Breaking News
Home / ਹਫ਼ਤਾਵਾਰੀ ਫੇਰੀ / ਖਾਲਸਾ ਏਡ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਖਾਲਸਾ ਏਡ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਟਿਮ ਉਪਲ, ਪ੍ਰਭਮੀਤ ਤੇ ਪੈਟਰਿਕ ਬਰਾਊਨ ਨੇ ਰਵੀ ਸਿੰਘ ਦਾ ਨੋਬਲ ਲਈ ਭੇਜਿਆ ਨਾਂ
ਟੋਰਾਂਟੋ/ਬਿਊਰੋ ਨਿਊਜ਼ : ਬਰਤਾਨੀਆ ਆਧਾਰਿਤ ਗੈਰ-ਸਰਕਾਰੀ ਜਥੇਬੰਦੀ ਖਾਲਸਾ ਏਡ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਕੈਨੇਡਾ ਦੇ ਸੰਸਦ ਮੈਂਬਰ ਟਿਮ ਉਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਬਰੈਂਪਟਨ ਦੱਖਣੀ ਦੇ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਰਕਾਰੀ ਤੌਰ ‘ਤੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਨਾਰਵੇ ਨੋਬੇਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਂਡਰਸਨ ਨੂੰ ਲਿਖੇ ਪੱਤਰ ਵਿਚ ਟਿਮ ਉਪਲ ਨੇ ਕਿਹਾ ਹੈ ਕਿ ਖਾਲਸਾ ਏਡ ਕੌਮਾਂਤਰੀ ਐਨਜੀਓ ਹੈ, ਜੋ ਆਫਤਾਂ ਅਤੇ ਸੰਘਰਸ਼ ਵਾਲੇ ਮੁਲਕਾਂ ਵਿਚ ਬਿਨਾਂ ਕਿਸੇ ਵਿਤਕਰੇਦੇ ਲੋਕਾਂ ਨੂੰ ਸਹਾਇਤਾ ਦਿੰਦੀ ਹੈ। ਉਪਲ ਨੇ ਲਿਖਿਆ ਹੈ ਕਿ ਖਾਲਸਾ ਏਡ ਸਿੱਖ ਵਿਚਾਰਧਾਰਾ ਸਰਬੱਤ ਦਾ ਭਲਾ ਤੋਂ ਪ੍ਰੇਰਿਤ ਹੈ ਜਿਸ ਦਾ ਟੀਚਾ ਬਿਨਾਂ ਕਿਸੇ ਨਸਲ, ਧਰਮ ਤੇ ਸਰਹੱਦਾਂ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕਿਹਾ ਹੈ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੁਨੀਆਂ ਭਰ ਵਿਚ ਆਪਣੀ ਟੀਮ ਤੇ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਵੱਕਾਰੀ ਪੁਰਸਕਾਰ ਲਈ ਜਥੇਬੰਦੀ ਦੀ ਨਾਮਜ਼ਦਗੀ ਹੋਈ ਹੈ।
ਭਾਰਤ ‘ਚ ਖਾਲਸਾ ਏਡ ਨੂੰ NIA ਨੇ ਭੇਜਿਆ ਨੋਟਿਸ
ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਖਾਲਸਾ ਏਡ ਦੇ ਭਾਰਤ ਵਿਚ ਨਿਰਦੇਸ਼ਕ ਅਮਨਪ੍ਰੀਤ ਸਿੰਘ ਅਤੇ ਹੋਰ ਟਰੱਸਟੀਆਂ ਨੂੰ ਸੰਮਨ ਜਾਰੀ ਕੀਤਾ ਹੈ। ਖਾਲਸਾ ਏਡ ਦੇ ਟਰੱਸਟੀਆਂ ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਖਾਲਸਾ ਏਡ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਖਾਲਸਾ ਏਡ ਵਲੋਂ ਟਿੱਕਰੀ ਸਰਹੱਦ ‘ਤੇ ਇਕ ਕਿਸਾਨ ਮੌਲ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਕਿਸਾਨਾਂ ਨੂੰ ਮੁਫਤ ਵਿਚ ਜ਼ਰੂਰਤ ਦੀਆਂ ਵਸਤਾਂ ਦਿੱਤੀਆਂ ਜਾ ਰਹੀਆਂ ਹਨ। ਧਿਆਨ ਰਹੇ ਕਿ ਖਾਲਸਾ ਏਡ ਸੰਸਥਾ ਨੂੰ ਰਵਿੰਦਰ ਰਵੀ ਸਿੰਘ ਨੇ ਸਥਾਪਤ ਕੀਤਾ ਹੋਇਆ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …