Breaking News
Home / ਹਫ਼ਤਾਵਾਰੀ ਫੇਰੀ / ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੇ ਦਬਾਅ ਤੋਂ ਬਾਅਦ ਲਿਆ ਯੂ-ਟਰਨ

ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੇ ਦਬਾਅ ਤੋਂ ਬਾਅਦ ਲਿਆ ਯੂ-ਟਰਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚੱਲ ਰਹੇ ਕੇਸ ਵਿਚ ਉਸ ਸਮੇਂ ਫਿਰ ਤੋਂ ਇਕ ਨਵਾਂ ਮੋੜ ਆ ਗਿਆ, ਜਦੋਂ ਸੀਬੀਆਈ ਨੇ ਚਾਰੇ ਪਾਸਿਓਂ ਦਬਾਅ ਵਿਚ ਆਪਣੀ ਹੀ ਕਲੋਜ਼ਰ ਰਿਪੋਰਟ ‘ਤੇ ਆਰਜ਼ੀ ਰੋਕ ਲਗਾਉਣ ਦੀ ਸੀਬੀਆਈ ਅਦਾਲਤ ਵਿਚ ਮੰਗ ਕੀਤੀ। ਇਸ ਵਿਚ ਉਨ੍ਹਾਂ ਦਲੀਲ ਦਿੱਤੀ ਹੈ ਕਿ ਏਜੰਸੀ ਵਲੋਂ ਜਿਹੜੀ ਜਾਂਚ ਪਹਿਲਾਂ ਕੀਤੀ ਗਈ ਸੀ, ਉਸ ਵਿਚ ਕੋਈ ਸਬੂਤ ਨਾ ਮਿਲਣ ਕਾਰਨ 24 ਜੁਲਾਈ ਨੂੰ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ, ਪਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਪੈਸ਼ਲ ਡਾਇਰੈਕਟਰ-ਕਮ-ਡੀਜੀਪੀ ਨੇ 29 ਜੁਲਾਈ ਨੂੰ ਸਾਨੂੰ ਕੁਝ ਨਵੇਂ ਤੱਥ ਤੇ ਸਬੂਤ ਮੁਹੱਈਆ ਕਰਾਏ ਹਨ, ਜਿਨ੍ਹਾਂ ਨੂੰ ਦੇਖ ਕੇ ਇਨ੍ਹਾਂ ਪਹਿਲੂਆਂ ‘ਤੇ ਜਾਂਚ ਕੀਤੀ ਜਾਣੀ ਬਣਦੀ ਹੈ। ਸੀਬੀਆਈ ਨੇ ਅੱਗੇ ਕਿਹਾ ਕਿ ਸਪੈਸ਼ਲ ਡੀਜੀਪੀ-ਕਮ-ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਆਪਣੇ ਪੱਤਰ ‘ਚ ਇਨ੍ਹਾਂ ਕੇਸਾਂ ਦੀ ਫਿਰ ਤੋਂ ਜਾਂਚ ਕਰਨ ਲਈ ਵੀ ਸਾਨੂੰ ਕਿਹਾ ਹੈ। ਇਨ੍ਹਾਂ ਸਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਦੋਂ ਤੱਕ ਕਲੋਜ਼ਰ ਰਿਪੋਰਟ ‘ਤੇ ਰੋਕ ਲਗਾ ਦਿੱਤੀ ਜਾਵੇ।
ਸੂਬਾ ਸਰਕਾਰ ਨੇ ਸੀਬੀਆਈ ਦੀ ਇਸ ਦਲੀਲ ‘ਤੇ ਅਸਹਿਮਤੀ ਪ੍ਰਗਟਾਈ ਹੈ। ਐਡੀਸ਼ਨਲ ਚੀਫ ਸਕੱਤਰ ਹੋਮ ਸਤੀਸ਼ ਚੰਦਰਾ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਅਤੇ ਬੇਅਦਬੀ ਸਬੰਧੀ ਸਾਰੇ ਕੇਸ ਸੀਬੀਆਈ ਤੋਂ ਵਾਪਸ ਲੈਣ ਲਈ ਅਦਾਲਤ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਬਹਿਸ ਹੋਣ ਦੇ ਬਾਅਦ ਇਹ ਸਰਬਸੰਮਤੀ ਨਾਲ ਤੈਅ ਹੋਇਆ ਸੀ ਕਿ ਸੀਬੀਆਈ ਤੋਂ ਸਾਰੇ ਕੇਸ ਵਾਪਸ ਲੈ ਗਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਸਾਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਤੋਂ ਹੀ ਕਰਵਾਈ ਜਾਵੇਗੀ।
ਐਸਆਈਟੀ ਨੂੰ ਬੇਅਦਬੀ ਪਿੱਛੇ ਵਿਦੇਸ਼ੀ ਤਾਕਤਾਂ ਹੋਣ ਦਾ ਖ਼ਦਸ਼ਾ : ਫ਼ਰੀਦਕੋਟ : ਸਾਲ 2015 ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਵਾਪਰੀਆਂ ਤਿੰਨ ਘਟਨਾਵਾਂ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਖ਼ੁਲਾਸਾ ਕੀਤਾ ਹੈ। ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੁਖੀ ਅਤੇ ਡੀਜੀਪੀ ਪੰਜਾਬ ਪ੍ਰਬੋਧ ਕੁਮਾਰ ਨੇ ਸੀਬੀਆਈ ਦੇ ਡਾਇਰੈਕਟਰ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਜਿਨ੍ਹਾਂ ਦਿਨਾਂ ਵਿੱਚ ਬਰਗਾੜੀ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਉਨ੍ਹਾਂ ਦਿਨਾਂ ਵਿੱਚ ਘਟਨਾ ਸਥਾਨ ਦੇ ਆਸ-ਪਾਸ ਦੋ ਪਾਕਿਸਤਾਨੀ ਮੋਬਾਈਲ ਸਿਮ ਵਰਤੇ ਗਏ ਹਨ ਅਤੇ ਇਸ ਤੱਥ ਦੀ ਪੜਤਾਲ ਹੋਣੀ ਲਾਜ਼ਮੀ ਹੈ। ਡੀਜੀਪੀ ਪ੍ਰਬੋਧ ਕੁਮਾਰ ਦੇ ਪੱਤਰ ਨੰਬਰ 3155 ਮਿਤੀ 29 ਜੁਲਾਈ 2019 ਦੇ ਆਧਾਰ ‘ਤੇ ਸੀਬੀਆਈ ਦੇ ਐੱਸ.ਪੀ. ਚੱਕਰਵਰਤੀ ਨੇ ਅਦਾਲਤ ਵਿੱਚ ਸੀਬੀਆਈ ਵਕੀਲ ਲਿਜ਼ਾ ਗਰੋਵਰ ਰਾਹੀਂ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ 4 ਜੁਲਾਈ 2019 ਨੂੰ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਬੰਦ ਕਰਨ ਲਈ ਦਿੱਤੀ ਅਰਜ਼ੀ ਨੂੰ ਸੀਬੀਆਈ ਵਾਪਸ ਲੈਣਾ ਚਾਹੁੰਦੀ ਹੈ ਕਿਉਂਕਿ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਸਾਹਮਣੇ ਆਏ ਤੱਥਾਂ ਦੀ ਪੜਤਾਲ ਹੋਣੀ ਲਾਜ਼ਮੀ ਹੈ। ਸੀਬੀਆਈ ਦੇ ਵਿਸ਼ੇਸ਼ ਮੈਜਿਸਟ੍ਰੇਟ ਜੀ.ਐੱਸ. ਸੇਖੋਂ ਨੇ ਸੀਬੀਆਈ ਵੱਲੋਂ ਮਾਮਲੇ ਦੀ ਮੁੜ ਪੜਤਾਲ ਲਈ ਦਿੱਤੀ ਅਰਜ਼ੀ ਉੱਪਰ ਸੁਣਵਾਈ ਲਈ 4 ਸਤੰਬਰ ਤਰੀਕ ਨਿਰਧਾਰਿਤ ਕੀਤੀ ਹੈ। ਡੀਜੀਪੀ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਪੱਤਰ ਭੇਜਣ ਦੀ ਪੁਸ਼ਟੀ ਕੀਤੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਅਤੇ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਹਿੰਦਰਪਾਲ ਬਿੱਟੂ ਦਾ ਲੰਘੇ ਜੂਨ ਮਹੀਨੇ ਨਾਭਾ ਜੇਲ੍ਹ ਵਿਚ ਕਤਲ ਹੋ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਵਿਰੋਧ
ਸੀਬੀਆਈ ਵਲੋਂ ਮੋਹਾਲੀ ਦੀ ਅਦਾਲਤ ਵਿਚ ਇਸ ਕੇਸ ਦੀ ਜਾਂਚ ਫਿਰ ਤੋਂ ਕਰਨ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸੀਬੀਆਈ ਨੇ ਬਰਗਾੜੀ ਬੇਅਦਬੀ ਮਾਮਲੇ ਨੂੰ ਬੁਝਾਰਤ ਬਣਾ ਕੇ ਰੱਖ ਦਿੱਤਾ। ਅਸੀਂ ਸਿਆਸੀ ਤੌਰ ‘ਤੇ ਉਠਾਏ ਜਾਣ ਵਾਲੇ ਅਜਿਹੇ ਕਦਮ ਅੱਗੇ ਵਧਣ ਨਹੀਂ ਦੇਵਾਂਗੇ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸੀਬੀਆਈ ਦੀ ਦਲੀਲ ਦਾ ਵਿਰੋਧ ਕਰਨ ਲਈ ਮਜ਼ਬੂਤ ਕੇਸ ਤਿਆਰ ਕਰਨ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਸੀਬੀਆਈ ਨੇ ਬਿਨਾ ਜਾਂਚ ਜਾਂ ਅਧਾਰ ਦੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ। ਉਨ੍ਹਾਂ ਦੀ ਸਰਕਾਰ ਇਸ ਏਜੰਸੀ ਖਿਲਾਫ ਦ੍ਰਿੜ੍ਹਤਾ ਨਾਲ ਪੈਰਵੀ ਕਰੇਗੀ। ਕੇਂਦਰੀ ਜਾਂਚ ਏਜੰਸੀ ਦੀ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਲਈ ਸੂਬਾ ਸਰਕਾਰ ਵਲੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਦਾਖਲ ਅਪੀਲ 23 ਜੁਲਾਈ ਨੂੰ ਰੱਦ ਕਰਨ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਸੀ। ਇਸੇ ਅਦਾਲਤ ਵਿਚ ਰਿਵਿਊ ਪਟੀਸ਼ਨ ਦਾਖਲ ਕੀਤੀ ਗਈ ਸੀ। ਇਸ ਤੋਂ ਇਕ ਹਫਤੇ ਬਾਅਦ ਹੀ ਸੀਬੀਆਈ ਨੇ ਇਹ ਦਲੀਲ ਅਦਾਲਤ ਵਿਚ ਪੇਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਦੀ ਕਾਪੀ ਸਾਂਝੀ ਕਰਨ ਦੀ ਬਜਾਏ ਸੀਬੀਆਈ ਬਰਗਾੜੀ ਮਾਮਲੇ ਨੂੰ ਜਾਂਚ ਲਈ ਫਿਰ ਖੋਲ੍ਹਣ ਦੀ ਮੰਗ ਕਰਕੇ ਘਟੀਆ ਚਾਲਾਂ ਖੇਡ ਰਹੀ ਹੈ, ਜਦਕਿ ਏਜੰਸੀ ਨੇ ਇਸ ਮਾਮਲੇ ਦੀ ਅਗਲੀ ਜਾਂਚ ਨਾ ਕਰਨ ਦਾ ਦਾਅਵਾ ਕੀਤਾ ਸੀ। ਕੈਪਟਨ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਕਲੋਜ਼ਰ ਰਿਪੋਰਟ ਕਿਉਂ ਸਾਂਝੀ ਨਹੀਂ ਕਰ ਰਹੀ? ਉਹ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ ‘ਆਪ’
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿਚ ‘ਆਮ ਆਦਮੀ ਆਰਮੀ’ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪਿੰਡ ਪੱਧਰ ਤਕ ‘ਆਰਮੀ’ ਦਾ ਗਠਨ ਕੀਤਾ ਜਾਵੇਗਾ ਅਤੇ ਹਰੇਕ ਪਿੰਡ ਵਿਚ ਇਕ-ਇਕ ‘ਸੈਨਾਪਤੀ’ ਵੀ ਨਿਯੁਕਤ ਕੀਤਾ ਜਾਵੇਗਾ। ਪਾਰਟੀ ਨੇ ਇਸ ਨਾਮ ਹੇਠ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਸੂਬੇ ਵਿਚ ਅਗਲੇ ਦਿਨੀਂ ਹੋਣ ਵਾਲੀਆਂ ਸਾਰੀਆਂ ਉਪ ਚੋਣਾਂ ਲੜਨ ਦਾ ਫ਼ੈਸਲਾ ਵੀ ਲਿਆ ਗਿਆ ਹੈ। ਦੱਸਣਯੋਗ ਹੈ ਕਿ ‘ਆਪ’ ਦੇ ਵਿਧਾਇਕ ਐੱਚਐੱਸ ਫੂਲਕਾ ਦੇ ਅਸਤੀਫ਼ਾ ਦੇਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਦੇ ਸੰਸਦ ਮੈਂਬਰ ਬਣਨ ਅਤੇ ਕਾਂਗਰਸ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਹੋਣ ਕਾਰਨ ਕ੍ਰਮਵਾਰ ਵਿਧਾਨ ਸਭਾ ਹਲਕਾ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਵਿਚ ਕਿਸੇ ਵੇਲੇ ਵੀ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ। ਇਸੇ ਤਰ੍ਹਾਂ ‘ਆਪ’ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਅਤੇ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਖਾਰਜ ਕਰਨ ਦੇ ਚੱਲ ਰਹੇ ਮਾਮਲਿਆਂ ਕਾਰਨ ਕ੍ਰਮਵਾਰ ਰੋਪੜ, ਮਾਨਸਾ, ਭੁਲੱਥ ਅਤੇ ਜੈਤੋ ਵਿਚ ਵੀ ਜ਼ਿਮਨੀ ਚੋਣਾਂ ਹੋਣ ਦੇ ਆਸਾਰ ਹਨ।
ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ-ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਸਮੇਤ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਇਸ ਟ੍ਰਿਪਲ ਏ (ਆਮ ਆਦਮੀ ਆਰਮੀ) ਦੀ ਮੈਂਬਰਸ਼ਿਪ ਮੁਹਿੰਮ ਦਾ ਐਲਾਨ ਕੀਤਾ। ਇਸ ਮੌਕੇ ‘ਆਮ ਆਦਮੀ ਆਰਮੀ’ ਦੇ ਮਿਸ਼ਨ ਅਤੇ ਉਦੇਸ਼ਾਂ ਬਾਰੇ ਕਿਤਾਬਚਾ ਅਤੇ ਰਿਕਾਰਡ ਬੁੱਕ ਜਾਰੀ ਕੀਤੀ ਗਈ। ਮਾਨ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹਰ ਪਿੰਡ ਅਤੇ ਸ਼ਹਿਰ-ਮੁਹੱਲੇ ਵਿਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਲੀਡਰ ਦੀ ਖ਼ੁਦ ਚੋਣ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਕੈਪਟਨ ਦੇ ਕਥਿਤ ਮਾਫ਼ੀਆ ਰਾਜ ਖ਼ਿਲਾਫ਼ ਆਮ ਆਦਮੀ ਆਰਮੀ ਦੇ ਯੋਧੇ ਸਿਵਲ ਆਰਮੀ ਵਾਂਗ ਲੜਨਗੇ।
ਭਗਵੰਤ ਮਾਨ ਨੇ 39 ਅਬਜ਼ਰਵਰਾਂ ਅਤੇ 3 ਕੋ-ਅਬਜ਼ਰਵਰਾਂ ਦੀ ਸੂਚੀ ਵੀ ਜਾਰੀ ਕੀਤੀ ਅਤੇ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸੂਬਾ ਕਮੇਟੀ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਅਬਜ਼ਰਵਰ 3 ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰੇਗਾ ਅਤੇ ਇਨ੍ਹਾਂ ਉੱਪਰ ਸੂਬਾ ਕਮੇਟੀ ਨਿਗਰਾਨ ਵਜੋਂ ਕੰਮ ਕਰੇਗੀ। ਇਹ ਟੀਮ ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਬਿਜਲੀ ਮੋਰਚੇ ਅਤੇ ਭਵਿੱਖ ਦੀਆਂ ਹੋਰ ਗਤੀਵਿਧੀਆਂ ਲਈ ਸਰਗਰਮ ਰਹੇਗੀ। ਇਸ ਮੌਕੇ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਢਿੱਲੋਂ, ਜਮੀਲ-ਉਰ-ਰਹਿਮਾਨ, ਪ੍ਰੋ. ਸਾਧੂ ਸਿੰਘ, ਬਲਜਿੰਦਰ ਸਿੰਘ, ਗੈਰੀ ਵੜਿੰਗ, ਗੁਰਦਿੱਤ ਸਿੰਘ ਸੇਖੋਂ, ਮਨਜੀਤ ਸਿੰਘ ਸਿੱਧੂ, ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ ਆਦਿ ਮੌਜੂਦ ਸਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …