ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ 1 ਕਰੋੜ ਰੁਪਏ ਦੀ ਸਲਾਨਾ ਹੋਵੇਗੀ ਬੱਚਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਵਿਸ਼ਵ ਪੱਧਰੀ ਮੁਹਿੰਮ ‘ਚ ਆਪਣਾ ਹਿੱਸਾ ਪਾਉਣ ਲਈ ਕਦਮ ਅੱਗੇ ਵਧਾਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ 525 ਕਿਲੋਵਾਟ ਦਾ ਸੋਲਰ ਪੈਨਲ ਯੂਨਿਟ ਲਗਾਇਆ ਗਿਆ ਹੈ ਜਿਸ ‘ਤੇ 10 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਯੂਨਿਟ ਨੂੰ ਲਗਾਉਣ ਵਿਚ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਨੇ ਮਦਦ ਕੀਤੀ ਕੀਤੀ ਹੈ। ਇਸ ਯੂਨਿਟ ਨੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਬਿਜਲੀ ਬਿਲ ਵਿਚ ਲਗਭਗ ਤੀਹ ਪ੍ਰਤੀਸ਼ਤ ਦੀ ਬੱਚਤ ਹੋਵੇਗੀ ਜੋ ਸਲਾਨਾ 1 ਕਰੋੜ ਰੁਪਏ ਬਣਦੀ ਹੈ। ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਔਸਤਨ ਬਿਜਲੀ ਦਾ ਬਿਲ ਹਰ ਦੋ ਮਹੀਨੇ ਬਾਅਦ ਲਗਭਗ 70 ਤੋਂ 80 ਲੱਖ ਰੁਪਏ ਆਉਂਦਾ ਹੈ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਵੱਖ-ਵੱਖ ਦਫ਼ਤਰਾਂ ਵਿਚ ਸੋਲਰ ਪੈਨਲ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ। 525 ਕਿਲੋਵਾਟ ਬਿਜਲੀ ਪੈਦਾ ਹੋਣ ਨਾਲ ਵਾਯੂਮੰਡਲ 2000 ਟਨ ਪੈਦਾ ਹੋਣ ਵਾਲੀ ਕਾਰਬਨ ਡਾਈਅਕਸਾਈਡ ਤੋਂ ਵੀ ਮੁਕਤ ਹੋ ਜਾਵੇਗਾ।