-1.9 C
Toronto
Thursday, December 4, 2025
spot_img
Homeਹਫ਼ਤਾਵਾਰੀ ਫੇਰੀਮਹਿੰਗਾਈ ਨੂੰ ਟੱਕਰ ਦੇਣ ਆਏ ਕਾਂਗਰਸੀ ਆਪਸ 'ਚ ਟਕਰਾਏ

ਮਹਿੰਗਾਈ ਨੂੰ ਟੱਕਰ ਦੇਣ ਆਏ ਕਾਂਗਰਸੀ ਆਪਸ ‘ਚ ਟਕਰਾਏ

ਨਵਜੋਤ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ‘ਚ ਤਿੱਖੀ ਬਹਿਸ
ਚੰਡੀਗੜ੍ਹ ‘ਚ ਦੋਵਾਂ ਆਗੂਆਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ਼ ਲਗਾਏ ਨਾਅਰੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿਚ ਚੱਲ ਰਹੀ ਸਿਆਸੀ ਲੜਾਈ ਹੁਣ ਸੜਕ ਤੱਕ ਆ ਗਈ ਹੈ। ਵੀਰਵਾਰ ਨੂੰ ਮਹਿੰਗਾਈ ਦੇ ਖਿਲਾਫ ਪੰਜਾਬ ਕਾਂਗਰਸ ਦਾ ਚੰਡੀਗੜ੍ਹ ਵਿਚ ਵਿਰੋਧ ਪ੍ਰਦਰਸ਼ਨ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਪਸ ਵਿਚ ਹੀ ਉਲਝ ਗਏ। ਦੋਵਾਂ ਵਿਚਕਾਰ ਇਹ ਝਗੜਾ ਸਿੱਧੂ ਵਲੋਂ ਖੁਦ ਨੂੰ ਇਮਾਨਦਾਰ ਅਤੇ ਕੁਝ ਕਾਂਗਰਸੀਆਂ ਨੂੰ ਭ੍ਰਿਸ਼ਟ ਦੱਸਣ ਤੋਂ ਬਾਅਦ ਸ਼ੁਰੂ ਹੋਇਆ।
ਸਿੱਧੂ ਨੇ ਇਸ ਮੌਕੇ ਕਿਹਾ ਕਿ ਮੈਂ ਇਮਾਨਦਾਰ ਹਾਂ, ਪਰ ਕੁਝ ਲੋਕ ਬੇਈਮਾਨ ਹਨ, ਪਰ ਉਹ ਲੁੱਟ ਕਰਨ ਵਾਲਿਆਂ ਦਾ ਨਾਮ ਨਹੀਂ ਲੈਣਗੇ। ਜਿਸ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਵਲੋਂ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਤੁਸੀਂ ਦੱਸੋ ਬੇਈਮਾਨ ਕੌਣ ਹੈ? ਢਿੱਲੋਂ ਨੇ ਕਿਹਾ ਕਿ ਸਿੱਧੂ ਡਰਾਮੇ ਕਰ ਰਹੇ ਹਨ। ਇਸ ਤੋਂ ਬਾਅਦ ਸਿੱਧੂ ਅਤੇ ਢਿੱਲੋਂ ਵਿਚਾਲੇ ਬਹਿਸ ਇਥੋਂ ਤੱਕ ਵਧ ਗਈ ਕਿ ਦੋਵਾਂ ਦੇ ਸਮਰਥਕਾਂ ਨੇ ਇਕ ਦੂਜੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਦੂਜੇ ਕਾਂਗਰਸੀ ਆਗੂ ਉਥੋਂ ਖਿਸਕਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਕਾਂਗਰਸ ਦਾ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਵੀ ਸਮਾਪਤ ਹੋ ਗਿਆ।
ਧਿਆਨ ਰਹੇ ਕਿ ਨਵਜੋਤ ਸਿੱਧੂ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਸਿਆਸੀ ਸਰਗਰਮੀਆਂ ਵਧਾਈਆਂ ਹੋਈਆਂ ਹਨ ਅਤੇ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਵਜੋਤ ਸਿੱਧੂ ਨੇ ਪੰਜਾਬ ਵਿਚ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਮਨਜੂਰ ਨਹੀਂ ਹੋਇਆ ਹੈ। ਉਧਰ ਦੂਜੇ ਪਾਸੇ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਨੇ ਸਿੱਧੂ ਦੀ ਟੈਨਸ਼ਨ ਹੋਰ ਵਧਾ ਦਿੱਤੀ ਹੈ।
ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਮਿਲ ਸਕਦਾ ਹੈ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਸਿਆਸੀ ਪਾਰਾ ਕਿੱਧਰ ਨੂੰ ਜਾਂਦਾ ਹੈ।

RELATED ARTICLES
POPULAR POSTS