ਨਵੀਂ ਦਿੱਲੀ : ਦਿੱਲੀ ਤੋਂ ਭਾਜਪਾ ਦੇ ਚੋਣ ਨਿਸ਼ਾਨ ‘ਤੇ ਜਿੱਤ ਕੇ ਵਿਧਾਇਕ ਬਣਨ ਵਾਲੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਗੋਪਾਲ ਚਾਵਲਾ ਨਾਲ ਤਸਵੀਰ ਸਾਹਮਣੇ ਆਉਣ ‘ਤੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸੇ ਗੋਪਾਲ ਚਾਵਲਾ ਨਾਲ ਨਵਜੋਤ ਸਿੱਧੂ ਦੀਆਂ ਤਸਵੀਰਾਂ ਸਾਹਮਣੇ ਆਉਣ ‘ਤੇ ਉਸ ਨੂੰ ਦੇਸ਼ ਧਰੋਹੀ ਆਖਣ ਵਾਲੀ ਭਾਜਪਾ ਤੇ ਅਕਾਲੀ ਦਲ ਹੁਣ ਮਨਜਿੰਦਰ ਸਿੰਘ ਸਿਰਸਾ ਦੀਆਂ ਤਸਵੀਰਾਂ ਤੋਂ ਬਾਅਦ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ। ਦੋਵੇਂ ਨੇਤਾਵਾਂ ਦੀ ਪਾਕਿ ਦੀ ਸਰਜਮੀਂ ‘ਤੇ ਗੁਰਦੁਆਰਾ ਕੰਪਲੈਕਸ ਵਿਚ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਤੋਂ ਬਾਅਦ ਭਾਰਤ ਦੇ ਸਿੱਖ ਅਤੇ ਸਿਆਸੀ ਨੇਤਾਵਾਂ ਨੇ ਇਸ ਮੁਲਾਕਾਤ ਦੇ ਬਹਾਨੇ ਭਾਜਪਾ ‘ਤੇ ਸਿਆਸੀ ਹਮਲਾ ਬੋਲਦਿਆਂ ਪੁੱਛਿਆ ਕਿ ਇਹ ਉਹੀ ਗੋਪਾਲ ਸਿੰਘ ਚਾਵਲਾ ਹੈ, ਜਿਸ ਨਾਲ ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੱਥ ਮਿਲਾਉਂਦੇ ਹਨ ਤਾਂ ਉਹ ਦੇਸ਼ ਧ੍ਰੋਹੀ ਕਹੇ ਜਾਂਦੇ ਹਨ। ਅੱਜ ਭਾਜਪਾ ਦੇ ਵਿਧਾਇਕ ਜੱਫੀ ਪਾਉਂਦੇ ਹਨ ਤਾਂ ਕੀ ਭਾਜਪਾ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢੇਗੀ। ਹਾਲਾਂਕਿ ਸੋਸ਼ਲ ਮੀਡੀਆ ਵਿਚ ਹੋ ਰਹੀ ਆਲੋਚਨਾ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡੀਓ ਪਾਕਿਸਤਾਨ ਤੋਂ ਜਾਰੀ ਕਰ ਕੇ ਚਾਵਲਾ ਨਾਲ ਮੁਲਾਕਾਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚਾਵਲਾ ਸ਼ਰਾਰਤੀ ਇਨਸਾਨ ਹੈ। ਜਦੋਂ ਉਹ ਨਨਕਾਣਾ ਸਾਹਿਬ ਦੇ ਇਕ ਕਮਰੇ ਵਿਚ ਬੈਠ ਕੇ ਚਾਹ ਪੀ ਰਹੇ ਸਨ ਤਾਂ ਚਾਵਲਾ ਕਮਰੇ ਵਿਚ ਆ ਗਿਆ, ਜਿਸ ਤੋਂ ਬਾਅਦ ਉਹ ਕਮਰੇ ਵਿਚੋਂ ਉਠ ਕੇ ਬਾਹਰ ਆ ਗਏ, ਪਰ ਚਾਵਲਾ ਉਨ੍ਹਾਂ ਦੇ ਪਿੱਛੇ ਆ ਗਿਆ ਅਤੇ ਉਸਦੇ ਗੰਨਮੈਨ ਨੇ ਇਹ ਤਸਵੀਰ ਪਿੱਛਿਓਂ ਖਿੱਚ ਲਈ। ਉਧਰ ਦੂਜੇ ਪਾਸੇ ਗੋਪਾਲ ਸਿੰਘ ਚਾਵਲਾ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਹ ਸਿਰਸਾ ਨੂੰ ਮਿਲਿਆ ਵੀ ਹੈ ਅਤੇ ਜੱਫੀ ਵੀ ਪਾਈ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …