‘ਆਪ’ ਨੇ ਕਾਂਗਰਸ ਨਾਲ ਮਿਲ ਕੇ ਚੋਣਾਂ ਲੜਨ ਤੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦਰਮਿਆਨ ਕੋਈ ਸਿਆਸੀ ਗੱਠਜੋੜ ਨਹੀਂ ਹੋਵੇਗਾ। ਪੰਜਾਬ ਵਿੱਚ ‘ਆਪ’ ਇਕੱਲੇ ਆਪਣੇ ਦਮ ‘ਤੇ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਭਵਨ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਪੰਜਾਬ ਵਿੱਚ ‘ਆਪ’ ਵੱਲੋਂ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਕੀਤਾ ਜਾਵੇਗਾ। ਪੰਜਾਬ ਵਿਚ ‘ਆਪ’ ਆਪਣੇ ਦਮ ‘ਤੇ ਚੋਣ ਲੜਦੇ ਹੋਏ 13-0 ਨਾਲ ਜਿੱਤ ਹਾਸਲ ਕਰੇਗੀ। ਇਸ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਸਨ। ਸੀਨੀਅਰ ਲੀਡਰਸ਼ਿਪ ਕੋਲ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ‘ਤੇ ਚਾਨਣਾ ਪਾਇਆ ਅਤੇ ਇਕੱਲੇ ਤੌਰ ‘ਤੇ ਚੋਣ ਲੜਨ ਬਾਰੇ ਕਿਹਾ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਭਗਵੰਤ ਮਾਨ ਦੀ ਤਜਵੀਜ਼ ਪ੍ਰਵਾਨ ਕਰ ਲਈ ਸੀ ਅਤੇ ਪੰਜਾਬ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਗੱਠਜੋੜ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਵਿੱਚ ‘ਆਪ’ ਪੰਜਾਬ ਨੂੰ ਲੈ ਕੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਾਏਗੀ। ਮੁੱਖ ਮੰਤਰੀ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਕਾਂਗਰਸ ਨਾਲ ਪੰਜਾਬ ਵਿਚ ਗੱਠਜੋੜ ਦੇ ਪੱਖ ਵਿਚ ਨਹੀਂ ਸਨ ਪਰ ਹੁਣ ਹਾਈ ਕਮਾਂਡ ਨੇ ਵੀ ਗੈਰਰਸਮੀ ਤੌਰ ‘ਤੇ ਮੋਹਰ ਲਗਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਤੋਂ ਪਹਿਲਾਂ ‘ਆਪ’ ਨੇ ਕੁਝ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਮੁੱਢਲੀ ਸ਼ਨਾਖਤ ਕੀਤੀ ਹੈ। ਪਾਰਟੀ ਨੇ ਤੈਅ ਕੀਤਾ ਹੈ ਕਿ ਹਰ ਲੋਕ ਸਭਾ ਹਲਕੇ ਤੋਂ ਮੁੱਢਲੇ ਪੜਾਅ ‘ਤੇ ਤਿੰਨ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ।
13 ਲੋਕ ਸਭਾ ਹਲਕਿਆਂ ਲਈ 39 ਉਮੀਦਵਾਰਾਂ ਦੀ ਸੂਚੀ ਤਿਆਰ ਹੋਵੇਗੀ ਤੇ ਇਨ੍ਹ੍ਵਾਂ ਉਮੀਦਵਾਰਾਂ ‘ਚੋਂ ਹੀ ਇੱਕ ਉਮੀਦਵਾਰ ਫਾਈਨਲ ਕੀਤਾ ਜਾਵੇਗਾ। ਪਤਾ ਲੱਗਾ ਹੈ ਕਿ ਉਮੀਦਵਾਰਾਂ ਦੀ ਚੋਣ ਸਮੇਂ ਪਾਰਟੀ ਦੀ ਹੀ ਸੀਨੀਅਰ ਲੀਡਰਸ਼ਿਪ ਨੂੰ ਤਰਜੀਹ ਦਿੱਤੀ ਜਾਵੇਗੀ। ਚੋਣ ਮੌਕੇ ਨੌਜਵਾਨਾਂ ਤੇ ਮਹਿਲਾਵਾਂ ਨੂੰ ਵੀ ਬਣਦੀ ਹਿੱਸੇਦਾਰੀ ਦਿੱਤੀ ਜਾਣੀ ਹੈ।
ਦੂਜੇ ਪਾਸੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੀ ਇਕੱਲੇ ਤੌਰ ‘ਤੇ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ।
ਬੰਗਾਲ ‘ਚ ਟੀਐੱਮਸੀ ਵੀ ਇਕੱਲਿਆਂ ਲੜੇਗੀ ਚੋਣ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਆਪਣੇ ਦਮ ‘ਤੇ ਲੜਨ ਦਾ ਫੈਸਲਾ ਕੀਤਾ ਹੈ। ਬੈਨਰਜੀ ਦਾ ਇਹ ਦਾਅਵਾ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਲਈ ਵੱਡਾ ਝਟਕਾ ਹੈ। ਬੰਗਾਲ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਤੇ ਟੀਐੱਮਸੀ ਦਰਮਿਆਨ ਚੱਲ ਰਹੀ ਤਲਖੀ ਦਰਮਿਆਨ ਬੈਨਰਜੀ ਨੇ ਕਿਹਾ, ”ਮੈਂ ਉਨ੍ਹਾਂ (ਕਾਂਗਰਸ) ਨੂੰ ਇਕ ਤਜਵੀਜ਼ (ਸੀਟਾਂ ਦੀ ਵੰਡ ਬਾਰੇ) ਦਿੱਤੀ ਸੀ, ਪਰ ਉਨ੍ਹਾਂ ਸ਼ੁਰੂਆਤ ਵਿਚ ਹੀ ਇਸ ਤੋਂ ਨਾਂਹ ਕਰ ਦਿੱਤੀ। ਸਾਡੀ ਪਾਰਟੀ ਨੇ ਹੁਣ ਬੰਗਾਲ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।”