Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਵੀ ਕਰੋਨਾ ਨੇ ਪਸਾਰੇ ਪੈਰ

ਕੈਨੇਡਾ ‘ਚ ਵੀ ਕਰੋਨਾ ਨੇ ਪਸਾਰੇ ਪੈਰ

ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਨੂੰ ਟੱਪੀ ਤੇ ਮੌਤਾਂ ਵੀ 100 ਤੋਂ ਪਾਰ
ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 10 ਲੱਖ ਨੂੰ ਟੱਪੀ, ਅਮਰੀਕਾ, ਇਟਲੀ, ਸਪੇਨ ਤੇ ਜਰਮਨੀ ਦੀ ਹਾਲਤ ਸਭ ਤੋਂ ਵੱਧ ਚਿੰਤਾਜਨਕ
ਟੋਰਾਂਟੋ/ਬਿਊਰੋ ਨਿਊਜ਼
ਵਿਸ਼ਵ ਭਰ ਨੂੰ ਚਪੇਟ ਵਿਚ ਲੈਣ ਵਾਲੇ ਕਰੋਨਾ ਨੇ ਕੈਨੇਡਾ ਭਰ ਵਿਚ ਵੀ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਇਕ ਹਫ਼ਤੇ ਦੇ ਅੰਦਰ ਹੀ ਵੱਡੀ ਤਾਦਾਦ ਵਿਚ ਜਿੱਥੇ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ, ਉਥੇ ਹੀ ਮੌਤਾਂ ਦਾ ਅੰਕੜਾ ਵੀ 100 ਨੂੰ ਪਾਰ ਕਰ ਗਿਆ। ਖਬਰ ਲਿਖੇ ਜਾਣ ਤੱਕ ਕੈਨੇਡਾ ਵਿਚ 10 ਹਜ਼ਾਰ 132 ਕਰੋਨਾ ਤੋਂ ਪੀੜਤ ਮਰੀਜ਼ ਸਨ ਤੇ 401 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂਕਿ 131 ਮੌਤਾਂ ਹੋ ਚੁੱਕੀਆਂ ਸਨ। ਇਸ ਸਮੇਂ ਪੂਰੀ ਦੁਨੀਆ ਵਿਚ ਜਿੱਥੇ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 10 ਲੱਖ ਨੂੰ ਟੱਪ ਗਿਆ ਸੀ, ਉਥੇ ਹੀ ਪੂਰੇ ਵਿਸ਼ਵ ਵਿਚ 51 ਹਜ਼ਾਰ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ। ਅਮਰੀਕਾ, ਇਟਲੀ, ਸਪੇਨ, ਜਰਮਨੀ, ਫਰਾਂਸ, ਇਰਾਨ ਤੇ ਯੂ ਕੇ ਵੀ ਹੁਣ ਕਰੋਨਾ ਕਾਰਨ ਪੀੜਤ ਮੁਲਕਾਂ ਦੀ ਸੂਚੀ ਵਿਚ ਸਭ ਤੋਂ ਮੋਹਰੀ ਦੇਸ਼ ਬਣ ਗਏ ਹਨ।
ਭਾਰਤ ‘ਚ ਵਧਿਆ ਖਤਰਾ, ਤੀਜੀ ਸਟੇਜ ਵਿਚ ਦਾਖਲ ਹੋਣ ਨੂੰ ਕਰੋਨਾ ਹੋਇਆ ਕਾਹਲਾ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਨੂੰ ਲੈ ਕੇ ਹੁਣ ਸਥਿਤੀ ਤਣਾਅ ਵਾਲੀ ਬਣਦੀ ਜਾ ਰਹੀ ਹੈ। ਲੌਕਡਾਊਨ ਦੇ ਬਾਵਜੂਦ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਚਿੰਤਾ ਹੈ ਕਿ ਭਾਰਤ ‘ਚ ਕਰੋਨਾ ਤੀਜੀ ਸਟੇਜ ਵੱਲ ਨੂੰ ਵਧਣ ਲੱਗਾ ਹੈ। ਪੰਜਾਬ ‘ਚ ਜਿੱਥੇ ਪੀੜਤ ਮਰੀਜ਼ਾਂ ਦੀ ਗਿਣਤੀ 50 ਤੱਕ ਅੱਪੜ ਰਹੀ ਹੈ, ਉਥੇ ਹੀ 5 ਵਿਅਕਤੀ ਜਾਨ ਗੁਆ ਚੁੱਕੇ ਹਨ। ਹੁਣ ਤੱਕ 2500 ਤੋਂ ਵੱਧ ਮਰੀਜ਼ ਜਿੱਥੇ ਕਰੋਨਾ ਤੋਂ ਪੀੜਤ ਸਾਹਮਣੇ ਆ ਚੁੱਕੇ ਹਨ, ਉਥੇ ਹੀ 70 ਤੋਂ ਵੱਧ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।
ਕਿਊਬੈਕ, ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਸਭ ਤੋਂ ਵੱਧ ਪ੍ਰਭਾਵਿਤ
ਕੈਨੇਡਾ ‘ਚ ਕਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਕਿਊਬੈਕ ਤੇ ਓਨਟਾਰੀਓ ਖੇਤਰ ਹੋਏ ਹਨ। ਕਿਊਬੈਕ ਵਿਚ ਜਿੱਥੇ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ, ਉਥੇ ਹੀ ਮੌਤਾਂ ਸਭ ਤੋਂ ਵੱਧ ਓਨਟਾਰੀਓ ਖੇਤਰ ‘ਚ ਹੋਈਆਂ। ਖਬਰ ਲਿਖੇ ਜਾਣ ਤੱਕ ਓਨਟਾਰੀਓ ‘ਚ 4610 ਤੋਂ ਵੱਧ ਮਰੀਜ਼ ਤੇ 33 ਮੌਤਾਂ ਹੋ ਚੁੱਕੀਆਂ ਸਨ। ਇਸੇ ਤਰ੍ਹਾਂ ਓਨਟਾਰੀਓ ਵਿਚ 2800 ਦੇ ਕਰੀਬ ਮਰੀਜ਼ ਤੇ 53 ਮੌਤਾਂ ਹੋ ਚੁੱਕੀਆਂ ਸਨ। ਬ੍ਰਿਟਿਸ਼ ਕੋਲੰਬੀਆ ‘ਚ ਪੀੜਤਾਂ ਦੀ ਗਿਣਤੀ 1066 ਤੇ ਮੌਤਾਂ 25 ਸਨ। ਇਸ ਤੋਂ ਬਾਅਦ ਅਲਬਰਟਾ, ਸੈਸਕਾਵਿਚ, ਮੈਨੀਟੋਬਾ, ਨੋਵਾਸਕੋਟੀਆ ਤੇ ਨਿਊਫੋਂਡਲੈਂਡ ਲੈਬਰਾਡੋਰ ‘ਚ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਜਦੋਂਕਿ 1900 ਦੇ ਕਰੀਬ ਕਰੋਨਾ ਪੀੜਤ ਮਰੀਜ਼ ਸਿਹਤਯਾਬ ਵੀ ਹੋਏ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …