ਡਿੰਪੀ ਢਿੱਲੋਂ ‘ਆਪ’ ਵਿਚ ਹੋਏ ਸ਼ਾਮਲ
25 ਸਾਲ ਰਾਜ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਨਾਲ 25 ਬੰਦੇ ਵੀ ਨਹੀਂ : ਭਗਵੰਤ ਮਾਨ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਪੰਜਾਬ ਦੇ ਸਿਆਸੀ ਹਲਕਿਆਂ ਵਿਚ ਹੁਣ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 100 ਵਿਧਾਇਕਾਂ ਦਾ ਰਿਕਾਰਡ ਬਣਾਇਆ ਜਾਵੇ। ਇਸ ਨੂੰ ਲੈ ਕੇ ਪੰਜਾਬ ਵਿਚ ਹੁਣ ‘ਮਿਸ਼ਨ ਝਾੜੂ’ ਵੀ ਸ਼ੁਰੂ ਹੋ ਸਕਦਾ ਹੈ ਅਤੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ‘ਆਪ’ ਵਿਚ ਸ਼ਾਮਲ ਕਰਵਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਵੀ ਹੋਣੀ ਹੈ। ਇਸ ਦੇ ਚੱਲਦਿਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੀ ਟਿਕਟ ‘ਤੇ ਦੋ ਵਾਰ ਚੋਣ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਸਾਥੀਆਂ ਸਣੇ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿੱਚ ਹੋਏ ਇਕ ਵਿਸ਼ਾਲ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਤੇ ਉਸ ਦੇ ਭਰਾ ਸੰਨੀ ਢਿੱਲੋਂ, ਅਸ਼ੋਕ ਬੁੱਟਰ, ਸੁਭਾਸ਼ ਜੈਨ ਲਿੱਲੀ, ਸੰਨੀ ਢਿੱਲੋਂ ਅਤੇ ਜਸਵਿੰਦਰ ਢਿੱਲੋਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ।
ਡਿੰਪੀ ਦੀ ਪਿੱਠ ਥਾਪੜਦਿਆਂ ਭਗਵੰਤ ਮਾਨ ਨੇ ਕਿਹਾ ਕਿ ਗਿੱਦੜਬਾਹਾ ਦੀ ਧਰਤੀ ‘ਤੇ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਹੀਰਾ (ਡਿੰਪੀ) ਉਨ੍ਹਾਂ ਦੀ ਪਾਰਟੀ ਵਿੱਚ ਆਇਆ ਹੈ ਅਤੇ ਉਹ ਇਸ ਨੂੰ ਆਪਣੇ ‘ਤਾਜ’ ਵਿੱਚ ਸਜਾ ਕੇ ਰੱਖਣਗੇ। ਅਕਾਲੀ ਦਲ ਛੱਡਣ ਤੇ ‘ਆਪ’ ਵਿੱਚ ਆਉਣ ਨੂੰ ਦਰੁਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਡਿੰਪੀ ਢਿੱਲੋਂ ਨੇ ਪਾਰਟੀ ਨਹੀਂ ਛੱਡੀ ਸਗੋਂ ਪਾਰਟੀ ਨੇ ਉਸ ਨੂੰ ਛੱਡਿਆ ਹੈ।
ਇਸ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੱਤੀ ਕਿ ਉਹ ਗਿੱਦੜਬਾਹਾ ਤੋਂ ਖੁਦ ਚੋਣ ਲੜ ਕੇ ਦਿਖਾਉਣ। ਉਨ੍ਹਾਂ ਕਿਹਾ ਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਨਾਲ ਅੱਜ 25 ਬੰਦੇ ਵੀ ਨਹੀਂ ਰਹੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁੱਦੇ ‘ਤੇ ਲੋਕਾਂ ਨੇ ਤਾਂ ਫ਼ੈਸਲਾ ਕਰ ਹੀ ਦਿੱਤਾ ਹੈ ਹੁਣ ਸਰਕਾਰ ਵੀ ਕਰੇਗੀ। ਬਾਰੀਕੀ ਨਾਲ ਜਾਂਚ ਚੱਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਨੇ ਫ਼ੈਸਲਾ ਨਾ ਕੀਤਾ ਤਾਂ ਉਨ੍ਹਾਂ ਨੂੰ ਵੀ ਦੋਸ਼ੀ ਮੰਨਿਆ ਜਾਊ।
ਅਕਾਲੀ ਦਲ ਛੱਡਣ ਦਾ ਦਰਦ ਬਿਆਨ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ 38 ਸਾਲ ਸਿਰਫ ਤੇ ਸਿਰਫ ਅਕਾਲੀ ਤੇ ਬਾਦਲ ਪਰਿਵਾਰ ਦੀ ਸੇਵਾ ਕੀਤੀ। ਉਸ ਨੂੰ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੋਈ ਤੀਜਾ ਨਾਂ ਨਹੀਂ ਸੀ ਆਉਂਦਾ ਪਰ ਹੁਣ ਜਦੋਂ ਸੁਖਬੀਰ ਬਾਦਲ, ਭਾਜਪਾ ‘ਚੋਂ ਲਿਆ ਕੇ ਮਨਪ੍ਰੀਤ ਬਾਦਲ ਨੂੰ ਟਿਕਟ ਦੇਣ ਬਾਰੇ ਕਹਿਣ ਲੱਗੇ ਤਾਂ ਬਰਦਾਸ਼ਤ ਨਹੀਂ ਹੋਇਆ। ਅਕਾਲੀ ਵਰਕਰ ਵੀ ਭੰਬਲਭੂਸੇ ਵਿੱਚ ਸਨ। ਨਾ ਹੀ ਗਿੱਦੜਬਾਹਾ ਤੋਂ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਸੀ। ਇਸ ਕਰਕੇ ਆਪਣੇ ਸਮਰਥਕਾਂ ਦੇ ਮਸ਼ਵਰੇ ਮਗਰੋਂ ਹੀ ਉਨ੍ਹਾਂ ਅਕਾਲੀ ਦਲ ਛੱਡਿਆ ਤੇ ‘ਆਪ’ ਵਿੱਚ ਸ਼ਾਮਲ ਹੋਏ ਹਨ।
ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੋਈ ਘਰ ਵਾਪਸੀ
ਹੁਸ਼ਿਆਰਪੁਰ : ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਜੋ ਦੋ ਸਾਲ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਸਨ, ਨੇ ਘਰ ਵਾਪਸੀ ਕਰ ਲਈ ਹੈ। ਅਰੋੜਾ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਨਾਲ ਆਪਣੀ ਫ਼ੋਟੋ ਜਾਰੀ ਕਰਕੇ ਘਰ ਵਾਪਸੀ ਦਾ ਐਲਾਨ ਕੀਤਾ। ਹੁਸ਼ਿਆਰਪੁਰ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਦਯੋਗ ਤੇ ਵਣਜ ਮੰਤਰੀ ਬਣੇ। ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਦੇ ਘਪਲੇ ‘ਚ ਨਾਮ ਆਉਣ ਮਗਰੋਂ ਪਾਰਟੀ ‘ਚ ਉਨ੍ਹਾਂ ਦਾ ਰੁਤਬਾ ਘਟ ਗਿਆ। ਮਗਰੋਂ ਵਿਜੀਲੈਂਸ ਬਿਊਰੋ ਦੇ ਅਸਿਸਟੈਂਟ ਸਬ ਇੰਸਪੈਕਟਰ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਫ਼ੀ ਸਮਾਂ ਜੇਲ੍ਹ ‘ਚ ਰਹਿਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਮਗਰੋਂ ਉਹ ਰਿਹਾਅ ਹੋਏ। ਵਿਜੀਲੈਂਸ ਨੇ ਜਦੋਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਸਨ। ਅਰੋੜਾ ਦੇ ਕਾਂਗਰਸ ‘ਚ ਪਰਤਣ ਦੇ ਕਿਆਫ਼ੇ ਕਾਫ਼ੀ ਚਿਰ ਤੋਂ ਲਗਾਏ ਜਾ ਰਹੇ ਸਨ। ਸੀਨੀਅਰ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਜਦੋਂ ਉਨ੍ਹਾਂ ਨੂੰ ਘਰ ਮਿਲਣ ਆਏ ਤਾਂ ਉਦੋਂ ਹੀ ਉਨ੍ਹਾਂ ਦਾ ਕਾਂਗਰਸ ਵਿੱਚ ਆਉਣਾ ਤੈਅ ਮੰਨਿਆ ਜਾਣ ਲੱਗਿਆ ਸੀ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਛੱਡ ਕੇ ਜਾਣ ਦਾ ਅਫ਼ਸੋਸ ਹੈ ਅਤੇ ਉਹ ਇਸ ਲਈ ਪਾਰਟੀ ਵਰਕਰਾਂ ਅਤੇ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗਦੇ ਹਨ।
ਕਿਚਨਰ ਵਿਚ ਸੜਕ ਹਾਦਸੇ ਦੌਰਾਨ ਸਮਾਣਾ ਦੇ ਨੌਜਵਾਨ ਦੀ ਗਈ ਜਾਨ
ਓਟਵਾ : ਉਨਟਾਰੀਓ ਦੇ ਸ਼ਹਿਰ ਕਿਚਨਰ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ ਪੰਜਾਬੀ ਨੌਜਵਾਨ ਕੰਵਰਪਾਲ ਸਿੰਘ ਦੀ ਹਸਪਤਾਲ ‘ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ ‘ਤੇ ਕੈਨੇਡਾ ਪਹੁੰਚਿਆ ਸੀ। ਜਾਣਕਾਰੀ ਮਿਲੀ ਹੈ ਕਿ ਕੰਮ ‘ਤੇ ਗਏ ਇਸ ਨੌਜਵਾਨ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਕੰਵਰਪਾਲ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਪਹੁੰਚਿਆ ਸੀ ਤੇ ਹਾਲ ਹੀ ਵਿੱਚ ਉਸ ਨੂੰ ਵਰਕ ਪਰਮਿਟ ਮਿਲਿਆ ਸੀ।