱਥੋਂ ਨਿਸ਼ਾਨ ਸਾਹਿਬ ਹਟਾ ਦਿੱਤਾ ਅਤੇ ਅੰਦਰ ਬੋਧੀ ਤੇ ਹਿੰਦੂ ਦੇਵਤਿਆਂ ਦੀ ਮੂਰਤੀਆਂ ਰੱਖ ਦਿੱਤੀਆਂ। ਪਤਾ ਲੱਗਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ ਤੇ ਕਰਨਲ ਗਰੇਵਾਲ ਖੁਦ ਮੌਕੇ ‘ਤੇ ਗਏ ਤੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਚੁੰਘਥਾਨ ਵਿਚ ਕਾਰਸੇਵਾ ਕਰਵਾ ਰਹੇ ਭਾਈ ਯਾਦਵਿੰਦਰ ਸਿੰਘ ਨੇ ਲੰਘੇ ਦਿਨੀਂ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਬੋਧੀ ਤੇ ਹੋਰ ਸਥਾਨਕ ਲੋਕ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ, ਰੁਮਾਲੇ, ਧਾਰਮਿਕ ਤਸਵੀਰਾਂ ਤੇ ਗੁਰਦੁਆਰਾ ਸਾਹਿਬ ‘ਚ ਪਿਆ ਹੋਰ ਸਮਾਨ ਚੁੱਕ ਲਿਆਏ ਤੇ ਸਾਰਾ ਸਮਾਨ ਉਨ੍ਹਾਂ ਨੂੰ ਸੌਂਪਣ ਲੱਗੇ ਪਰ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਜ਼ਬਰੀ ਗੁਰੂਘਰ ਦਾ ਸਮਾਨ ਚੁੱਕ ਕੇ ਨਹੀਂ ਲਿਆ ਸਕਦੇ। ਇਸ ਬਾਰੇ ਪਹਿਲਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਸਥਾਨਕ ਸਿੱਖ ਆਗੂਆਂ ਨਾਲ ਗੱਲ ਕਰਨੀ ਪਵੇਗੀ। ਇਹ ਸੁਣ ਕੇ ਸਮਾਨ ਲਿਆਉਣ ਵਾਲੇ ਲੋਕ ਸਾਰਾ ਸਮਾਨ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ‘ਤੇ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪਤਾ ਲੱਗਣ ‘ਤੇ ਉਨ੍ਹਾਂ ਨੇ ਪਾਵਨ ਸਰੂਪ ਤੇ ਹੋਰ ਸਮਾਨ ਮਰਿਆਦਾ ਮੁਤਾਬਿਕ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਲਿਆਂਦਾ। ਸਿਲੀਗੁੜੀ ‘ਚ ਰਹਿੰਦੇ ਸਿੱਖ ਆਗੂ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਪਰ ਅਜੇ ਕੋਈ ਹੱਲ ਨਹੀਂ ਨਿਕਲਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਸ ਘਟਨਾ ‘ਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਕਮੇਟੀ ਵੱਲੋਂ ਕਰਨਲ ਗਰੇਵਾਲ ਦੇ ਨਾਲ ਇਕ ਵਫ਼ਦ ਸਿੱਕਮ ਜਾ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਵੇਗਾ ਤੇ ਸਿੱਕਮ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਵੀ ਇਸ ਬਾਰੇ ਗੱਲਬਾਤ ਕਰਕੇ ਮਸਲੇ ਦਾ ਢੁੱਕਵਾਂ ਹੱਲ ਕੱਢਿਆ ਜਾਵੇਗਾ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …