Breaking News
Home / ਹਫ਼ਤਾਵਾਰੀ ਫੇਰੀ / ਸਰਕਾਰ ਕਾਂਗਰਸ ਦੀ ਪਈ ‘ਆਪ’ ਦੇ ਰਾਹ

ਸਰਕਾਰ ਕਾਂਗਰਸ ਦੀ ਪਈ ‘ਆਪ’ ਦੇ ਰਾਹ

ਕੈਪਟਨ ਅਮਰਿੰਦਰ ਸਮੇਤ ਮੰਤਰੀਆਂ ਤੇ ਵਿਧਾਇਕਾਂ ਨੇ ਤਿਆਗੀ ਲਾਲ ਬੱਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕੈਪਟਨ ਸਰਕਾਰ ਬਣਦਿਆਂ ਹੀ ਐਕਸ਼ਨ ਮੋਡ ਵਿਚ ਆ ਗਈ ਹੈ। ਤੁਰੰਤ ਕੈਬਨਿਟ ਨੂੰ ਵਿਭਾਗ ਵੰਡ ਕੇ, ਬੈਠਕ ਕਰਕੇ ਵੱਡੇ ਫੈਸਲੇ ਲੈਂਦਿਆਂ ਅਮਰਿੰਦਰ ਸਿੰਘ ਨੇ ਫੌਜੀ ਸਟਾਇਲ ਵਿਚ ਪੰਜਾਬ ਦੀ ਬੇਹਤਰੀ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਖਰਚੇ ਘਟਾਉਣ ਅਤੇ ਸਾਦਗੀ ਦਿਖਾਉਣ ਲਈ ਲਏ ਗਏ ਫੈਸਲਿਆਂ ਵਿਚ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਵਿਧਾਇਕ ਤੱਕ ਕੋਈ ਵੀ ਲਾਲ ਬੱਤੀ ਨਹੀਂ ਲਗਾਏਗਾ, ਨਾ ਹੀ ਨੀਂਹ ਪੱਥਰ ਰੱਖੇ ਜਾਣਗੇ। ਸਾਬਕਾ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਆਦਿ ਦੀ ਸੁਰੱਖਿਆ ਵੀ ਘਟਾ ਦਿੱਤੀ ਗਈ ਹੈ। ਅਜਿਹੇ ਫੈਸਲੇ ਲੈ ਕੇ ਜਿੱਥੇ ਅਮਰਿੰਦਰ ਨੇ ਇਹ ਦਿਖਾਇਆ ਹੈ ਕਿ ਅਸੀਂ ਚੰਗਾ ਕੰਮ ਕਰਾਂਗੇ, ਉਥੇ ਚਰਚਾ ਇਹ ਵੀ ਹੈ ਕਿ ਕਹਿਣ ਨੂੰ ਤਾਂ ਸਰਕਾਰ ਕਾਂਗਰਸ ਦੀ ਹੈ ਪਰ ਇਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੁੱਦਿਆਂ ਨੂੰ ਧਿਆਨ ਵਿਚ ਰੱਖ ਕੇ ਹਰ ਕਦਮ ਪੁੱਟ ਰਹੀ ਹੈ। ਯਾਦ ਰਹੇ ਕਿ ਭਗਵੰਤ ਮਾਨ ਨੇ ਐਮ.ਪੀ. ਬਣਦਿਆਂ ਹੀ ਇਕ ਰਿਸ਼ਵਤ ਲੈਣ ਵਾਲੇ ਪੁਲਿਸ ਅਫ਼ਸਰ ਤੋਂ ਪੈਸੇ ਵਾਪਸ ਕਰਵਾਏ ਸਨ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸੇ ਤਰ੍ਹਾਂ ਵੀਰਵਾਰ ਵਾਲੇ ਦਿਨ ਮਨਪ੍ਰੀਤ ਸਿੰਘ ਬਾਦਲ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਖੁਦ ਦੋਰਾਹੇ ਲਾਗੇ ਟ੍ਰੈਫਿਕ ਪੁਲਿਸ ਕਰਮੀਆਂ ਨੂੰ ਰਿਸ਼ਵਤ ਲੈਂਦਿਆਂ ਆਪਣੇ ਕੈਮਰੇ ਵਿਚ ਕੈਦ ਕੀਤਾ ਤੇ ਪੁਲਿਸ ਅਫ਼ਸਰਾਂ ਨੂੰ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਆਖ ਦਿੱਤਾ। ਇੰਝ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਨਵੀਂ ਪੰਜਾਬ ਸਰਕਾਰ ਦੇ ਸ਼ੁਰੂਆਤੀ ਕਦਮ ਸ਼ਲਾਘਾਯੋਗ ਹਨ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਲਾਲ ਬੱਤੀ ਕਲਚਰ ਖਤਮ ਕਰਨ, ਕਿਸਾਨਾਂ ਦੇ ਕਰਜ਼ਿਆਂ ਦਾ ਨਿਬੇੜਾ ਕਰਨ ਲਈ ਵਜ਼ਾਰਤ ਦੀ ਸਬ ਕਮੇਟੀ ਬਣਾਉਣ, ਹਰ ਤਰ੍ਹਾਂ ਦੇ ਮਾਫੀਆ ਨੂੰ ਨੇਸਤੋ-ਨਾਬੂਦ ਕਰਨ ਲਈ ਟਾਸਕ ਫੋਰਸ ਕਾਇਮ ਕਰਨ, ਸ਼ਕਤੀਸ਼ਾਲੀ ਲੋਕਪਾਲ ਬਣਾਉਣ, ਡੀਟੀਓ ਦੇ ਦਫਤਰ ਖਤਮ ਕਰਨ ਸਮੇਤ ਸੌ ਤੋਂ ਵੱਧ ਅਹਿਮ ਫੈਸਲੇ ਕੀਤੇ ਹਨ। ਇਨ੍ਹਾਂ ਫੈਸਲਿਆਂ ਨਾਲ ਸੂਬੇ ਦੀ ਨੁਹਾਰ ਤੇ ਫ਼ਿਜ਼ਾ ਬਦਲਣ ਵਿੱਚ ਮਦਦ ਮਿਲੇਗੀ।

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …