6.7 C
Toronto
Thursday, November 6, 2025
spot_img
Homeਹਫ਼ਤਾਵਾਰੀ ਫੇਰੀਮਰਿਆਦਾ ਦੀ ਉਲੰਘਣਾ : ਜਥੇਦਾਰ ਨੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ, ਰਾਗੀ...

ਮਰਿਆਦਾ ਦੀ ਉਲੰਘਣਾ : ਜਥੇਦਾਰ ਨੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ, ਰਾਗੀ ਅਤੇ ਗ੍ਰੰਥੀ ਤੋਂ 10 ਦਿਨਾਂ ‘ਚ ਮੰਗਿਆ ਸਪੱਸ਼ਟੀਕਰਨ

ਕੈਨੇਡਾ ‘ਚ ਆਨੰਦ ਕਾਰਜ ਲਈ ਲਾੜਾ-ਲਾੜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀਆਂ ‘ਤੇ ਬੈਠੇ, ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ ਮਾਮਲਾ
ਓਕਵੈਲ, ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਗੁਰਦੁਆਰਾ ਸਾਹਿਬ ਓਕਵੈਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਨੰਦ ਕਾਰਜ ਦੇ ਦੌਰਾਨ ਵਿਆਹੁਤਾ ਜੋੜੇ ਦੇ ਕੁਰਸੀ ‘ਤੇ ਬੈਠਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਖਤ ਨੋਟਿਸ ਲਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਨੰਦ ਕਾਰਜ ਕਰਵਾਉਣ ਵਾਲੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਰਾਗੀ ਅਤੇ ਗ੍ਰੰਥੀ ਨੂੰ ਤਲਬ ਕਰਦੇ ਹੋਏ 10 ਦਿਨ ‘ਚ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਹੇਲਟਨ ਸਿੱਖ ਕਲਚਰਲ ਐਸੋਸੀਏਸ਼ਨ ਖਾਲਸਾ ਗੇਟ ਓਕਵੈਲ ਗੁਰਦੁਆਰਾ ਕਮੇਟੀ ਨੂੰ ਤਲਬ ਕੀਤਾ ਗਿਆ ਹੈ। ਜਥੇਦਾਰ ਨੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਜਸਵੰਤ ਸਿੰਘ, ਪ੍ਰਧਾਨ ਬਲਬੀਰ ਸਿੰਘ, ਜਨਰਲ ਸਕੱਤਰ ਅਮਰੀਕ ਸਿੰਘ ਅਤੇ ਸਾਰੀ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਗ੍ਰੰਥੀ ਜ਼ੋਰਾ ਸਿੰਘ ਅਤੇ ਰਾਗੀ ਅਵਤਾਰ ਸਿੰਘ ਨੂੰ ਵੀ ਤਲਬ ਕਰਕੇ 10 ਦਿਨ ‘ਚ ਸਪੱਸ਼ਟੀਕਰਨ ਦੇਣ ਦੇ ਲਈ ਕਿਹਾ ਹੈ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੇ ਈਮੇਲ ਅਤੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਪਤਾ ਚਲਿਆ ਕਿ ਗੁਰੂਘਰ ‘ਚ ਮਰਿਆਦਾ ਦੀ ਉਲੰਘਣਾ ਹੋਈ ਹੈ। ਇਸ ‘ਚ ਆਨੰਦ ਕਾਰਜ ਦੇ ਦੌਰਾਨ ਵਿਆਹੁਤਾ ਜੋੜਾ ਕੁਰਸੀਆਂ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਸਿੱਖ ਰਹਿਤ ਮਰਿਆਦਾ ‘ਚ ਇਸ ਦੀ ਕੋਈ ਇਜਾਜ਼ਤ ਨਹੀਂ ਹੈ। ਇਸ ਬੇਅਦਬੀ ਦੇ ਲਈ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਅਤੇ ਹੋਰ ਜੇਕਰ 10 ਦਿਨਾਂ ‘ਚ ਸਪੱਸ਼ਟੀਕਰਨ ਨਹੀਂ ਦਿੰਦੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਰਿਆਦਾ ਅਨੁਸਾਰ ਕਾਰਵਾਈ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰੂ ਘਰ ‘ਚ ਲਾਵਾਂ ਦੌਰਾਨ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ‘ਤੇ ਪਰਿਵਾਰਕ ਮੈਂਬਰਾਂ ਅਤੇ ਗੁਰਦੁਆਰਾ ਕਮੇਟੀ ਨੇ ਮੁਆਫੀ ਮੰਗ ਲਈ ਹੈ।
ਕੈਨੇਡਾ ਤੋਂ ਇਲਾਵਾ ਹੋਰ ਦੇਸ਼ਾਂ ‘ਚ ਵੀ ਰੋਸ
ਕੈਨੇਡਾ ‘ਚ ਆਨੰਦ ਕਾਰਜ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਵਿਆਹ ਵਾਲੇ ਜੋੜੇ ਦੇ ਕੁਰਸੀਆਂ ‘ਤੇ ਬੈਠਣ ਦੇ ਮਾਮਲੇ ਨੂੰ ਲੈ ਕੇ ਹੋਰ ਦੇਸ਼ਾਂ ‘ਚ ਵੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ ਦੱਸਿਆ ਕਿ ਘਟਨਾ ਮਰਿਆਦਾ ਦੇ ਉਲਟ ਹੈ। ਦੁਖ ਦੀ ਗੱਲ ਇਹ ਹੈ ਕਿ ਸਭ ਕੁਝ ਕਮੇਟੀ ਦੀ ਸਹਿਮਤੀ ਨਾਲ ਹੋਇਆ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਲਿਖਿਆ ਕਿ ਲੜਕੀ ਦੇ ਪਰਿਵਾਰ ਨੇ ਗੁਰਦੁਆਰਾ ਪ੍ਰਧਾਨ ਨਾਲ ਗੱਲਬਾਤ ਕਰਕੇ ਵਿਆਹ ਵਾਲੇ ਜੋੜੇ ਨੂੰ ਕੁਰਸੀਆਂ ‘ਤੇ ਬਿਠਾਉਣ ਦੀ ਮਨਜ਼ੂਰੀ ਲੈ ਲਈ ਸੀ।
ਪ੍ਰਬੰਧਕਾਂ ਦਾ ਕਰਾਂਗੇ ਬਾਈਕਾਟ
ਆਨੰਦ ਕਾਰਜ ਸਿੱਖ ਬੱਚਿਆਂ ਦਾ ਹੀ ਹੋ ਸਕਦਾ ਹੈ। ਜਦਕਿ ਵੀਡੀਓ ‘ਚ ਲੜਕਾ ਅੰਗਰੇਜ਼ ਹੈ ਅਤੇ ਲੜਕੀ ਸਿੱਖ ਹੈ। ਪਰਿਵਾਰ ਨੂੰ ਚਾਹੀਦਾ ਸੀ ਕਿ ਜੇਕਰ ਲੜਕੀ ਨੇ ਗੈਰ ਸਿੱਖ ਨਾਲ ਵਿਆਹ ਕਰਵਾਉਣਾ ਸੀ ਤਾਂ ਉਨ੍ਹਾਂ ਨੂੰ ਕੋਰਟ ਮੈਰਿਜ ਕਰਵਾਉਣੀ ਚਾਹੀਦੀ ਸੀ। ਆਉਣ ਵਾਲੇ ਦਿਨਾਂ ‘ਚ ਸੰਗਤ ਨੂੰ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਬਾਈਕਾਟ ਕੀਤਾ ਜਾਵੇਗਾ।

RELATED ARTICLES
POPULAR POSTS