Breaking News
Home / ਹਫ਼ਤਾਵਾਰੀ ਫੇਰੀ / 26 ਮਾਰਚ ਨੂੰ ਹੋਵੇਗਾ ਸੰਪੂਰਨ ਭਾਰਤ ਬੰਦ

26 ਮਾਰਚ ਨੂੰ ਹੋਵੇਗਾ ਸੰਪੂਰਨ ਭਾਰਤ ਬੰਦ

ਕਿਸਾਨ ਮੋਰਚੇ ਦੀ ਟਰੇਡ ਯੂਨੀਅਨਾਂ ਨਾਲ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਕਿਸਾਨ 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਰੱਖਣਗੇ। ਇਸ ਦੌਰਾਨ ਬਜ਼ਾਰਾਂ ਤੋਂ ਲੈ ਕੇ ਸੜਕ ਅਤੇ ਰੇਲਵੇ ਟਰੈਕ ਨੂੰ ਬੰਦ ਰੱਖਿਆ ਜਾਵੇਗਾ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਕੁੰਡਲੀ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ, ਵਪਾਰੀਆਂ, ਆੜ੍ਹਤੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਜਿਸ ਲਈ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਗਈਆਂ ਹਨ। ਮੋਰਚੇ ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲ ਵੇਚਣ ਸਮੇਂ ਲੈਂਡ ਰਿਕਾਰਡ ਨਾ ਦੇਣ। ਇਸੇ ਦੌਰਾਨ ਸ਼ਹੀਦ ਯਾਦਗਾਰ ਕਿਸਾਨ ਮਜ਼ਦੂਰ ਯਾਤਰਾ ਵੀ ਕੱਢੀ ਜਾਵੇਗੀ, ਜੋ 23 ਮਾਰਚ ਨੂੰ ਟਿੱਕਰੀ ਬਾਰਡਰ ‘ਤੇ ਪਹੁੰਚੇਗੀ। ਦੂਜੀ ਪੰਜਾਬ ਦੇ ਖਟਕੜ ਕਲਾਂ ਤੋਂ ਸ਼ੁਰੂ ਹੋ ਕੇ ਪਾਣੀਪਤ ਪਹੁੰਚੇਗੀ ਅਤੇ ਹਰਿਆਣਾ ਦੇ ਜਥੇ ਨਾਲ ਮਿਲ ਕੇ 23 ਮਾਰਚ ਨੂੰ ਕੁੰਡਲੀ ਬਾਰਡਰ ‘ਤੇ ਪਹੁੰਚੇਗੀ। ਤੀਜੀ ਮਥੁਰਾ ਤੋਂ ਸ਼ੁਰੂ ਹੋ ਕੇ ਪਲਵਲ ਪੜਾਅ ‘ਤੇ ਪਹੁੰਚੇਗੀ। ਇਸੇ ਦੌਰਾਨ ਮੋਰਚੇ ਨੇ ਧਰਨਾ ਸਥਾਨਾਂ ਦੇ ਨੇੜੇ ਕੀਤੀ ਜਾ ਰਹੀ ਬੈਰੀਕੇਡਿੰਗ ਦੀ ਨਿੰਦਾ ਵੀ ਕੀਤੀ।
23 ਮਾਰਚ ਨੂੰ ਭਗਤ ਸਿੰਘ ਦਾ ਮਨਾਇਆ ਜਾਵੇਗਾ ਸ਼ਹੀਦੀ ਦਿਨ
23 ਮਾਰਚ ਨੂੰ ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਸਮੇਤ ਪੰਜਾਬ ਦੇ ਸਾਰੇ ਧਰਨਾ ਸਥਾਨਾਂ ‘ਤੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ ਤਿਆਰੀਆਂ ਵੀ ਹੋ ਗਈਆਂ ਹਨ। ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਵਿਚ ਕਈ ਥਾਈਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 23 ਮਾਰਚ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਹੋਣ ਵਾਲੇ ਭਗਤ ਸਿੰਘ ਸਬੰਧੀ ਸਮਾਗਮਾਂ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਹਿੱਸਾ ਲੈਣਗੇ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …