Breaking News
Home / ਹਫ਼ਤਾਵਾਰੀ ਫੇਰੀ / 1984 ਸਿੱਖ ਕਤਲੇਆਮ :ਐਸਆਈਟੀ ਨੂੰ ਨਹੀਂ ਮਿਲੀਆਂ ਸਰਕਾਰੀ ਰਿਕਾਰਡ ‘ਚ ਫਾਈਲਾਂ

1984 ਸਿੱਖ ਕਤਲੇਆਮ :ਐਸਆਈਟੀ ਨੂੰ ਨਹੀਂ ਮਿਲੀਆਂ ਸਰਕਾਰੀ ਰਿਕਾਰਡ ‘ਚ ਫਾਈਲਾਂ

ਕਾਨਪੁਰ ‘ਚ 125 ਸਿੱਖਾਂ ਦੀ ਹੱਤਿਆ ਨਾਲ ਜੁੜੀਆਂ ਫਾਈਲਾਂ ਰਿਕਾਰਡ ‘ਚੋਂ ਗਾਇਬ
1250 ਮਾਮਲਿਆਂ ‘ਚੋਂ ਗਾਇਬ ਹੋਈਆਂ ਹੱਤਿਆ ਤੇ ਡਕੈਤੀ ਨਾਲ ਸਬੰਧਤ 15 ਫਾਈਲਾਂ
ਕਾਨਪੁਰ : 1984 ‘ਚ ਸਿੱਖ ਕਤਲੇਆਮ ਦੌਰਾਨ ਹੋਈਆਂ ਹੱਤਿਆਵਾਂ, ਡਕੈਤੀ ਜਿਹੇ ਗੰਭੀਰ ਮਾਮਲਿਆਂ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਕਾਨਪੁਰ ‘ਚ ਸਰਕਾਰੀ ਰਿਕਾਰਡ ‘ਚੋਂ ਗਾਇਬ ਹੋ ਗਈਆਂ ਹਨ। ਇਥੇ ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ 125 ਸਿੱਖਾਂ ਦੀ ਹੱਤਿਆ ਹੋਈ ਸੀ। ਰਾਜ ਸਰਕਾਰ ਵੱਲੋਂ ਫਰਵਰੀ 2019 ‘ਚ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਕਾਨਪੁਰ ‘ਚ ਜਦੋਂ ਪੁਲਿਸ ਰਿਕਾਰਡ ਫਰੋਲਿਆ ਤਾਂ ਪਾਇਆ ਗਿਆ ਕਿ ਉਸ ਸਮੇਂ ਪੁਲਿਸ ਕਰਮਚਾਰੀਆਂ ਵੱਲੋਂ ਕਥਿਤ ਰੂਪ ‘ਚ ਹੱਤਿਆ ਅਤੇ ਡਕੈਤੀ ਨਾਲ ਸਬੰਧਤ 15 ਫਾਈਲਾਂ ਦਬਾ ਲਈਆਂ ਸਨ ਜੋ ਹੁਣ ਸਰਕਾਰੀ ਰਿਕਾਰਡ ‘ਚੋਂ ਗਾਇਬ ਹਨ। ਕੁਝ ਮਾਮਲਿਆਂ ‘ਚ ਐਸਆਈਟੀ ਨੂੰ ਐਫਆਈਆਰ ਅਤੇ ਕੇਸ ਡਾਇਰੀਆਂ ਵੀ ਨਹੀਂ ਮਿਲੀਆਂ। ਪੰਜਾਬ ਦੀਆਂ ਸਿੱਖ ਜਥੇਬੰਦੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ‘ਆਮ ਆਦਮੀ ਪਾਰਟੀ’ ਨੇ ਇਸ ਘਟਨਾਕ੍ਰਮ ‘ਤੇ ਸਖਤ ਪ੍ਰਤੀਕ੍ਰਿਆ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਰਿਕਾਰਡ ਗੁੰਮ ਹੋਣ ਨਾਲ ਜਿੱਥੇ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਦੀ ਜਾਂਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਅਸ਼ੰਕਾ ਬਣ ਗਈ ਹੈ, ਉਥੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਵਿਵਸਥਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਉਧਰ ਕਈ ਸਿੱਖ ਸੰਗਠਨਾਂ ਨੇ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਹੋਏ 32 ਸਿੱਖਾਂ ਦੇ ਕਤਲੇਆਮ ਮਾਮਲੇ ‘ਚ ਵੀ ਐਸਆਈਟੀ ਬਣਾਉਣ ਦੀ ਮੰਗ ਕੀਤੀ ਹੈ।
ਐਸਆਈਟੀ ਦੀ ਨਜ਼ਰ ‘ਚ 38 ਮਾਮਲੇ ਗੰਭੀਰ, 26 ਦੀ ਜਾਂਚ ਬੰਦ : ਕਾਨਪੁਰ ‘ਚ ਸਿੱਖ-ਵਿਰੋਧੀ ਕਤਲੇਆਮ ਦੇ ਦੌਰਾਨ ਹੱਤਿਆ, ਹੱਤਿਆ ਦਾ ਯਤਨ, ਡਕੈਤੀ, ਲੁੱਟ, ਅਗਜ਼ਨੀ, ਹਮਲਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ 1250 ਮਾਮਲੇ ਦਰਜ ਹੋਏ ਸਨ। ਗਾਇਬ ਹੋਈਆਂ ਫਾਈਲਾਂ ਹੱਤਿਆ, ਡਕੈਤੀ ਜਿਹੇ ਗੰਭੀਰ ਅਪਰਾਧਾਂ ਦੀਆਂ ਹਨ। ਐਸਆਈਟੀ ਨੇ ਸ਼ੁਰੂ ‘ਚ 38 ਅਪਰਾਧਾਂ ਨੂੰ ਗੰਭੀਰ ਮੰਨਿਆ ਹੈ, ਇਨ੍ਹਾਂ ‘ਚੋਂ 26 ਮਾਮਲਿਆਂ ਦੀ ਜਾਂਚ ਬੰਦ ਹੋ ਚੁੱਕੀ ਹੈ। ਐਸਆਈਟੀ ਨੇ ਇਨ੍ਹਾਂ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ, ਤਾਂਕਿ ਦੋਸ਼ੀ ਬਚ ਨਾ ਸਕਣ। ਐਸਆਈਟੀ ਮੈਂਬਰ ਬਾਲੇਂਦੂ ਭੂਸ਼ਣ ਨੇ ਗਾਇਬ ਫਾਈਲਾਂ ਨੂੰ ਲੱਭਣ ਅਤੇ ਅਜਿਹੇ ਅਪਰਾਧਾਂ ਦੇ ਗਵਾਹਾਂ ਨੂੰ ਅੱਗੇ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ। ਐਸਆਈਟੀ ਦੇ ਐਸਐਸਪੀ ਨੇ ਕਿਹਾ ਕਿ ਇਹ ਦੇਖਣਾ ਹੋਵੇਗਾ ਕੀ ਫਾਈਲਾਂ ਸਰਕਾਰੀ ਨਿਯਮ ਦੇ ਅਨੁਸਾਰ ਕਈ ਦਸਤਾਵੇਜ਼ਾਂ ਦੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਜਾਂ ਕਿਸੇ ਵਿਸ਼ੇਸ਼ ਸਮੇਂ ਇਨ੍ਹਾਂ ਨੂੰ ਖਤਮ ਕੀਤਾ ਗਿਆ। ਮਾਮਲੇ ਦੀ ਸੰਵੇਦਨਸ਼ੀਲਤਾ ਦੇ ਚਲਦੇ ਦਸਤਾਵੇਜ਼ ਲੱਭਣ ‘ਚ ਐਸਆਈਟੀ ਦਾ ਸਹਿਯੋਗ ਕੀਤਾ ਜਾਵੇਗਾ।
ਕਾਨਪੁਰ ਕਤਲੇਆਮ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਨਵੀ ਪਟੀਸ਼ਨ ਦਾਇਰ ਕਰੇਗੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਨਵੀਂ ਅਰਜ਼ੀ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਰਾਹੀਂ ਇਨ੍ਹਾਂ ਕੇਸਾਂ ਦੀ ਮੁੜ ਪੜਤਾਲ ਲਈ ਗਠਿਤ ਕੀਤੀ ਗਈ ਐੱਸਆਈਟੀ ਵੱਲੋਂ ਛੇ ਮਹੀਨਿਆਂ ਵਿਚ ਕੀਤੇ ਕੰਮਕਾਜ ਦੀ ਪ੍ਰਗਤੀ ਰਿਪੋਰਟ ਮੰਗੀ ਜਾਵੇਗੀ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਇਹ ਅਰਜ਼ੀ ਸੋਮਵਾਰ ਨੂੰ ਦਾਖ਼ਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 1984 ਦੇ ਕਾਨਪੁਰ ਸਿੱਖ ਕਤਲੇਆਮ ਨਾਲ ਸਬੰਧਤ ਕਈ ਕੇਸਾਂ ਦੇ ਸਬੂਤ/ਕੇਸ ਰਿਕਾਰਡ ਜਾਣਬੁੱਝ ਕੇ ਨਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੁਲਿਸ ਨੇ ਐੱਸਆਈਟੀ ਵੱਲੋਂ ਰਿਕਾਰਡ ਮੰਗਣ ‘ਤੇ ਬੜੇ ਹੈਰਾਨੀਜਨਕ ਢੰਗ ਨਾਲ ਜਵਾਬ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੀਂ ਅਰਜ਼ੀ ਦਾਇਰ ਕਰਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਵੇਗੀ ਕਿ ਐੱਸਆਈਟੀ ਵੱਲੋਂ ਕੀਤੇ ਕੰਮ ਦਾ ਸਾਰਾ ਰਿਕਾਰਡ ਤਲਬ ਕੀਤਾ ਜਾਵੇ ਤੇ ਦੱਸਿਆ ਜਾਵੇ ਕਿ ਇਸ ਨੇ ਕਿੰਨੇ ਅਤੇ ਕਿਹੜੇ ਕੇਸ ਮੁੜ ਖੋਲ੍ਹੇ ਹਨ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਨਿਆਂ ਦੀ ਕਾਨੂੰਨੀ ਲੜਾਈ ਲੜ ਰਹੀ ਹੈ ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੱਥੇ ਕਿਸ ਪਾਰਟੀ ਦੀ ਸਰਕਾਰ ਹੈ।
ਸਭ ਤੋਂ ਜ਼ਿਆਦਾ ਕਾਨਪੁਰ ‘ਚ ਦਰਜ ਹੋਏ ਸਨ 1250 ਮਾਮਲੇ
ਐਸਆਈਟੀ ਦੇ ਚੇਅਰਮੈਨ ਸਾਬਕਾ ਡੀਜੀਪੀ ਅਤੁਲ ਨੇ ਕਿਹਾ ਕਿ ਉਨ੍ਹਾਂ ਫਾਈਲਾਂ ਦਾ ਪਤਾ ਲਗਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ। ਅਤੁਲ ਨੇ ਕਿਹਾ ‘ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਕੀ ਪੁਲਿਸ ਨੇ ਠੋਸ ਸਬੂਤ ਦੇ ਅਧਾਰ ‘ਤੇ ਹੱਤਿਆ ਦੇ ਮਾਮਲੇ ਬੰਦ ਕਰ ਦਿੱਤੇ ਜਾਂ ਉਨ੍ਹਾਂ ਨੇ ਅਦਾਲਤ ‘ਚ ਆਰੋਪ ਪੱਤਰ ਦਾਖਲ ਕੀਤੇ। ਹਾਲਾਂਕਿ ਸਾਨੂੰ ਅਜੇ ਤੱਕ ਹੱਤਿਆ ਨਾਲ ਸਬੰਧਤ ਕਈ ਮਾਮਲਿਆਂ ਦੀਆਂ ਫਾਈਲਾਂ ਨਹੀਂ ਮਿਲੀਆਂ।
‘ਰਿਕਾਰਡ ਗੁੰਮ ਕਰਨਾ ਸਾਜ਼ਿਸ਼ ਹੈ, ਇਸ ਮਾਮਲੇ ‘ਚ ਜੋ ਵੀ ਆਗੂ ਜਾਂ ਅਫ਼ਸਰ ਸ਼ਾਮਲ ਹੈ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
-ਦਲਜੀਤ ਸਿੰਘ ਚੀਮਾ
ਸਿੱਖ ਕਤਲੇਆਮ ਨਾਲ ਜੁੜੇ ਕੁਝ ਰਿਕਾਰਡ ਗੁੰਮ ਹੋਣ ਦੇ ਬਾਰੇ ‘ਚ ਜਾਣਕਾਰੀ ਮਿਲੀ ਹੈ। ਮਾਮਲੇ ਦੀ ਜਾਂਚ ਹਾਈਕੋਰਟ ਦੇ ਸਾਬਕਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ।
-ਹਰਪਾਲ ਚੀਮਾ

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …