Breaking News
Home / ਹਫ਼ਤਾਵਾਰੀ ਫੇਰੀ / ਸ਼ਰਧਾਲੂਆਂ ਨੂੰ ਅੱਤਵਾਦੀ ਦੱਸਣ ਵਾਲੇ ਡੀਜੀਪੀ ਨੂੰ ਕੈਪਟਨ ਨੇ ਬਚਾਇਆ

ਸ਼ਰਧਾਲੂਆਂ ਨੂੰ ਅੱਤਵਾਦੀ ਦੱਸਣ ਵਾਲੇ ਡੀਜੀਪੀ ਨੂੰ ਕੈਪਟਨ ਨੇ ਬਚਾਇਆ

ਕਿਹਾ : ਡੀਜੀਪੀ ਤੋਂ ਹੋਈ ਗਲਤੀ ਪਰ ਉਨ੍ਹਾਂ ਦੇ ਕਬੂਲਨਾਮੇ ਨਾਲ ਹੋ ਗਈ ਖਤਮ
ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਕੈਪਟਨ ਨੇ ਦਿੱਤੀ ਕਲੀਨ ਚਿੱਟ
ਚੰਡੀਗੜ੍ਹ : ਕਰਤਾਰਪੁਰ ਲਾਂਘੇ ਬਾਰੇ ਵਿਵਾਦਤ ਬਿਆਨ ਦੇਣ ‘ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਹਮਾਇਤ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਤਰੇ। ਸਦਨ ਵਿਚ ਉਨ੍ਹਾਂ ਕਿਹਾ, ‘ਗਲਤੀ ਕਿਸੀ ਤੋਂ ਵੀ ਹੋ ਸਕਦੀ ਹੈ। ਮੈਂ ਵੀ ਗਲਤੀ ਕਰ ਸਕਦਾ ਹਾਂ ਅਤੇ ਤੁਸੀਂ ਸਾਹਮਣੇ ਬੈਠੇ (ਵਿਰੋਧੀ ਧਿਰ) ਹੋ, ਤੁਹਾਡੇ ਵਿਚੋਂ ਕੋਈ ਉਠ ਕੇ ਕਹਿ ਸਕਦਾ ਹੈ ਕਿ ਮੇਰੇ ਕੋਲੋਂ ਕੋਈ ਗਲਤੀ ਨਹੀਂ ਹੋਈ।’ ਉਨ੍ਹਾਂ ਸਦਨ ਵਿਚ ਭਰੋਸਾ ਦਿੱਤਾ ਕਿ ਡੀਜੀਪੀ ਨੇ ਆਪਣੀ ਗਲਤੀ ਮੰਨ ਲਈ ਹੈ। ਕੈਪਟਨ ਨੇ ਕਿਹਾ ਕਿ ਡੀਜੀਪੀ ਨੂੰ ਅਜਿਹਾ ਵਿਵਾਦਤ ਬਿਆਨ ਨਹੀਂ ਦੇਣਾ ਚਾਹੀਦਾ ਸੀ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਨੇ ਡੀਜੀਪੀ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ, ਪਰ ਮੁੱਖ ਮੰਤਰੀ ਵਲੋਂ ਬਿਆਨ ਦੇਣ ਤੋਂ ਬਾਅਦ ਮੰਗਲਵਾਰ ਨੂੰ ਵਿਧਾਨ ਸਭਾ ਦੀ ਕਾਰਵਾਈ ਆਰੰਭ ਹੋਈ। ਮੰਗਲਵਾਰ ਨੂੰ ਸੈਸ਼ਨ ਸ਼ੁਰੂ ਹੁੰਦਿਆਂ ਹੀ ਪ੍ਰਸ਼ਨ ਕਾਲ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿਚ ਖੜ੍ਹੇ ਹੋ ਗਏ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਦੋ ਮੁੱਦੇ ਉਠੇ, ਜਿਨ੍ਹਾਂ ਬਾਰੇ ਉਹ ਸਦਨ ਵਿਚ ਬਿਆਨ ਦੇਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਨੇ ਗਲਤੀ ਮੰਨ ਲਈ ਹੈ। ਇਹ ਮਾਮਲਾ ਖਤਮ ਹੋ ਗਿਆ ਹੈ ਅਤੇ ਸਾਨੂੰ ਸ਼ਾਂਤੀ ਬਹਾਲੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਬਹੁਤ ਬੁਰੇ ਦੌਰ ਵਿਚੋਂ ਲੰਘਿਆ ਹੈ। ਲਗਭਗ 35 ਹਜ਼ਾਰ ਪੰਜਾਬੀਆਂ, 1700 ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।
ਮੁੱਖ ਮੰਤਰੀ ਨੇ ਕਿਹਾ, ‘ਕਰਤਾਰਪੁਰ ਲਾਂਘਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖਾਂ ਦੀ ਅਰਦਾਸ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ ਅਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਹਨ।’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਗੁਪਤ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਸਦਨ ਵਿਚ ਵੰਡਿਆ ਨਹੀਂ ਜਾ ਸਕਦਾ। ਆਈਐਸਆਈ ਕੋਲ ਹੁਣ ਇਕੋ ਕੰਮ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਜਾਵੇ। ਪੰਜਾਬ ਪੁਲਿਸ ਨੇ 154 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, 41 ਏਕੇ47, ਐਮਪੀ9, ਐਮਪੀ 5 ਰਾਈਫਲਜ਼, 158 ਹੋਰ ਰਾਈਫਲਾਂ ਅਤੇ ਪਿਸਤੌਲ, 35 ਹੈਂਡ ਗਰਨੇਡ ਬਰਾਮਦ ਕੀਤੇ, ਜਿਨ੍ਹਾਂ ਵਿਚ ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਵਿਚ ਵਰਤਿਆ ਅਸਲਾ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ, ‘ਆਈਐਸਆਈ ਨੂੰ ਤਾਲਿਬਾਨ, ਇਰਾਨ ਜਾਂ ਬਲੋਚਿਸਤਾਨ ਨਾਲ ਕੀ ਸਮੱਸਿਆ ਹੈ, ਅਸੀਂ ਨਹੀਂ ਜਾਣਦੇ ਪਰ ਪਾਕਿਸਤਾਨੀ ਏਜੰਸੀ ਭਾਰਤ ਵਿਚ ਕੀ ਕਰ ਰਹੀ ਹੈ, ਇਸ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਤੋਂ ਪਹਿਲਾਂ ਕਸ਼ਮੀਰ ਸੀ ਅਤੇ ਹੁਣ ਪੰਜਾਬ ਉਨ੍ਹਾਂ ਦੇ ਨਿਸ਼ਾਨੇ ‘ਤੇ ਹੈ।’
ਪਾਸਪੋਰਟ ਦੀ ਸ਼ਰਤ ਰੱਦ ਕਰਵਾਉਣ ਦਿੱਲੀ ਜਾਵੇਗਾ ਸਾਂਝਾ ਵਫ਼ਦ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਪਾਸਪੋਰਟ ਅਤੇ 20 ਡਾਲਰ ਦੀ ਫੀਸ ਰੱਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਨ ਲਈ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਇਕ ਸਰਬ ਪਾਰਟੀ ਵਫ਼ਦ ਇਸ ਮੰਤਵ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …