ਟਰੈਕਟਰ ਪਰੇਡ ਲਈ ਵਲੰਟੀਅਰਾਂ ਦੀ ਭਰਤੀ
ਕਈ ਪਿੰਡਾਂ ਵਿਚ ਦਿੱਲੀ ਨਾ ਜਾਣ ਵਾਲਿਆਂ ਨੂੰ ਲੱਗਣਗੇ ਜੁਰਮਾਨੇ
ਜਲੰਧਰ : 26 ਜਨਵਰੀ ਨੂੰ ਦਿੱਲੀ ‘ਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੱਡੇ ਪੱਧਰ ‘ਤੇ ਤਿਆਰੀਆਂ ‘ਚ ਲੱਗੇ ਹੋਏ ਹਨ। ਸਵੇਰੇ-ਸ਼ਾਮ ਘਰ-ਘਰ ਜਾ ਕੇ ਕਿਸਾਨ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸੂਬੇ ‘ਚ ਦਿੱਲੀ ਜਾਣ ਲਈ ਵਲੰਟੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਬੀਬੀਆਂ ਵੀ ਟਰੈਕਟਰ ਚਲਾਉਣ ਦੀ ਪ੍ਰੈਕਟਿਸ ਕਰ ਰਹੀਆਂ ਹਨ। ਦੋਆਬੇ ‘ਚ ਜਿੱਥੇ ਹਰ ਪਿੰਡ ਵਿਚੋਂ 10 ਤੋਂ 20 ਟਰੈਕਟਰ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਥੇ ਹੀ ਸੰਗਰੂਰ ਦੇ ਪਿੰਡ ਭੁੱਲਰਹੇੜੀ ‘ਚ ਇਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਹਰ ਪਰਿਵਾਰ ਦਾ ਇਕ ਮੈਂਬਰ ਦਿੱਲੀ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਇਕਾਈ ਪ੍ਰਧਾਨ ਜਸਬੀਰ ਸਿੰਘ, ਕਿਸਾਨ ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਦੀ ਅਗਵਾਈ ‘ਚ ਪਿੰਡ ਦੇ ਗੁਰੂਘਰ ਤੋਂ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਨੂੰ ਇਕੱਠੇ ਕੀਤਾ ਗਿਆ, ਜਿਸ ‘ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਪਿੰਡ ਦੇ ਹਰ ਘਰ ‘ਚੋਂ ਇਕ ਮੈਂਬਰ ਦਿੱਲੀ ਜ਼ਰੂਰ ਜਾਵੇਗਾ। ਜੇਕਰ ਕੋਈ ਵਿਅਕਤੀ ਟਰੈਕਟਰ ਲੈ ਕੇ ਦਿੱਲੀ ਨਹੀਂ ਜਾ ਸਕਦਾ ਤਾਂ ਉਸ ਦੇ ਪਰਿਵਾਰ ਨੂੰ 2100 ਰੁਪਏ ਦੀ ਪਰਚੀ ਕਟਵਾਉਣੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਚਾਹੇ ਜੁਰਮਾਨਾ ਸਮਝ ਲਓ ਚਾਹੇ ਟਰੈਕਟਰ ‘ਚ ਤੇਲ ਪਵਾਉਣ ਦਾ ਖਰਚਾ। ਪਿੰਡ ਦੀ ਇਕਾਈ ਵੱਲੋਂ ਫੈਸਲਾ ਕੀਤਾ ਗਿਆ ਕਿ 2600 ਵੋਟਾਂ ਅਤੇ 600 ਘਰਾਂ ਵਾਲੇ ਇਸ ਪਿੰਡ ਵਿਚੋਂ 100 ਟਰੈਕਟਰ ਦਿੱਲੀ ਪਰੇਡ ਲਈ ਭੇਜੇ ਜਾਣਗੇ।
ਜੁਰਮਾਨਾ ਲਗਾਉਣਾ ਪਿੰਡ ਵਾਲਿਆਂ ਦਾ ਨਿੱਜੀ ਫੈਸਲਾ : 30 ਕਿਸਾਨ ਜਥੇਬੰਦੀਆਂ ‘ਚ ਸਹਿਯੋਗੀ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਰਾਜ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਜੁਰਮਾਨੇ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ। ਪ੍ਰੰਤੂ ਇਹ ਪਿੰਡ ਵਾਸੀਆਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ। ਪਰੇਡ ਦੇ ਲਈ ਪਿੰਡ-ਪਿੰਡ ‘ਚ ਵਲੰਟੀਅਰਾਂ ਦੀ ਭਰਤੀ ਜ਼ਰੂਰ ਕੀਤੀ ਜਾ ਰਹੀ ਹੈ ਤਾਂ ਕਿ ਦਿੱਲੀ ਵਿਚ ਟਰੈਕਟਰ ਪਰੇਡ ਰਾਹੀਂ ਸ਼ਕਤੀ ਦਿਖਾਈ ਜਾ ਸਕੇ।
ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ ਨਾਲ : ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਗਰੂਰ ਦੇ ਪਿੰਡ ਬਹਾਦਰਪੁਰ, ਢੱਡਰੀਆਂ, ਰੱਤੋਕੇ, ਤਕੀਪੁਰ, ਉਭਾਵਾਲ, ਕੁਨਰਾ, ਲਿੱਦੜਾਂ, ਸਾਹੋਕੇ, ਚੱਠੇ ਆਦਿ ਪਿੰਡਾਂ ਵਿਚੋਂ ਲਗਭਗ 800 ਵਲੰਟੀਅਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਪੰਜਾਬ ਦੇ ਹੋਰ ਜ਼ਿਲ੍ਹਿਆਂ ‘ਚੋਂ ਵੀ ਨੌਜਵਾਨਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਦਿੱਲੀ ਟਰੈਕਟਰ ਲੈ ਕੇ ਜਾਣਗੇ।
ਕੋਈ ਪਰਿਵਾਰ ਜੇਕਰ ਦਿੱਲੀ ਜਾਣ ਤੋਂ ਜਾਣਬੁੱਝ ਕੇ ਕਰੇਗਾ ਇਨਕਾਰ ਤਾਂ ਨਹੀਂ ਦਿੱਤਾ ਜਾਵੇਗਾ ਸਾਥ
ਇਕਾਈ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਪਰਿਵਾਰ ਜਾਣ ਬੁੱਝ ਕੇ ਭਾਰਤੀ ਕਿਸਾਨ ਯੂਨੀਅਨ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਪਿੰਡ ਦੇ ਵਿਅਕਤੀ ਉਸ ਦੀ ਖੇਤੀ ਸਬੰਧੀ ਕਿਸੇ ਵੀ ਸਮੱਸਿਆ ‘ਚ ਉਸ ਦਾ ਸਾਥ ਨਹੀਂ ਦੇਣਗੇ। 20 ਜਨਵਰੀ ਨੂੰ ਪਿੰਡ ਤੋਂ ਟਰੈਕਟਰਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …