ਟੋਰਾਂਟੋ/ਸਤਪਾਲ ਸਿੰਘ ਜੌਹਲ
ਦੇਸ਼ ਤੇ ਵਿਦੇਸ਼ਾਂ ‘ਚ ਅਜੇ ਵੀ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਮੌਕਾ ਮਿਲਦੇ ਸਾਰ ਪੱਕੇ ਤੌਰ ‘ਤੇ ਕੈਨੇਡਾ ‘ਚ ਜਾ ਕੇ ਰਹਿਣ ਦੀ ਇੱਛਾ ਰੱਖਦੇ ਹਨ। ਵਰਲਡ ਐਜੂਕੇਸ਼ਨ ਸਰਵਿਸਜ਼ ਵਲੋਂ ਜਨਤਕ ਕੀਤੇ ਤਾਜ਼ਾ ਸਰਵੇ ਅਨੁਸਾਰ ਵੱਖ-ਵੱਖ ਦੇਸ਼ਾਂ ਵਿਚ 13000 ਤੋਂ ਵੱਧ ਲੋਕਾਂ ਤੋਂ ਰਾਏ ਲਈ ਗਈ ਤਾਂ 93 ਫੀਸਦੀ ਤੋਂ ਵੱਧ ਲੋਕਾਂ ਨੇ ਕਿਹਾ ਕਿ ਕੈਨੇਡਾ ਰਹਿਣ ਅਤੇ ਮਾਨਣ ਪੱਖੋਂ ਉਨ੍ਹਾਂ ਦੀ ਪਸੰਦ ਦਾ ਦੇਸ਼ ਹੈ। ਇਹ ਵੀ ਕਿ ਕੋਵਿਡ ਦੀ ਚੱਲ ਰਹੀ ਮਹਾਂਮਾਰੀ ਦੌਰਾਨ ਵੀ ਕੈਨੇਡਾ ਪ੍ਰਤੀ ਲੋਕਾਂ ਦੀ ਖਿੱਚ ਘਟੀ ਨਹੀਂ ਸਗੋਂ ਇਸ ਦੇ ਉਲਟ ਕੈਨੇਡਾ ਜਾਣ ਲਈ ਪਹਿਲਾਂ ਦੇ ਮੁਕਾਬਲੇ ਵੱਧ ਲੋਕ ਉਤਸ਼ਾਹਿਤ ਹੋ ਰਹੇ ਹਨ। ਵਰਲਡ ਐਜੂਕੇਸ਼ਨ ਸਰਵਿਸਜ਼ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦਾ ਮਾਨਤਾ ਪ੍ਰਾਪਤ ਅਦਾਰਾ ਹੈ ਜੋ ਵਿਦੇਸ਼ਾਂ ‘ਚ ਪੜ੍ਹੇ ਹੋਏ ਲੋਕਾਂ ਦੀਆਂ ਡਿਗਰੀਆਂ ਅਤੇ ਡਿਪਲੋਮਿਆਂ ਨੂੰ ਕੈਨੇਡਾ ਦੀ ਸਿੱਖਿਆ ਦੇ ਅਨੁਸਾਰ ਮਾਨਤਾ ਦੇਣ ਦਾ ਕੰਮ ਕਰਦਾ ਹੈ। ਪਤਾ ਲੱਗਾ ਹੈ ਕਿ 2020 ਅਤੇ 2021 ਦੌਰਾਨ ਕੀਤੇ ਗਏ ਦੋ ਵੱਖ-ਵੱਖ ਸਰਵੇਖਣਾਂ ਦੇ ਮੁਲਾਂਕਣ ਤੋਂ ਜਾਣਕਾਰੀ ਮਿਲਦੀ ਹੈ ਕਿ ਵਿਦੇਸ਼ਾਂ ਵਿਚ ਲੋਕਾਂ ਦੇ ਮਨਾਂ ਵਿਚ ਕੈਨੇਡਾ ਪ੍ਰਤੀ ਉਤਸ਼ਾਹ ਵਧਿਆ ਹੈ। ਜਿੱਥੇ 2020 ਵਿਚ 54 ਫੀਸਦੀ ਲੋਕਾਂ ਨੇ ਮੰਨਿਆ ਸੀ ਕਿ ਮਹਾਂਮਾਰੀ ਦਾ ਉਨ੍ਹਾਂ ਦੀ ਕੈਨੇਡਾ ਜਾ ਕੇ ਵੱਸਣ ਦੀ ਇੱਛਾ ਉਪਰ ਅਸਰ ਨਹੀਂ ਹੈ ਓਥੇ 2021 ਦੌਰਾਨ ਇਹ ਗਿਣਤੀ ਵੱਧ ਕੇ 93 ਫੀਸਦੀ ਹੋ ਗਈ। ਇਹ ਵੀ ਕਿ ਪਹਿਲਾਂ ਦੇ ਮੁਕਾਬਲੇ 2021 ਵਿਚ ਵਧੇਰੇ ਲੋਕਾਂ (67 ਫੀਸਦੀ) ਨੂੰ ਇਹ ਵੀ ਲੱਗਿਆ ਕਿ ਕੈਨੇਡਾ ਵਿਚ ਜਾ ਕੇ ਨੌਕਰੀ ਲੱਭਣ ਦੀ ਪ੍ਰੇਸ਼ਾਨੀ ਨਹੀਂ ਆਵੇਗੀ।
ਕਮਾਲ ਦੀ ਗੱਲ ਇਹ ਵੀ ਕਿ ਵਿਦੇਸ਼ਾਂ ਵਿਚ ਰਹਿੰਦੇ (ਸਰਵੇ ਅਨੁਸਾਰ 58 ਫੀਸਦੀ) ਲੋਕ ਕੈਨੇਡਾ ਦੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੋਂ ਸੰਤੁਸ਼ਟ ਹਨ ਅਤੇ ਦੇਸ਼ ਵਿਚ ਉਪਲੱਬਧ (ਮੁਫਤ) ਸਿਹਤ ਸਹੂਲਤਾਂ ਸਦਕਾ ਕੈਨੇਡਾ ਵਿਚ ਆਪਣਾ ਜੀਵਨ ਸਥਾਪਿਤ ਕਰਨ ਨੂੰ ਪਹਿਲ ਦੇਣੀ ਚਾਹੁੰਦੇ ਹਨ। ਸਰਵੇ ਅਨੁਸਾਰ ਸਿਰਫ 22 ਫੀਸਦੀ ਲੋਕਾਂ ਨੇ ਕੈਨੇਡਾ ਦੀ ਬਜਾਏ ਕਿਸੇ ਹੋਰ ਦੇਸ਼ ਵਿਚ ਜਾ ਕੇ ਰਹਿਣ ਦੀ ਗੱਲ ਆਖੀ।
ਆਪਣੇ ਦੇਸ਼ਾਂ ਵਿਚ ਹਰ ਪੱਖੋਂ ਸਥਾਪਿਤ ਲੋਕਾਂ ਦਾ ਵੀ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਆਰਥਿਕ ਅਸਥਿਰਤਾ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਕੈਨੇਡਾ ਵਿਚ ਜਾ ਕੇ ਰਹਿਣ ਨੂੰ ਪਹਿਲ ਦੇਣਗੇ। 74 ਫੀਸਦੀ ਲੋਕ ਇਹ ਵੀ ਮੰਨਦੇ ਹਨ ਕਿ ਕੈਨੇਡਾ ਦੇ ਸੰਭਾਵੀ ਅਸਥਿਰ ਆਰਥਿਕ ਹਾਲਾਤ ਵੀ ਉਨ੍ਹਾਂ ਦੇ ਓਥੇ ਜਾ ਕੇ ਰਹਿਣ ਦੇ ਇਰਾਦੇ ਨੂੰ ਬਦਲ ਨਹੀਂ ਸਕਣਗੇ। ਇਨ੍ਹੀਂ ਦਿਨੀਂ 18 ਲੱਖ ਤੋਂ ਵੱਧ ਲੋਕ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿਚ ਆਪਣੇ ਨਾਂਅ ਦਰਜ ਕਰਵਾ ਕੇ ਇਮੀਗ੍ਰਸ਼ੇਨ ਲੈਣ ਦੀ ਉਡੀਕ ਵਿਚ ਹਨ। ਅਗਲੇ ਤਿੰਨ ਕੁ ਸਾਲਾਂ ਦੀਆਂ ਇਮੀਗ੍ਰੇਸ਼ਨ ਯੋਜਨਾਵਾਂ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵਲੋਂ 14 ਫਰਵਰੀ ਤੋਂ ਪਹਿਲਾਂ ਕੀਤਾ ਜਾਵੇਗਾ।
ਪੀ. ਆਰ. ਅਰਜ਼ੀਆਂ ਦਾ ਨਿਪਟਾਰਾ ਤੇਜ਼
ਟੋਰਾਂਟੋ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ 2022 ਦੌਰਾਨ ਪਰਮਾਨੈਂਟ ਰੈਜੀਡੈਂਸੀ (ਪੀ. ਆਰ.) ਦੀਆਂ ਅਰਜੀਆਂ ਦਾ ਨਿਪਟਾਰਾ ਤੇਜ਼ੀ ਨਾਲ ਕੀਤਾ ਜਾਂਦਾ ਰਹੇਗਾ ਅਤੇ ਮਾਰਚ ਦੇ ਅਖੀਰ ਤੱਕ ਲਗਪਗ 1,47,000 ਕੇਸਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ, ਜੋ ਕਿ ਬੀਤੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ ਤਕਰੀਬਨ ਦੁੱਗਣੀਆਂ ਅਰਜੀਆਂ ਦੀ ਗਿਣਤੀ ਹੋਵੇਗੀ। ਜਾਣਕਾਰੀ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ 2021 ਦੌਰਾਨ ਪੱਕੀ ਇਮੀਗ੍ਰੇਸ਼ਨ ਦੀਆਂ ਲਗਪਗ 5,00,000 ਅਰਜੀਆਂ ਦਾ ਫੈਸਲਾ ਕੀਤਾ ਗਿਆ ਸੀ। ਮੰਤਰਾਲੇ ਵਲੋਂ ਨਿਰਧਾਰਿਤ ਸਮੇਂ ਅਨੁਸਾਰ ਸਕਿੱਲਡ ਵਰਕਰਜ਼ ਕੈਟੇਗਰੀ ਦੀ ਪੀ.ਆਰ. ਐਪਲੀਕੇਸ਼ਨ ਦਾ ਨਿਪਟਾਰਾ ਛੇ ਕੁ ਮਹੀਨਿਆਂ ‘ਚ ਹੋ ਜਾਣਾ ਚਾਹੀਦਾ ਹੈ ਪਰ ਇਸ ਸਮੇਂ ਅਰਜੀਆਂ ਦਾ ਵੱਡਾ ਅੰਬਾਰ ਹੋਣ ਕਾਰਨ ਲਗਪਗ ਦੋ ਸਾਲਾਂ ਤੱਕ ਦਾ ਸਮਾਂ ਲੱਗਣਾ ਆਮ ਗੱਲ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ ‘ਚ ਸੁਧਾਰਾਂ ਲਈ 85 ਮਿਲੀਅਨ ਡਾਲਰ ਦੀ ਰਾਸ਼ੀ ਰੱਖੀ ਗਈ ਹੈ, ਜਿਸ ਨਾਲ ਇਸ ਸਾਲ ਦੇ ਅੰਤ ਤੱਕ ਫਾਈਲਾਂ ਦੇ ਨਿਪਟਾਰੇ ਦਾ ਸਮਾਂ ਨਿਯਮਤ ਕਰਨ ‘ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਮੀਗ੍ਰੇਸ਼ਨ ਮੰਤਰੀ ਨੂੰ ਬੀਤੇ ਸਾਲ ਦਸੰਬਰ ‘ਚ ਪੱਤਰ ਲਿਖ ਕੇ ਅਰਜੀਆਂ ਨਿਪਟਾਉਣ ‘ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਸੀ। ਮੰਤਰੀ ਫਰੇਜ਼ਰ ਨੇ ਆਖਿਆ ਹੈ ਕਿ ਸਟੱਡੀ ਪਰਮਿਟ, ਵਰਕ ਪਰਮਿਟ, ਸੈਲਾਨੀ ਵੀਜਾ, ਨਾਗਰਿਕਤਾ ਅਤੇ ਪੀ. ਆਰ. ਕਾਰਡ ਦੀ ਮਿਆਦ ਵਧਾਉਣ ਦੀਆਂ ਅਰਜੀਆਂ ਦਾ ਫੈਸਲਾ ਕਰਨ ਦਾ ਸਮਾਂ ਨਿਯਮਤ ਕਰਨ ਲਈ ਵੀ ਯਤਨ ਜਾਰੀ ਹਨ। ਇਹ ਵੀ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਰਜੀਆਂ ਦਾਖਿਲ ਕਰਨ ਅਤੇ ਨਿਪਟਾਰੇ ਦੀ ਪ੍ਰਣਾਲੀ ਦੀਆਂ ਸੇਵਾਵਾਂ ਆਨਲਾਈਨ ਉਪਲੱਬਧ ਕਰਾਉਣ ਲਈ ਤਕਨੀਕੀ ਪ੍ਰਬੰਧ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸੇ ਸਾਲ ਹੀ ਵਿਆਂਦੜਾਂ ਅਤੇ ਮਾਪਿਆਂ ਦੀ ਪੱਕੀ ਇਮੀਗ੍ਰੇਸ਼ਨ ਦੀਆਂ ਅਰਜੀਆਂ ਦਾ ਸਿਸਟਮ ਵੀ ਆਨਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਅਰਜੀਕਰਤਾ ਆਪਣੀਆਂ ਅਰਜੀਆਂ ਦੀ ਸਥਿਤੀ ਵੈਬਸਾਈਟ ਤੋਂ ਦੇਖ ਸਕਿਆ ਕਰਨਗੇ।