ਦੇਸ਼ ਵਿਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ : ਹਾਮਿਦ ਅੰਸਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਉਪ ਰਾਸ਼ਟਰਪਤੀ ਰਹੇ ਹਾਮਿਦ ਅੰਸਾਰੀ ਨੇ ਅਹੁਦਾ ਛੱਡਣ ਸਮੇਂ ਆਪਣੇ ਅੰਦਰ ਦਬਾਇਆ ਸੱਚ ਜਨਤਕ ਕਰ ਦਿੱਤਾ। ਬਤੌਰ ਉਪ ਰਾਸ਼ਟਰਪਤੀ ਕਾਰਜਕਾਲ ਪੂਰਾ ਹੋਣ ‘ਤੇ ਵਿਦਾਇਗੀ ਸਮਾਰੋਹ ਦੌਰਾਨ ਹਾਮਿਦ ਅੰਸਾਰੀ ਨੇ ਚਿੰਤਾ ਪ੍ਰਗਟਾਈ ਕਿ ਦੇਸ਼ ‘ਚ ਘੱਟ ਗਿਣਤੀ ਭਾਈਚਾਰੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਉਨ੍ਹਾਂ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਮੁਸਲਿਮ ਭਾਈਚਾਰੇ ਨੂੰ ਲੈ ਕੇ ਵੀ ਅਜਿਹੇ ਹੀ ਆਪਣੇ ਖੌਫ ਦਾ ਪ੍ਰਗਟਾਵਾ ਕੀਤਾ ਸੀ।
ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਵੀਰਵਾਰ ਨੂੰ ਕਿਹਾ ਕਿ ਜੇ ਸਰਕਾਰ ਦੀਆਂ ਨੀਤੀਆਂ ਦੀ ਆਜ਼ਾਦੀ ਤੇ ਬੇਬਾਕੀ ਨਾਲ ਆਲੋਚਨਾ ਦੀ ਖੁੱਲ੍ਹ ਨਹੀਂ ਦਿੱਤੀ ਜਾਂਦੀ ਤਾਂ ਜਮਹੂਰੀਅਤ ਵੀ ਤਾਨਾਸ਼ਾਹੀ ਵਿੱਚ ਬਦਲ ਸਕਦੀ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਵਜੋਂ ਆਪਣੇ ਦਹਾਕਾ ਲੰਬੇ ਕਾਰਜਕਾਲ ਦੇ ਆਖ਼ਰੀ ਦਿਨ ਆਪਣੀ ਵਿਦਾਇਗੀ ਤਕਰੀਰ ਦੌਰਾਨ ਅੰਸਾਰੀ ਨੇ ਕਿਹਾ ਕਿ ਰਾਜ ਸਭਾ ਦੇਸ਼ ਦੀ ਅਨੇਕਤਾ ਦਾ ਪ੍ਰਗਟਾਵਾ ਕਰਨ ਵਾਲਾ ਸਦਨ ਹੈ।
ਉਨ੍ਹਾਂ ਇਸ ਮੌਕੇ ਸਾਬਕਾ ਉਪ ਰਾਸ਼ਟਰਪਤੀ ਐਸ. ਰਾਧਾਕ੍ਰਿਸ਼ਨਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ, ”ਇਕ ਲੋਕਤੰਤਰ ਵੀ ਉਦੋਂ ਵਿਗੜ ਕੇ ਤਾਨਾਸ਼ਾਹੀ ਬਣ ਸਕਦਾ ਹੈ, ਜੇ ਇਹ ਵਿਰੋਧੀ ਗਰੁੱਪਾਂ ਨੂੰ ਆਜ਼ਾਦੀ, ਨਿਰਪੱਖਤਾ ਤੇ ਬੇਬਾਕੀ ਨਾਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਦੀ ਖੁੱਲ੍ਹ ਨਹੀਂ ਦਿੰਦਾ।” ਉਨ੍ਹਾਂ ਨਾਲ ਹੀ ਕਿਹਾ ਕਿ ਜਿਥੇ ਮੈਂਬਰਾਂ ਨੂੰ ‘ਆਲੋਚਨਾ ਕਰਨ ਦਾ ਪੂਰਾ ਹੱਕ ਹੈ, ਉਥੇ ਇਸ ਹੱਕ ਦੀ ਦੁਰਵਰਤੋਂ ਜਾਣ-ਬੁੱਝ ਕੇ ਸੰਸਦ ਦਾ ਕੰਮ-ਕਾਜ ਰੋਕਣ ਲਈ ਨਹੀਂ ਕੀਤੀ ਜਾਣੀ ਚਾਹੀਦੀ।ਅਸਲ ਵਿੱਚ ਸਾਰੇ ਗਰੁੱਪਾਂ ਦੇ ਹੱਕ ਵੀ ਹਨ ਤੇ ਜ਼ਿੰਮੇਵਾਰੀਆਂ ਵੀ। ”ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਖ਼ਾਸੀਅਤ ਇਸ ਵੱਲੋਂ ‘ਘੱਟਗਿਣਤੀਆਂ ਨੂੰ ਦਿੱਤੀ ਜਾਂਦੀ ਸੁਰੱਖਿਆ’ ਹੈ, ਪਰ ਘੱਟਗਿਣਤੀਆਂ ਦੀਆਂ ਵੀ ਜ਼ਿੰਮੇਵਾਰੀਆਂ ਹਨ। ਗ਼ੌਰਤਲਬ ਹੈ ਕਿ ਅੰਸਾਰੀ ਇਹ ਫ਼ੈਸਲਾ ਲੈਣ ਵਾਲਿਆਂ ਵਿੱਚ ਮੋਹਰੀ ਸਨ, ਕਿ ਸਦਨ ਵਿੱਚ ਕਾਨੂੰਨਾਂ ਨੂੰ ਸ਼ੋਰ-ਸ਼ਰਾਬੇ ਦੌਰਾਨ ਨਹੀਂ ਪਾਸ ਕੀਤਾ ਜਾਣਾ ਚਾਹੀਦਾ ਤੇ ਇਸ ਮਾਮਲੇ ਵਿੱਚ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ।
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਦਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਲਕ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ (ਅੰਸਾਰੀ) ਵਰਗੀਆਂ ਸ਼ਖ਼ਸੀਅਤਾਂ ਸਦਕਾ ਹੀ ਅੱਗੇ ਵਧ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਹੀ ਅਨਸਾਰੀ ਦੀ ਪੰਜ-ਪੰਜ ਸਾਲਾ ਮਿਆਦਾਂ ਲਈ ਦੋ ਵਾਰ ਉਪ ਰਾਸ਼ਟਰਪਤੀ ਵਜੋਂ ਚੋਣ ਹੋਈ ਸੀ। ਉਨ੍ਹਾਂ ਇਸ ਮੌਕੇ ਉਰਦੂ ਦੇ ਨਾਮੀ ਸ਼ਾਇਰ ਇਕਬਾਲ ਦਾ ਸ਼ੇਅਰ ਵੀ ਪੜ੍ਹਿਆ : ”ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਵਰਨਾ ਸਦੀਓਂ ਸੇ ਰਹਾ ਹੈ ਦੁਸ਼ਮਨ ਦੌਰ-ਏ-ਜ਼ਮਾਨਾ ਹਮਾਰਾ।” ਹੋਰ ਵੀ ਅਨੇਕਾਂ ਮੈਂਬਰਾਂ ਨੇ ਅੰਸਾਰੀ ਦੇ ਯੋਗਦਾਨ ਨੂੰ ਸਲਾਹਿਆ।