ਟਰੈਕਟਰ ਪਰੇਡ ਲਈ ਪੰਜਾਬ ਭਰ ਦੇ ਕਿਸਾਨਾਂ ਨੇ ਘੱਤੀਆਂ ਵਹੀਰਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕਿਸਾਨਾਂ ਨੇ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਲਈ ਹੁਣੇ ਤੋਂ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਹ ਟਰੈਕਟਰ ਪਰੇਡ ਹੁਣ ਨਹੀਂ ਰੁਕਣੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮਾਝੇ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਕੌਮੀ ਰਾਜਧਾਨੀ ਲਈ ਰਵਾਨਾ ਹੋਏ। ਪੰਜਾਬ ਦੇ 400 ਤੋਂ ਵੱਧ ਪਿੰਡਾਂ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਟਰੈਕਟਰ ਮਾਰਚ ਵੀ ਕੱਢੇ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਟਰੈਕਟਰ ਮਾਰਚ ਕੱਢਣ ਦਾ ਉਦੇਸ਼ 26 ਜਨਵਰੀ ਦੀ ‘ਟਰੈਕਟਰ ਪਰੇਡ’ ਲਈ ਕਿਸਾਨਾਂ ਨੂੰ ਲਾਮਬੰਦ ਕਰਨਾ ਹੈ। ਪੰਜਾਬ ‘ਚ ਪਿਛਲੇ ਪੌਣੇ ਚਾਰ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸਵਾ ਸੌ ਤੋਂ ਵੱਧ ਥਾਵਾਂ ‘ਤੇ ਦਿਨ-ਰਾਤ ਦੇ ਧਰਨੇ ਵੀ ਜਾਰੀ ਹਨ। ਕਿਸਾਨਾਂ ਨੇ ਟੌਲ ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿੱਚ ਧਰਨੇ ਲਾਏ। ਦਿੱਲੀ ਨੂੰ ਵਹੀਰਾਂ ਘੱਤਣ ਵਾਲੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਰੋਕਾਂ ਖੜ੍ਹੀਆਂ ਕੀਤੇ ਜਾਣ ਦੇ ਖ਼ਦਸ਼ੇ ਕਾਰਨ ਉਨ੍ਹਾਂ ਪਹਿਲਾਂ ਹੀ ਚਾਲੇ ਪਾ ਦਿੱਤੇ ਹਨ। ਪੰਜਾਬ ਵਿੱਚ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਜ਼ਿੱਦ ਤੋੜਨ ਲਈ 26 ਜਨਵਰੀ ਨੂੰ ਕੌਮੀ ਰਾਜਧਾਨੀ ‘ਚ ਸ਼ਕਤੀ ਪ੍ਰਦਰਸ਼ਨ ਬੇਹੱਦ ਜ਼ਰੂਰੀ ਹੈ। ਇਸ ਲਈ ਪੰਜਾਬ ਦੇ ਹਰੇਕ ਪਿੰਡ ਤੋਂ ਟਰੈਕਟਰਾਂ-ਟਰਾਲੀਆਂ ਦੇ ਕਾਫ਼ਲੇ ਬੰਨ੍ਹ ਕੇ ਦਿੱਲੀ ਨੂੰ ਕੂਚ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਕਿਸਾਨਾਂ ਦੀ ਲਾਮਬੰਦੀ ਕੀਤੀ ਗਈ ਹੈ ਤੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਦਿੱਲੀ ਦੀ ਪਰੇਡ ਲਈ ਸ਼ਿੰਗਾਰ ਲਏ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਸੱਦੇ ‘ਤੇ 400 ਪਿੰਡਾਂ ਵਿੱਚ ਟਰੈਕਟਰ ਪਰੇਡ ਵੀ ਕੀਤੀ ਗਈ ਤੇ ਕਿਸਾਨਾਂ ਨੂੰ 26 ਜਨਵਰੀ ਦੀ ਦਿੱਲੀ ਪਰੇਡ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਧਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਖੇਤੀ ਕਾਨੂੰਨਾਂ ਅਤੇ ਦਲਿਤਾਂ ‘ਤੇ ਜਬਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …