ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਵਾਧੇ ਦੀ ਧਮਕੀ ਨੂੰ ਠੁੱਸ ਕਰਨ ਲਈ ਇੱਕ ਤਜਵੀਜ਼ ਦੀ ਰੂਪ ਰੇਖਾ ਤਿਆਰ ਕੀਤੀ ਹੈ, ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਅਧਾਰ ਸਾਬਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਫੋਰਡ ਨੇ ਭਰੋਸਾ ਪ੍ਰਗਟਾਇਆ ਕਿ ਮਤੇ ਦੇ ਇਸੇ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦੁਵੱਲੀ ਸਥਿਰਤਾ, ਸੁਰੱਖਿਆ ਦੇ ਨਾਲ ਨਾਲ ਲੰਮੇਂ ਸਮੇਂ ਤੱਕ ਦੀ ਖੁਸ਼ਹਾਲੀ ਬਣ ਸਕਦਾ ਹੈ। ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡੱਗ ਫੋਰਡ ਨੇ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਵਿਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਟਰੰਪ ਭੁਲੇਖੇ ਵਿੱਚ ਨਾ ਰਹਿਣ। ਆਰਥਿਕ ਤਾਕਤ ਦੀ ਵਰਤੋਂ ਦੀਆਂ ਚਿਤਾਵਲੀਆਂ ਵਿਦੇਸ਼ੀ ਨਿਰਭਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਹਨ, ਪਰ ਕੁਦਰਤੀ ਵਸੀਲਿਆਂ ਤੇ ਖਣਿਜਾਂ ਨਾਲ ਮਾਲਾਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਚਿਤਾਵਨੀ ਮੂਹਰੇ ਨਹੀਂ ਝੁਕ ਸਕਦਾ। ਕੈਨੇਡਾ ਦੀ ਆਰਥਿਕਤਾ ਵਿੱਚ 39 ਫੀਸਦੀ ਹਿੱਸਾ ਪਾਉਣ ਅਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਜੀਅ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਚਿਤਾਵਨੀਆਂ ਨੂੰ ਪਿੱਛੇ ਸੁੱਟਦੇ ਹੋਏ ਸ਼ਾਨਦਾਰ ਵਪਾਰਕ ਸੌਦਿਆਂ ਲਈ ਇੱਕਜੁਟਤਾ ਨਾਲ ਕੰਮ ਕਰਦੇ ਰਹਿਣਗੇ। ਡੱਗ ਫੋਰਡ ਨੇ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰ ਕੇ ਟਰੰਪ ਦੀਆਂ ਚਿਤਾਵਨੀਆਂ ਨਾਲ ਸਿੱਝਣ ਬਾਰੇ ਵਿਚਾਰਾਂ ਕੀਤੀਆਂ ਹਨ। ਸਾਰਿਆਂ ਵਲੋਂ ਉਸ ਨੂੰ ਮੂਹਰੇ ਲੱਗ ਕੇ ਠੋਸ ਕਦਮ ਚੁਕਣ ਲਈ ਕਿਹਾ ਗਿਆ ਹੈ।
ਸੜਕ ਹਾਦਸੇ ‘ਚ ਵਾਲ-ਵਾਲ ਬਚੇ ਡੱਗ ਫੋਰਡ : ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕਾਰ ਨੂੰ ਪੇਸ਼ ਆਏ ਹਾਦਸੇ ਦੌਰਾਨ ਉਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਪਰ ਜ਼ਖ਼ਮੀ ਹੋਣ ਤੋਂ ਬਚਾਅ ਰਿਹਾ। ਕਾਰ ਵਿੱਚ ਫੋਰਡ ਨਾਲ ਉਨ੍ਹਾਂ ਦਾ ਸਕੱਤਰ ਤੇ ਸੁਰੱਖਿਆ ਕਰਮਚਾਰੀ ਵੀ ਸਵਾਰ ਸਨ।
ਉਹ ਹਾਈਵੇਅ 401 ਸਥਿਤ ਨਿਊਕਲੀਅਰ ਪਲਾਂਟ ‘ਚੋਂ ਨਿਕਲ ਕੇ ਮੁੱਖ ਸੜਕੇ ‘ਤੇ ਚੜ੍ਹੇ ਹੀ ਸਨ ਕਿ ਪਿੱਛੋਂ ਆਉਂਦੀ ਕਿਸੇ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਘਟਨਾ ਸਥਾਨ ਤੋਂ ਬਾਅਦ ਦਫਤਰ ਪਹੁੰਚੇ ਫੋਰਡ ਨੇ ਕਿਹਾ, ”ਬੱਸ ਬਚਾਅ ਹੋ ਗਿਆ।” ਉਨ੍ਹਾਂ ਕਿਹਾ ਟੱਕਰ ਮੌਕੇ ਇੰਜ ਦਾ ਝਟਕਾ ਲੱਗਿਆ ਜਿਵੇਂ ਕਿਸੇ ਨੇ ਸਰੀਰ ‘ਤੇ ਹਥੌੜਾ ਮਾਰਿਆ ਹੋਵੇ।
Check Also
ਟਰੂਡੋ ਦੇ ਅਸਤੀਫੇ ਮਗਰੋਂ ਨਵੇਂ ਨੇਤਾ ਦੀ ਭਾਲ ਸ਼ੁਰੂ
ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ ਟੋਰਾਂਟੋ : ਕੈਨੇਡਾ ਦੇ …