Breaking News
Home / ਹਫ਼ਤਾਵਾਰੀ ਫੇਰੀ / ਅੰਮ੍ਰਿਤਪਾਲ ਗ੍ਰਿਫਤਾਰ ਜਾਂ ਫਰਾਰ

ਅੰਮ੍ਰਿਤਪਾਲ ਗ੍ਰਿਫਤਾਰ ਜਾਂ ਫਰਾਰ

ਪੁਲਿਸ ਦਾ ਦਾਅਵਾ : ਅੰਮ੍ਰਿਤਪਾਲ ਪੰਜਾਬ ਤੋਂ ਨਿਕਲ ਹਰਿਆਣਾ ਤੇ ਹੁਣ ਹਰਿਆਣਾ ਤੋਂ ਅਗਾਂਹ ਗਿਆ
ਅੰਮ੍ਰਿਤਪਾਲ ਦੇ ਸਮਰਥਕਾਂ ਦਾ ਮੰਨਣਾ : ਕਿ ਪੁਲਿਸ ਘੜ੍ਹ ਰਹੀ ਹੈ ਕਹਾਣੀ, ਪਰ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫ਼ਤ ‘ਚ
ਚੰਡੀਗੜ੍ਹ : ਹਫਤਾ ਬੀਤਣ ਨੂੰ ਆਇਆ ਹੈ ਪਰ ਅਜੇ ਤੱਕ ਵੀ ਇਹ ਸਾਫ਼ ਨਹੀਂ ਹੋ ਸਕਿਆ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ। ਪੁਲਿਸ ਦੇ ਦਾਅਵਿਆਂ ਅਨੁਸਾਰ ਅੰਮ੍ਰਿਤਪਾਲ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ ਹੈ ਜਦੋਂਕਿ ਉਸ ਦੇ ਮਾਪਿਆਂ, ਸਮਰਥਕਾਂ ਅਤੇ ਕੁੱਝ ਹੋਰ ਧਿਰਾਂ ਦਾ ਇਹ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਵਿਚ ਹੈ। ਪੰਜਾਬ ਦੇ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਸਮੇਂ-ਸਮੇਂ ‘ਤੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਫੁਟੇਜ ਅਤੇ ਤੱਥਾਂ ਦਾ ਹਵਾਲਾ ਦੇ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਨੂੰ ਪੁਲਿਸ ਨੂੰ ਚਕਮਾ ਦੇ ਕੇ ਮਰਸਡੀਜ਼ ਵਿਚ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਦਾ ਦਾਅਵਾ ਇਹ ਹੈ ਕਿ ਇਸ ਤੋਂ ਬਾਅਦ ਉਹ ਬ੍ਰੇਜ਼ਾ ਗੱਡੀ ਵਿਚ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚ ਕੇ, ਭੇਸ ਬਦਲ ਕੇ ਪਲੈਟੀਨਾ ਮੋਟਰਸਾਈਕਲ ‘ਤੇ ਫਰਾਰ ਹੋ ਗਿਆ ਅਤੇ ਅੱਗੋਂ ਕਿਸੇ ਹੋਰ ਦਾ ਮੋਟਰ ਸਾਈਕਲ ਖੋਹ ਇਸ ਖੇਤਰ ਵਿਚੋਂ ਬਾਹਰ ਨਿਕਲ ਹਰਿਆਣਾ ਜਾ ਪਹੁੰਚਿਆ ਜਿੱਥੇ ਉਸ ਨੇ ਰਾਤ ਕੱਟੀ ਅਤੇ ਹੁਣ ਪੁਲਿਸ ਉਸ ਦੀ ਪੈੜ ਨੱਪਦੀ ਹੋਈ ਪਿੱਛੇ-ਪਿੱਛੇ ਹੈ ਅਤੇ ਉਹ ਉਥੋਂ ਵੀ ਅਗਾਂਹ ਨਿਕਲ ਗਿਆ। ਜਦੋਂਕਿ ਅੰਮ੍ਰਿਤਪਾਲ ਦੇ ਮਾਪਿਆਂ, ਸਮਰਥਕਾਂ ਅਤੇ ਉਸ ਦੇ ਸਾਥੀਆਂ ਸਣੇ ਕੁੱਝ ਧਿਰਾਂ ਦਾ ਇਹ ਵੀ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਵਿਚ ਹੈ। ਉਹ ਇਸ ਹਵਾਲੇ ਨਾਲ ਇਹ ਗ੍ਰਿਫ਼ਤਾਰੀ ਦੀ ਗੱਲ ਇਸ ਲਈ ਆਖ ਰਹੇ ਹਨ ਕਿ ਮੁੱਖ ਮੰਤਰੀ ਹੁਰਾਂ ਨੇ ਵੀ ਹਿੰਦੀ ਵਿਚ ਆਪਣਾ ਸੁਨੇਹਾ ਦਿੰਦਿਆਂ ਕਿਹਾ ਸੀ ਕਿ ਸਾਰੇ ਫੜ ਲਏ ਗਏ ਹਨ। ਜਦੋਂਕਿ ਪੁਲਿਸ ਵੱਲੋਂ ਵੀ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਵੀ ਅਦਾਲਤ ਵਿਚ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ‘ਤੇ ਵੀ ਐਨ ਐਸ ਏ (ਰਾਸ਼ਟਰੀ ਸੁਰੱਖਿਆ ਕਾਨੂੰਨ) ਲਗਾ ਦਿੱਤਾ ਗਿਆ ਹੈ। ਤੱਥ ਇਹ ਸਾਹਮਣੇ ਆ ਰਹੇ ਹਨ ਕਿ ਐਨ ਐਸ ਏ ਗ੍ਰਿਫ਼ਤਾਰੀ ਤੋਂ ਬਾਅਦ ਹੀ ਲਗਦਾ ਹੈ। ਜਦੋਂਕਿ ਪੁਲਿਸ ਦੇ ਕਹਿਣ ਅਨੁਸਾਰ ਅਤੇ ਜਾਰੀ ਵੀਡੀਓ ਦੇ ਹਵਾਲੇ ਨਾਲ ਅੰਮ੍ਰਿਤਪਾਲ ਸਿੰਘ ਨੇ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਵਿਚ ਦੋ-ਢਾਈ ਘੰਟੇ ਤੋਂ ਵੱਧ ਸਮਾਂ ਗੁਜਾਰਦਿਆਂ, ਨਹਾਉਣਾ, ਲੰਗਰ ਛਕਣਾ, ਪੈਂਟ-ਕਮੀਜ਼ ਪਾ ਕੇ ਪੱਗ ਬੰਨ੍ਹਣਾ ਅਤੇ ਫਿਰ ਸੜਕ ‘ਤੇ ਖੜ੍ਹ ਸਾਥੀਆਂ ਨਾਲ ਰਾਏ-ਮਸ਼ਵਰਾ ਕਰਨਾ ਅਤੇ ਫਿਰ ਮੋਟਰ ਸਾਈਕਲ ‘ਤੇ ਨਿਕਲ ਜਾਣਾ, ਨੇ ਸਵਾਲ ਖੜ੍ਹਾ ਕੀਤਾ ਹੈ ਕਿ ਜਿਸ ਵਿਅਕਤੀ ਪਿੱਛੇ ਪੁਲਿਸ ਲੱਗੀ ਹੋਵੇ ਕਿ ਉਹ ਏਨਾ ਸਮਾਂ ਨਹਾਉਣ-ਧੋਣ ਅਤੇ ਖਾਣ-ਪੀਣ ਅਤੇ ਕੱਪੜੇ ਆਦਿ ਬਦਲਣ ਵਿਚ ਲਗਾਵੇਗਾ। ਪੰਜਾਬ ਪੁਲਿਸ ਵੱਲੋਂ ਆਈਜੀ ਸੁਖਚੈਨ ਸਿੰਘ ਗਿੱਲ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ ਹਰਿਆਣਾ ਦੀ ਦੱਸਣ ਤੋਂ ਬਾਅਦ ਅਗਲੀ ਥਾਂ ਤੱਕ ਪਹੁੰਚਣ ਦਾ ਦਾਅਵਾ ਕਰਦੇ ਹਨ, ਉਥੇ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਅਸੀਂ ਹੁਣ ਤੱਕ 207 ਬੰਦੇ ਗ੍ਰਿਫਤ ਵਿਚ ਲਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਚੋਂ 30 ‘ਤੇ ਕ੍ਰਿਮੀਨਲ ਧਾਰਾਵਾਂ ਤਹਿਤ ਕਾਰਵਾਈ ਹੋਵੇਗੀ ਜਦੋਂਕਿ ਬਾਕੀ 177 ਨੂੰ ਭਰਮਾਏ ਜਾਣ, ਭਟਕ ਜਾਣ ਆਦਿ ਦੇ ਹਵਾਲੇ ਨਾਲ ਆਉਂਦੇ ਦਿਨਾਂ ਵਿਚ ਸਮਝਾ-ਬੁਝਾ ਕੇ ਛੱਡ ਦਿੱਤਾ ਜਾਵੇਗਾ। ਇਸ ਸਭ ਦੇ ਦਰਮਿਆਨ ਇਹ ਵੀ ਖਬਰਾਂ ਮਿਲ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਬਾਰਡਰ ਰਾਹੀਂ ਭਾਰਤ ਛੱਡ ਸਕਦਾ ਹੈ ਜਾਂ ਛੱਡ ਗਿਆ ਹੈ। ਜਦੋਂਕਿ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੀ ਪੁਲਿਸ ਨੇ ਮਹਾਰਾਸ਼ਟਰ, ਉਤਰਾਖੰਡ ਸਣੇ ਹੋਰਨਾਂ ਥਾਵਾਂ ‘ਤੇ ਵੀ ਚੌਕਸੀ ਵਧਾ ਦਿੱਤੀ ਹੈ ਅਤੇ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਵੀ ਪੋਸਟਾਂ ‘ਤੇ ਅੰਮ੍ਰਿਤਪਾਲ ਦੀਆਂ ਤਸਵੀਰਾਂ ਪਹੁੰਚਦੀਆਂ ਕਰ ਦਿੱਤੀਆਂ ਗਈਆਂ ਹਨ। ਪੁਲਿਸ ਦੇ ਇਨ੍ਹਾਂ ਸਾਰੇ ਦਾਅਵਿਆਂ ਦੇ ਬਾਵਜੂਦ ਵੀ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਾਂ ਫਰਾਰ ਹੋਣ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ। ਫਿਕਰਮੰਦੀ ਦੇ ਨਾਲ-ਨਾਲ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੈ। ਇਸ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਰਕਾਰ ‘ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ। ਜਦੋਂਕਿ ਹੁਣ ਤੱਕ ਅੰਮ੍ਰਿਤਪਾਲ ਦੇ ਚਾਚੇ ਸਣੇ ਉਸ ਦੇ ਪੰਜ ਸਾਥੀਆਂ ‘ਤੇ ਐਨਐਸਏ ਲਗਾ ਕੇ ਅਸਾਮ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਅਤੇ ਦੇਸ਼ ਦੇ ਵੱਖੋ-ਵੱਖ ਸੂਬਿਆਂ ਦੀਆਂ 13 ਜੇਲ੍ਹਾਂ ਨਾਲ ਸੰਪਰਕ ਬਣਾ ਕੇ ਰੱਖਣ ਦੀਆਂ ਵੀ ਖਬਰਾਂ ਮਿਲ ਰਹੀਆਂ ਹਨ।
ਪੰਜਾਬ ਨੂੰ ਕਿਸ ਨੇ ਕੀਤਾ ਬਦਨਾਮ?
ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਅਪ੍ਰੇਸ਼ਨ ‘ਏਪੀ’ ‘ਤੇ ਬੇਸ਼ੱਕ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਲੱਗੇ ਹਨ। ਚਾਹੇ ਅੰਮ੍ਰਿਤਪਾਲ ਦੀ ਸਮਰਥਕ ਧਿਰ ਹੋਵੇ, ਚਾਹੇ ਅੰਮ੍ਰਿਤਪਾਲ ਦੀ ਵਿਰੋਧੀ ਧਿਰ ਹੋਵੇ, ਚਾਹੇ ਇਨ੍ਹਾਂ ਦੋਵੇਂ ਧਿਰਾਂ ਨਾਲ ਵਾਸਤਾ ਨਾ ਰੱਖਣ ਵਾਲੇ ਲੋਕ ਹੋਣ ਪਰ ਸਭਨਾਂ ਦੇ ਮਨ ਵਿਚ ਇਕੋ-ਇਕ ਸਵਾਲ ਹੈ ਕਿ ਇਸ ਅਪ੍ਰੇਸ਼ਨ ਦੀ ਆੜ ਵਿਚ ਜਿਵੇਂ ਇੰਝ ਵਿਖਾਇਆ ਗਿਆ ਕਿ ਪੰਜਾਬ ਵਿਚ ਤਾਂ ਭਾਂਬੜ ਮਚ ਗਿਆ ਹੈ। ਉਸ ਨੇ ਇਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ, ਕਿ ਪੰਜਾਬ ਨੂੰ ਕਿਸ ਨੇ ਅਤੇ ਕਿਉਂ ਬਦਨਾਮ ਕੀਤਾ ਹੈ? ਕੀ ਇਹ ਸਿਰਫ਼ ਅੰਮ੍ਰਿਤਪਾਲ ਦਾ ਮਾਮਲਾ ਹੈ ਜਾਂ ਆਉਣ ਵਾਲੇ ਸਮੇਂ ਦੀ ਕੋਈ ਰਾਜਨੀਤਿਕ ਚਾਲ ਹੈ?

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …